ਡੀਸੀ ਵੰਡੀ ਜਾਣ ਵਾਲੀ 40 ਗੱਟੇ ਫੀਡ ਘਰ 'ਚੋਂ ਬਰਾਮਦ, ਜਾਂਚ ਦੇ ਹੁਕਮ
ਡਿਪਟੀ ਕਮਿਸ਼ਨਰ ਵਲੋਂ ਹੜ੍ਹ ਪੀੜਤਾਂ ਨੂੰ ਵੰਡੀ ਜਾਣ ਵਾਲੀ 40 ਗੱਟੇ ਫੀਡ ਇਕ ਘਰ 'ਚੋ ਬਰਾਮਦ ਕੀਤੀ , ਜਾਂਚ ਦੇ ਹੁਕਮ
Publish Date: Mon, 01 Sep 2025 05:35 PM (IST)
Updated Date: Mon, 01 Sep 2025 05:37 PM (IST)

ਰਿਤਿਸ਼ ਕੁੱਕੜ.ਪੰਜਾਬੀ ਜਾਗਰਣ ਫਾਜ਼ਿਲਕਾ : ਫਾਜ਼ਿਲਕਾ ਦੇ ਡਿਪਟੀ ਕਮਿਸ਼ਨਰ ਨੇ ਸੋਮਵਾਰ ਨੂੰ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਮਿਲ ਕੇ ਇੱਕ ਘਰ ਤੇ ਛਾਪਾ ਮਾਰਿਆ। ਜਿੱਥੋਂ ਹੜ੍ਹ ਪੀੜਤਾਂ ਵਿੱਚ ਵੰਡੇ ਜਾਣ ਵਾਲੇ ਪਸ਼ੂ ਚਾਰੇ ਦੇ 40 ਥੈਲੇ ਬਰਾਮਦ ਕੀਤੇ ਗਏ। ਡਿਪਟੀ ਕਮਿਸ਼ਨਰ ਅਮਰਪ੍ਰੀਤ ਕੌਰ ਸੰਧੂ ਨੇ ਦੱਸਿਆ ਕਿ ਹੜ੍ਹ ਪ੍ਰਭਾਵਿਤ ਪਿੰਡਾਂ ਦੇ ਲੋਕਾਂ ਵਲੋਂ ਉਨ੍ਹਾਂ ਨੂੰ ਸ਼ਿਕਾਇਤਾਂ ਕੀਤੀਆਂ ਜਾ ਰਹੀਆਂ ਸਨ ਕਿ ਉਨ੍ਹਾਂ ਨੂੰ ਪਸ਼ੂਆਂ ਦੀ ਫੀਡ ਨਹੀਂ ਮਿਲ ਰਹੀ। ਜਦੋਂ ਇਸ ਉਤੇ ਕਾਰਵਾਈ ਕਰਦੇ ਹੋਏ ਡਿਪਟੀ ਕਮਿਸ਼ਨਰ ਅਮਰਪ੍ਰੀਤ ਕੌਰ ਸੰਧੂ ਵਲੋਂ ਸਮੂਹ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਪਿੰਡ ਦੇ ਦੌਰੇ ਦੌਰਾਨ ਸੂਚਨਾ ਦੇ ਆਧਾਰ ਉਤੇ ਇਕ ਘਰ ਅੰਦਰ ਚੈਕਿੰਗ ਕੀਤੀ ਗਈ ਤਾਂ ਉਥੇ 40 ਗੱਟੇ ਮਾਰਕਫੈੱਡ ਕੰਪਨੀ ਦੀ ਫੀਡ ਬ੍ਰਾਮਦ ਕੀਤੀ ਗਈ। ਉਨ੍ਹਾਂ ਕਿਹਾ ਕਿ ਇਹ ਫੀਡ ਦੇ ਗੱਟੇ ਨੂੰ ਇਕ ਪਿੰਡ ਦੇ ਸਰਪੰਚ ਵਲੋਂ ਵੰਡਣ ਦੀ ਬਜਾਏ ਕਿਸੇ ਘਰ ਵਿਚ ਰਖਵਾ ਦਿੱਤੇ ਗਏ। ਡਿਪਟੀ ਕਮਿਸ਼ਨਰ ਅਮਰਪ੍ਰੀਤ ਕੌਰ ਸੰਧੂ ਵਲੋਂ ਗੱਲਬਾਤ ਕਰਦਿਆਂ ਦੱਸਿਆ ਕਿ ਉਨ੍ਹਾਂ ਵਲੋਂ ਇਸ ਦੀ ਜਾਂਚ ਕੀਤੀ ਜਾਵੇਗੀ ਅਤੇ ਇਹ ਫੀਡ ਨੂੰ ਹੁਣ ਸਰਪੰਚਾਂ ਰਾਹੀਂ ਨਹੀਂ ਬਲਕਿ ਪਟਵਾਰੀ ਰਾਹੀਂ ਲੋੜਵੰਦਾਂ ਤੱਕ ਪਹੁੰਚਾਈ ਜਾਵੇਗੀ। ਉਨ੍ਹਾਂ ਦੱਸਿਆ ਕਿ ਬਿਨਾਂ ਪਸ਼ੂਆਂ ਦਾ ਚਾਰਾ ਸਟੋਰ ਕਰਨ ਦੀ ਜਾਂਚ ਕੀਤੀ ਜਾਵੇਗੀ। ਉਧਰ ਫਾਜ਼ਿਲਕਾ ਦੇ ਵਿਧਾਇਕ ਨਰਿੰਦਰ ਪਾਲ ਸਿੰਘ ਸਵਨਾ ਨੇ ਕਿਹਾ ਕਿ ਇਹ ਫੀਡ ਬੀਤੇ ਕੱਲ੍ਹ ਰੇਤੇ ਵਾਲੀ ਦੇ ਸਰਪੰਚ ਨੂੰ ਵੰਡਣ ਲਈ ਦਿੱਤੀ ਗਈ ਸੀ ਪਰ ਬਾਰਿਸ਼ ਤੇ ਕਿਸ਼ਤੀ ਨਾ ਮਿਲਣ ਕਾਰਨ ਫੀਡ ਨਹੀਂ ਵੰਡੀ ਗਈ। ਜੋ ਅੱਜ ਇਨ੍ਹਾਂ ਹੜ੍ਹ ਪ੍ਰਭਾਵਿਤ ਪਿੰਡਾਂ ਵਿਚ ਵੰਡ ਦਿੱਤੀ ਜਾਵੇਗੀ।