ਡੇਂਗੂ ਤੋਂ ਡਰਨ ਦੀ ਨਹੀਂ, ਸਾਵਧਾਨ ਰਹਿਣ ਦੀ ਲੋੜ : ਡਾ. ਕਵਿਤਾ ਸਿੰਘ
ਰਾਸ਼ਟਰੀ ਡੇਂਗੂ ਦਿਵਸ ਮੌਕੇ ਜੀ.ਏ.ਵੀ ਜੈਨ ਆਦਰਸ਼ ਵਿਦਿਆਲਯ ਵਿੱਚ ਜ਼ਿਲ੍ਹਾ ਪੱਧਰੀ ਜਾਗਰੂਕਤਾ ਸਮਾਗਮ
Publish Date: Sat, 16 May 2026 03:43 PM (IST)
Updated Date: Sat, 16 May 2026 03:45 PM (IST)

ਰਮਨ ਕੁਮਾਰ.ਪੰਜਾਬੀ ਜਾਗਰਣ ਫਾਜ਼ਿਲਕਾ : ਜ਼ਿਲ੍ਹਾ ਸਿਹਤ ਵਿਭਾਗ ਫਾਜ਼ਿਲਕਾ ਵੱਲੋਂ ਰਾਸ਼ਟਰੀ ਡੇਂਗੂ ਦਿਵਸ ਦੇ ਸਬੰਧ ਵਿੱਚ ਜੀ.ਏ.ਵੀ ਜੈਨ ਆਦਰਸ਼ ਵਿਦਿਆਲਯ, ਚੁਆੜਿਆਂ ਵਾਲੀ ਵਿਖੇ ਜ਼ਿਲ੍ਹਾ ਪੱਧਰੀ ਜਾਗਰੂਕਤਾ ਸਮਾਗਮ ਕਰਵਾਇਆ ਗਿਆ। ਇਹ ਸਮਾਗਮ ਸਿਵਲ ਸਰਜਨ ਡਾ. ਕਵਿਤਾ ਸਿੰਘ ਦੀ ਅਗਵਾਈ ਤੇ ਡਾ. ਸੁਨੀਤਾ ਕੰਬੋਜ਼, ਜ਼ਿਲ੍ਹਾ ਐਪੀਡਮੈਲੋਜਿਸਟ ਦੀ ਦੇਖ-ਰੇਖ ਹੇਠ ਆਯੋਜਿਤ ਕੀਤਾ ਗਿਆ। ਇਸ ਮੌਕੇ ਡਾ. ਕਵਿਤਾ ਸਿੰਘ ਨੇ ਕਿਹਾ ਕਿ ਹਰ ਸਾਲ 16 ਮਈ ਨੂੰ ਰਾਸ਼ਟਰੀ ਡੇਂਗੂ ਦਿਵਸ ਮਨਾਉਣ ਦਾ ਮਕਸਦ ਲੋਕਾਂ ਨੂੰ ਡੇਂਗੂ ਬਿਮਾਰੀ ਤੋਂ ਬਚਾਅ ਅਤੇ ਇਸਦੇ ਇਲਾਜ ਸਬੰਧੀ ਜਾਗਰੂਕ ਕਰਨਾ ਹੈ। ਉਨ੍ਹਾਂ ਕਿਹਾ ਕਿ ਡੇਂਗੂ ਤੋਂ ਡਰਨ ਦੀ ਲੋੜ ਨਹੀਂ, ਸਗੋਂ ਸਾਵਧਾਨੀਆਂ ਅਪਣਾ ਕੇ ਇਸ ਬਿਮਾਰੀ ਤੋਂ ਬਚਿਆ ਜਾ ਸਕਦਾ ਹੈ। ਡਾ. ਸੁਨੀਤਾ ਕੰਬੋਜ਼ ਨੇ ਦੱਸਿਆ ਕਿ ਡੇਂਗੂ ਏਡੀਜ਼ ਅਜਿਪਟੀ ਮੱਛਰ ਦੇ ਕੱਟਣ ਨਾਲ ਫੈਲਦਾ ਹੈ, ਜੋ ਸਾਫ਼ ਖੜ੍ਹੇ ਪਾਣੀ ਵਿੱਚ ਪੈਦਾ ਹੁੰਦਾ ਹੈ ਅਤੇ ਜ਼ਿਆਦਾਤਰ ਦਿਨ ਵੇਲੇ ਕੱਟਦਾ ਹੈ। ਉਨ੍ਹਾਂ ਲੋਕਾਂ ਨੂੰ ਕੂਲਰਾਂ, ਗਮਲਿਆਂ, ਫ੍ਰਿਜ ਦੀਆਂ ਟ੍ਰੇਆਂ ਅਤੇ ਪਾਣੀ ਵਾਲੇ ਹੋਰ ਭਾਂਡਿਆਂ ਨੂੰ ਹਫ਼ਤੇ ਵਿੱਚ ਇੱਕ ਵਾਰ ਜ਼ਰੂਰ ਸਾਫ਼ ਕਰਨ ਦੀ ਅਪੀਲ ਕੀਤੀ। ਇਸਦੇ ਨਾਲ ਹੀ ਪੂਰੇ ਸ਼ਰੀਰ ਨੂੰ ਢੱਕਣ ਵਾਲੇ ਕੱਪੜੇ ਪਹਿਨਣ, ਮੱਛਰਦਾਨੀ ਵਰਤਣ ਅਤੇ ਬੁਖਾਰ ਹੋਣ ਤੇ ਐਸਪਰੀਨ ਜਾਂ ਬਰੂਫਿਨ ਦੀ ਬਜਾਏ ਸਿਰਫ਼ ਪੈਰਾਸਿਟਾਮੋਲ ਲੈਣ ਦੀ ਸਲਾਹ ਦਿੱਤੀ ਗਈ। ਵਿਨੋਦ ਖੁਰਾਣਾ, ਮਨਬੀਰ ਸਿੰਘ ਅਤੇ ਦਿਵਸ਼ ਕੁਮਾਰ ਨੇ ਦੱਸਿਆ ਕਿ ਜੇਕਰ ਕਿਸੇ ਵਿਅਕਤੀ ਨੂੰ ਤੇਜ਼ ਬੁਖਾਰ, ਸਿਰ ਦਰਦ, ਅੱਖਾਂ ਪਿੱਛੇ ਦਰਦ, ਮਾਸਪੇਸ਼ੀਆਂ ਵਿੱਚ ਦਰਦ ਜਾਂ ਨੱਕ ਅਤੇ ਮਸੂੜਿਆਂ ਵਿੱਚੋਂ ਖੂਨ ਆਉਣ ਵਰਗੇ ਲੱਛਣ ਨਜ਼ਰ ਆਉਣ ਤਾਂ ਤੁਰੰਤ ਨੇੜਲੇ ਸਰਕਾਰੀ ਸਿਹਤ ਕੇਂਦਰ ਵਿੱਚ ਟੈਸਟ ਅਤੇ ਇਲਾਜ ਕਰਵਾਉਣਾ ਚਾਹੀਦਾ ਹੈ। ਉਨ੍ਹਾਂ ਦੱਸਿਆ ਕਿ ਡੇਂਗੂ ਦਾ ਟੈਸਟ ਅਤੇ ਇਲਾਜ ਸਾਰੇ ਸਰਕਾਰੀ ਹਸਪਤਾਲਾਂ ਵਿੱਚ ਮੁਫ਼ਤ ਉਪਲਬਧ ਹੈ। ਇਸ ਮੌਕੇ ਪ੍ਰਿੰਸੀਪਲ ਨਰੇਸ਼ ਸਪੜਾ, ਵਾਈਸ ਪ੍ਰਿੰਸੀਪਲ ਸ਼ਿਨਮ ਧੂੜਿਆ , ਵਿੱਕੀ ਕੁਮਾਰ, ਸਵਰਨ ਸਿੰਘ, ਸੁਨੀਤਾ ਰਾਣੀ, ਗੁਰਜੰਟ ਸਿੰਘ, ਸਮੂਹ ਅਧਿਆਪਕ ਅਤੇ ਵਿਦਿਆਰਥੀ ਹਾਜ਼ਰ ਸਨ।