ਸਰਕਾਰਾਂ ਤੋਂ ਨਾ-ਉਮੀਦਾਂ ਸਮਾਜ ਸੇਵੀ ਬੰਨ੍ਹਣਗੇ ਦਰਿਆਵਾਂ 'ਤੇ ਨੋਚਾਂ
ਸਰਕਾਰਾਂ ਤੋਂ ਨਾ-ਉਮੀਦਾਂ ਸਮਾਜ ਸੇਵੀ ਬੰਨ੍ਹਣਗੇ ਦਰਿਆਵਾਂ 'ਤੇ ਨੋਚਾਂ
Publish Date: Fri, 15 May 2026 06:36 PM (IST)
Updated Date: Fri, 15 May 2026 06:36 PM (IST)

ਪਰਮਿੰਦਰ ਸਿੰਘ ਥਿੰਦ,ਪੰਜਾਬੀ ਜਾਗਰਣ ਫਿਰੋਜ਼ਪੁਰ : ਬੀਤੇ ਸਾਲ 2025 ਦੋਰਾਨ ਪੰਜਾਬ ਵਿੱਚ ਆਏ ਹੱੜ੍ਹਾਂ ਮਗਰੋਂ ਦੁਨੀਆਂ ਭਰ ਵਿੱਚ ਲੋਕਾਂ ਦੀ ਸੇਵਾ ਕਰਨ ਵਾਲੇ ਪੰਜਾਬੀਆਂ ਨੇ ਪੰਜਾਬ ਦਾ ਅਜਿਹਾ ਰੁੱਖ ਕੀਤਾ ਕਿ ਹੱੜ੍ਹਾਂ ਜਿਹੀ ਕੁਦਰਤੀ ਆਫਤ ਮੌਕੇ ਵੱਕਤੀ ਮਦਦ ਤੋਂ ਬਾਅਦ ਸਰਹੱਦੀ ਦਰਿਆਈ ਲੋਕਾਂ ਦੇ ਮੁੱੜ ਵਸੇਬੇ ਤੱਕ ਨੂੰ ਅੰਜਾਮ ਦਿੱਤਾ। ਹੁਣ ਜਦੋਂ ਮੋਨਸੂਨ ਦੇ ਆਉਣ ਵਿੱਚ ਕੋਈ ਬਹੁਤਾ ਸਮਾਂ ਨਹੀਂ ਰਹਿ ਗਿਆ ਤਾਂ ਹੜ੍ਹਾਂ ਤੋਂ ਬਚਾਅ ਲਈ ਸਰਕਾਰਾਂ ਵੱਲੋਂ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਨੂੰ ਨਾਕਾਫੀ ਮੰਨਦਿਆਂ ਕਈ ਸਮਾਜ ਸੇਵੀ ਜਥੇਬੰਦੀਆਂ ਮੁੱੜ ਸਰਗਰਮ ਹੋ ਰਹੀਆਂ ਹਨ। ਇਸੇ ਸਿਲਸਿਲੇ ਵਜੋਂ ਯੁਨਾਈਟਿਡ ਸਿੱਖਸ ਸੰਸਥਾ ਵੱਲੋਂ ਪਿੰਡ ਬਸਤੀ ਰਾਮ ਲਾਲ ਵਿਖੇ ਐਤਵਾਰ ਨੂੰ ਸਤਲੁਜ ਦਰਿਆ ਤੇ ਨੋਚਾਂ ਬੰਨ੍ਹਣ ਦਾ ਸ਼ੁਭ ਆਰੰਭ ਹੋਵੇਗਾ। ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਯੁਨਾਈਟਿਡ ਸਿੱਖਸ ਦੇ ਫਿਰੋਜਪੁਰ ਦੇ ਇੰਚਾਰਜ ਜਗਮੀਤ ਸਿੰਘ ਨੇ ਦੱਸਿਆ ਗਿਆ ਕਿ“ਮਾਨਸ ਕੀ ਜਾਤ ਸਬੈ ਏਕੈ ਪਹਿਚਾਨਬੋ” ਦੇ ਸੰਦੇਸ਼ ਨੂੰ ਸਮਰਪਿਤ ਇਸ ਸੇਵਾ ਕਾਰਜ ਦਾ ਆਯੋਜਨ ਯੂਨਾਈਟਿਡ ਸਿੱਖਸ ਵੱਲੋਂ ਸੰਗਤਾਂ ਦੇ ਸਹਿਯੋਗ ਨਾਲ ਕੀਤਾ ਜਾ ਰਿਹਾ ਹੈ। ਇਸ ਦੌਰਾਨ ਸਤਲੁਜ ਦਰਿਆ ਵਿੱਚ ਪੱਥਰ ਦੀਆਂ ਨੋਚਾਂ (Stud) ਲਗਾਉਣ ਦੀ ਸੇਵਾ ਦੀ ਆਰੰਭਤਾ ਕੀਤੀ ਜਾਵੇਗੀ, ਜਿਸ ਦਾ ਉਦੇਸ਼ ਦਰਿਆ ਦੇ ਕੰਢਿਆਂ ਦੀ ਮਜ਼ਬੂਤੀ ਅਤੇ ਕੁਦਰਤੀ ਸੰਭਾਲ ਨੂੰ ਯਕੀਨੀ ਬਣਾਉਣਾ ਹੈ। ਓਹਨਾ ਦੱਸਿਆ ਕਿ ਫ਼ਿਰੋਜ਼ਪੁਰ ਦੇ ਨਾਲ ਲੱਗਦੇ ਸਤਲੁਜ ਦੇ ਕਿਨਾਰਿਆਂ ਤੇ 15 ਦੇ ਕਰੀਬ ਮਜ਼ਬੂਤ ਨੋਚਾਂ ਬਣਾਈਆਂ ਜਾਣਗੀਆਂ, ਜਿੰਨ੍ਹਾ ’ਤੇ ਕਰੋੜਾਂ ਰੁਪਏ ਖਰਚ ਹੋਣਗੇ। ਜਗਮੀਤ ਸਿੰਘ ਨੇ ਕਿਹਾ ਕਿ 17 ਮਈ, ਦਿਨ ਐਤਵਾਰ ਨੂੰ ਸਵੇਰੇ 9:30 ਵਜੇ ਬਸਤੀ ਰਾਮ ਲਾਲ, ਦਰਿਆ ਦੇ ਕੰਢੇ ਆਯੋਜਿਤ ਕੀਤੇ ਜਾ ਰਹੇ ਇਸ ਸਮਾਰੋਹ ਵਿਚ ਜਿਥੇ ਰਾਜਨੀਤਕ ਲੋਕ ਹਾਜ਼ਰੀ ਭਰਨਗੇ ਉਥੇ ਸੰਤ ਮਹਾਂਪੁਰਸ਼ਾਂ ਵੀ ਵਿਸ਼ੇਸ਼ ਤੌਰ ਤੇ ਪਹੁੰਚਣਗੇ। ਯੂਨਾਈਟਿਡ ਸਿੱਖਸ ਦੇ ਪ੍ਰਤੀਨਿਧੀਆਂ ਨੇ ਦੱਸਿਆ ਕਿ ਅਜਿਹੇ ਸੇਵਾ ਕਾਰਜ ਨਾ ਸਿਰਫ਼ ਵਾਤਾਵਰਣ ਦੀ ਸੰਭਾਲ ਲਈ ਮਹੱਤਵਪੂਰਨ ਹਨ, ਸਗੋਂ ਸਮਾਜ ਵਿੱਚ ਸੇਵਾ ਅਤੇ ਏਕਤਾ ਦੀ ਭਾਵਨਾ ਨੂੰ ਵੀ ਮਜ਼ਬੂਤ ਕਰਦੇ ਹਨ। ਇਸ ਮੌਕੇ ਬਸਤੀ ਰਾਮ ਲਾਲ ਦੇ ਸਰਪੰਚ ਜਰਮਲ ਸਿੰਘ, ਦਲਜਿੰਦਰ ਸਿੰਘ ਮੰਗਾ ਵੀ ਹਾਜ਼ਰ ਸਨ। ਇਸ ਨਿਵੇਕਲੇ ਉਪਰਾਲੇ ਦੀ ਪੂਰੇ ਇਲਾਕੇ ਵਿਚ ਚਰਚਾ ਹੈ।