‘ਡਰਾਈ ਡੇਅ ਫਰਾਈ ਡੇਅ’ ਤਹਿਤ ਸਰਕਾਰੀ ਦਫਤਰਾਂ ’ਚ ਡੇਂਗੂ ਲਾਰਵਾ ਜਾਂਚ ਮੁਹਿੰਮ ਵਿੱਢੀ
ਫਾਜ਼ਿਲਕਾ ਵਿੱਚ ਡਰਾਈ ਡੇ ਫਰਾਈਡੇ ਤਹਿਤ ਸਰਕਾਰੀ ਦਫਤਰਾਂ ਵਿੱਚ ਡੇਂਗੂ ਲਾਰਵਾ ਚੈਕਿੰਗ ਅਭਿਆਨ
Publish Date: Fri, 22 May 2026 03:36 PM (IST)
Updated Date: Fri, 22 May 2026 03:37 PM (IST)

ਨਰੇਸ਼ ਕੁਮਾਰ ਕਾਮਰਾ.ਪੰਜਾਬੀ ਜਾਗਰਣ ਫਾਜ਼ਿਲਕਾ : ਸਿਹਤ ਵਿਭਾਗ ਵੱਲੋਂ ਡੇਂਗੂ ਰੋਕਥਾਮ ਲਈ ਚਲਾਈ ਜਾ ਰਹੀ “ਡਰਾਈ ਡੇ ਫਰਾਈਡੇ” ਮੁਹਿੰਮ ਤਹਿਤ ਅੱਜ ਜ਼ਿਲ੍ਹਾ ਫਾਜ਼ਿਲਕਾ ਦੇ ਵੱਖ-ਵੱਖ ਸਰਕਾਰੀ ਦਫਤਰਾਂ ਵਿੱਚ ਵਿਸ਼ੇਸ਼ ਲਾਰਵਾ ਚੈਕਿੰਗ ਅਭਿਆਨ ਚਲਾਇਆ ਗਿਆ। ਇਸ ਮੁਹਿੰਮ ਦੀ ਅਗਵਾਈ ਸਿਵਲ ਸਰਜਨ ਡਾ. ਕਵਿਤਾ ਸਿੰਘ ਨੇ ਕੀਤੀ ਅਤੇ ਉਨ੍ਹਾਂ ਦੀ ਰਹਿਨੁਮਾਈ ਹੇਠ ਸਿਹਤ ਵਿਭਾਗ ਦੀਆਂ ਟੀਮਾਂ ਵੱਲੋਂ ਕਈ ਅਦਾਰਿਆਂ ਦਾ ਦੌਰਾ ਕੀਤਾ ਗਿਆ। ਟੀਮਾਂ ਨੇ ਥਾਣਾ ਸਿਟੀ, ਬੀਡੀਪੀਓ ਦਫਤਰ, ਡੀਐਸਪੀ ਦਫਤਰ, ਡੀਸੀ ਦਫਤਰ, ਤਹਿਸੀਲ ਦਫਤਰ, ਪਟਵਾਰਖਾਨਾ, ਐਸਡੀਐਮ ਦਫਤਰ, ਸਿਵਲ ਸਰਜਨ ਦਫਤਰ, ਬੀਐਸਐਨਐਲ ਦਫਤਰ ਅਤੇ ਪੋਸਟ ਅਫਿਸ ਸਮੇਤ ਹੋਰ ਸਰਕਾਰੀ ਅਦਾਰਿਆਂ ਵਿੱਚ ਪਹੁੰਚ ਕਰਕੇ ਡੇਂਗੂ ਮੱਛਰ ਦੇ ਲਾਰਵੇ ਦੀ ਜਾਂਚ ਕੀਤੀ। ਇਸ ਦੌਰਾਨ ਪਾਣੀ ਵਾਲੀਆਂ ਟੈਂਕੀਆਂ, ਕੂਲਰਾਂ, ਗਮਲਿਆਂ, ਫ੍ਰਿਜ਼ ਦੀਆਂ ਟਰੇਆਂ ਅਤੇ ਹੋਰ ਥਾਵਾਂ ਜਿੱਥੇ ਪਾਣੀ ਖੜ੍ਹਾ ਹੋ ਸਕਦਾ ਹੈ, ਉਨ੍ਹਾਂ ਦੀ ਬਾਰੀਕੀ ਨਾਲ ਜਾਂਚ ਕੀਤੀ ਗਈ। ਸਿਵਲ ਸਰਜਨ ਡਾ. ਕਵਿਤਾ ਸਿੰਘ ਨੇ ਦੱਸਿਆ ਕਿ ਡੇਂਗੂ ਇੱਕ ਖਤਰਨਾਕ ਬਿਮਾਰੀ ਹੈ ਜੋ ਐਡੀਜ਼ ਮੱਛਰ ਰਾਹੀਂ ਫੈਲਦੀ ਹੈ ਅਤੇ ਇਹ ਮੱਛਰ ਸਾਫ ਪਾਣੀ ਵਿੱਚ ਪੈਦਾ ਹੁੰਦਾ ਹੈ। ਉਨ੍ਹਾਂ ਕਿਹਾ ਕਿ ਡੇਂਗੂ ਤੋਂ ਬਚਾਅ ਲਈ ਸਭ ਤੋਂ ਜ਼ਰੂਰੀ ਹੈ ਕਿ ਕਿਤੇ ਵੀ ਪਾਣੀ ਖੜ੍ਹਾ ਨਾ ਹੋਣ ਦਿੱਤਾ ਜਾਵੇ। ਉਨ੍ਹਾਂ ਨੇ ਸਾਰੇ ਦਫਤਰਾਂ ਦੇ ਕਰਮਚਾਰੀਆਂ ਨੂੰ ਅਪੀਲ ਕੀਤੀ ਕਿ ਹਰ ਸ਼ੁੱਕਰਵਾਰ ਆਪਣੇ ਦਫਤਰਾਂ ਅਤੇ ਘਰਾਂ ਵਿੱਚ “ਡਰਾਈ ਡੇ” ਮਨਾਇਆ ਜਾਵੇ ਅਤੇ ਪਾਣੀ ਵਾਲੇ ਬਰਤਨਾਂ ਨੂੰ ਖਾਲੀ ਕਰਕੇ ਸੁੱਕਾ ਰੱਖਿਆ ਜਾਵੇ। ਜ਼ਿਲ੍ਹਾ ਮਹਾਂਮਾਰੀ ਅਫਸਰ ਡਾ. ਸੁਨੀਤਾ ਕੰਬੋਜ ਨੇ ਕਿਹਾ ਕਿ ਛੋਟੀਆਂ-ਛੋਟੀਆਂ ਸਾਵਧਾਨੀਆਂ ਨਾਲ ਡੇਂਗੂ ਵਰਗੀ ਬਿਮਾਰੀ ਤੋਂ ਬਚਿਆ ਜਾ ਸਕਦਾ ਹੈ। ਸਿਹਤ ਟੀਮਾਂ ਵੱਲੋਂ ਕਰਮਚਾਰੀਆਂ ਨੂੰ ਪੂਰੀ ਬਾਂਹਾਂ ਵਾਲੇ ਕੱਪੜੇ ਪਹਿਨਣ, ਮੱਛਰਦਾਨੀ ਦੀ ਵਰਤੋਂ ਕਰਨ ਅਤੇ ਘਰਾਂ ਦੇ ਆਲੇ-ਦੁਆਲੇ ਸਫਾਈ ਰੱਖਣ ਲਈ ਪ੍ਰੇਰਿਤ ਕੀਤਾ ਗਿਆ। ਸਿਹਤ ਵਿਭਾਗ ਨੇ ਦੱਸਿਆ ਕਿ ਇਹ ਮੁਹਿੰਮ ਲਗਾਤਾਰ ਜਾਰੀ ਰਹੇਗੀ ਅਤੇ ਆਉਣ ਵਾਲੇ ਦਿਨਾਂ ਵਿੱਚ ਹੋਰ ਸਰਕਾਰੀ ਅਤੇ ਨਿੱਜੀ ਅਦਾਰਿਆਂ ਵਿੱਚ ਵੀ ਲਾਰਵਾ ਚੈਕਿੰਗ ਅਭਿਆਨ ਚਲਾਇਆ ਜਾਵੇਗਾ। ਵਿਭਾਗ ਦਾ ਮਕਸਦ ਜ਼ਿਲ੍ਹੇ ਨੂੰ ਡੇਂਗੂ ਮੁਕਤ ਬਣਾਉਣਾ ਅਤੇ ਲੋਕਾਂ ਦੀ ਸਿਹਤ ਦੀ ਸੁਰੱਖਿਆ ਕਰਨਾ ਹੈ।ਇਸ ਮੌਕੇ ਡੀਪੀਐਮ ਰਾਜੇਸ਼, ਰਜੀਵ ਕੁਮਾਰ, ਵਿਕੀ ਕੁਮਾਰ, ਮਨਜੋਤ ਸਿੰਘ, ਸਵਰਨ ਸਿੰਘ, ਸੋਨੂੰ, ਜਤਿੰਦਰ, ਅਤਿੰਦਰ ਪਾਲ ਸਿੰਘ ਅਤੇ ਮਾਸ ਮੀਡੀਆ ਸ਼ਾਖਾ ਤੋਂ ਦਿਵਸ਼ ਕੁਮਾਰ ਵੀ ਮੌਜੂਦ ਸਨ।