ਠਾਕੁਰ ਜੀ ਦੇ ਭਜਨਾਂ 'ਤੇ ਝੂਮੇ ਸ਼ਰਧਾਲੂ
ਠਾਕੁਰ ਜੀ ਦੇ ਭਜਨਾਂ 'ਤੇ ਝੂਮ ਉੱਠੇ ਸ਼ਰਧਾਲੂ
Publish Date: Wed, 27 May 2026 07:10 PM (IST)
Updated Date: Wed, 27 May 2026 07:13 PM (IST)

ਬੰਪਲ ਭਠੇਜਾ. ਪੰਜਾਬੀ ਜਾਗਰਣ ਜਲਾਲਾਬਾਦ : ਜਨਮਦਿਨ ਦੇ ਪਾਵਨ ਮੌਕੇ ਤੇ ਜਲਾਲਾਬਾਦ ਦੇ ਪ੍ਰਾਚੀਨ ਸਿੱਧ ਸ਼੍ਰੀ ਬਾਂਕੇ ਬਿਹਾਰੀ ਮੰਦਰ ਵਿੱਚ ਵਿਸ਼ਾਲ ਭਜਨ ਸੰਧਿਆ ਦਾ ਆਯੋਜਨ ਕੀਤਾ ਗਿਆ, ਜਿਸ ਦੌਰਾਨ ਪੂਰਾ ਮੰਦਰ ਪਰਿਸਰ ਭਗਤੀ ਰਸ ਵਿੱਚ ਰੰਗਿਆ ਨਜ਼ਰ ਆਇਆ। ਇਹ ਧਾਰਮਿਕ ਸਮਾਗਮ ਪ੍ਰਸਿੱਧ ਸਮਾਜ ਸੇਵਕ ਜਨਕ ਰਾਜ ਲੂਨਾ ਪਰਿਵਾਰ ਵੱਲੋਂ ਆਪਣੇ ਸਪੁੱਤਰ ਰਾਹੁਲ ਲੂਨਾ ਦੇ ਜਨਮਦਿਨ ਦੇ ਉਪਲੱਖ ਵਿੱਚ ਕਰਵਾਇਆ ਗਿਆ। ਸਮਾਗਮ ਦੌਰਾਨ ਠਾਕੁਰ ਜੀ ਦੇ ਦਰਬਾਰ ਵਿੱਚ ਭਜਨਾਂ ਦੀ ਐਸੀ ਸਰਗਮ ਛਿੜੀ ਕਿ ਸ਼ਰਧਾਲੂ ਭਗਤੀ ਵਿੱਚ ਲੀਨ ਹੋ ਕੇ ਝੂਮ ਉੱਠੇ। ਭਜਨ ਸੰਧਿਆ ਤੋਂ ਪਹਿਲਾਂ ਜਨਕ ਰਾਜ ਲੂਨਾ, ਉਨ੍ਹਾਂ ਦੀ ਧਰਮਪਤਨੀ ਅਤੇ ਰਾਹੁਲ ਲੂਨਾ ਵੱਲੋਂ ਵਿਧੀ-ਵਿਧਾਨ ਨਾਲ ਪੂਜਾ-ਅਰਚਨਾ ਕੀਤੀ ਗਈ। ਇਹ ਰਸਮ ਆਚਾਰੀਆ ਰਾਹੁਲ ਜੀ ਨੇ ਮੰਤਰ ਉਚਾਰਨ ਨਾਲ ਸੰਪੰਨ ਕਰਵਾਈ। ਇਸ ਤੋਂ ਬਾਅਦ ਸ਼੍ਰੀ ਰਾਧਾ ਕ੍ਰਿਸ਼ਨ ਭਜਨ ਮੰਡਲ ਦੇ ਮੈਂਬਰਾਂ ਧਰਮਿੰਦਰ ਵਰਮਾ, ਪਾਇਲ ਵਰਮਾ, ਰਾਜੇਸ਼ ਚੁੱਘ, ਬੱਬੂ ਡੁਮੜਾ, ਜਸਕੀਰਤ, ਰਾਕੇਸ਼ ਕੁਸ਼ਵਾਹਾ ਅਤੇ ਹਰਿੰਦਰ ਗਗਨੇਜਾ ਨੇ ਹਨੂਮਾਨ ਚਾਲੀਸਾ ਦੇ ਪਾਠ ਨਾਲ ਭਜਨਾਂ ਦੀ ਸ਼ੁਰੂਆਤ ਕੀਤੀ। ਭਜਨ ਮੰਡਲੀ ਦੀ ਮੈਂਬਰ ਪਾਇਲ ਬਿਟੀਆ ਨੇ ਜਿਵੇਂ ਹੀ “ਦਿਲ ਤੋ ਮੇਰਾ ਲੂਟ ਲਿਆ ਕਾਲੇ ਨੇ” ਭਜਨ ਗਾਇਆ ਤਾਂ ਮੰਦਰ ਵਿੱਚ ਬੈਠੀ ਸੰਗਤ ਭਗਤੀ ਦੇ ਰੰਗ ਵਿੱਚ ਰੰਗ ਗਈ। ਇਸ ਤੋਂ ਬਾਅਦ “ਸਈਓ ਨੀ ਮੇਰਾ ਸ਼ਿਆਮ ਕਾਲੇ ਰੰਗ ਦਾ”, “ਇੱਕ ਰਾਧਾ ਇੱਕ ਮੀਰਾ” ਅਤੇ “ਮੈਂ ਤੈਨੂੰ ਪੁਕਾਰੇ ਜਾਵਾਂਗਾ” ਵਰਗੇ ਸੁਰੀਲੇ ਭਜਨਾਂ ਨੇ ਪੂਰੇ ਮਾਹੌਲ ਨੂੰ ਭਗਤੀਮਈ ਬਣਾ ਦਿੱਤਾ। ਭਜਨਾਂ ਦੌਰਾਨ ਮੰਦਰ ਦਾ ਵਿਹੜਾ ਸਾਖਸ਼ਾਤ ਵ੍ਰਿੰਦਾਵਨ ਧਾਮ ਵਰਗਾ ਪ੍ਰਤੀਤ ਹੋ ਰਿਹਾ ਸੀ। ਸ਼ਰਧਾਲੂ ਠਾਕੁਰ ਜੀ ਦੇ ਚਰਨਾਂ ਵਿੱਚ ਲੀਨ ਹੋ ਕੇ ਭਾਵਨਾ ਵਿੱਚ ਵਹਿ ਰਹੇ ਸਨ। ਸਮਾਗਮ ਦੇ ਅੰਤ ਵਿੱਚ ਸਮੂਹਿਕ ਆਰਤੀ ਕੀਤੀ ਗਈ ਅਤੇ ਠਾਕੁਰ ਜੀ ਨੂੰ ਭੋਗ ਲਗਾ ਕੇ ਸੰਗਤ ਵਿੱਚ ਪ੍ਰਸਾਦ ਵੰਡਿਆ ਗਿਆ। ਇਸ ਮੌਕੇ ਜਨਕ ਰਾਜ ਲੂਨਾ ਨੇ ਕਿਹਾ ਕਿ ਜਦੋਂ ਤੋਂ ਉਨ੍ਹਾਂ ਦਾ ਪਰਿਵਾਰ ਸ਼੍ਰੀ ਬਾਂਕੇ ਬਿਹਾਰੀ ਮੰਦਰ ਨਾਲ ਜੁੜਿਆ ਹੈ, ਠਾਕੁਰ ਜੀ ਨੇ ਉਨ੍ਹਾਂ ਦੀ ਹਰ ਮਨੋਕਾਮਨਾ ਪੂਰੀ ਕੀਤੀ ਹੈ। ਉਨ੍ਹਾਂ ਕਿਹਾ ਕਿ ਆਪਣੇ ਬੇਟੇ ਦਾ ਜਨਮਦਿਨ ਠਾਕੁਰ ਜੀ ਦੇ ਚਰਨਾਂ ਵਿੱਚ ਮਨਾਉਣਾ ਉਨ੍ਹਾਂ ਲਈ ਸਭ ਤੋਂ ਵੱਡੀ ਖੁਸ਼ਕਿਸਮਤੀ ਹੈ। ਇਸ ਧਾਰਮਿਕ ਸਮਾਗਮ ਦੌਰਾਨ ਮੰਦਰ ਦੇ ਸੇਵਾਦਾਰ ਕੇਵਲ ਕਿਸ਼ਨ ਨਾਰੰਗ, ਰਾਜਕੁਮਾਰ ਬਜਾਜ (ਰਾਜੂ), ਮੰਜ਼ੂ ਬਜਾਜ, ਨੀਲਮ ਗੋਇਲ, ਸੰਦੀਪ ਇਚਪਚਾਨੀ, ਅਸ਼ੋਕ ਕੁੱਕੜ, ਰਾਜੇਸ਼ ਚੁੱਘ, ਬੱਬੂ ਡੁਮੜਾ, ਧਰਮਿੰਦਰ ਵਰਮਾ ਅਤੇ ਹੋਰ ਕਈ ਮੰਦਰ ਕਮੇਟੀ ਮੈਂਬਰਾਂ ਵੱਲੋਂ ਲੂਨਾ ਪਰਿਵਾਰ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ।