‘ਸਵੱਛ ਆਹਾਰ ਦਿਵਸ’ ’ਤੇ ਰੇਲ ਗੱਡੀਆਂ ਦੇ ਪੈਂਟਰੀ ਕਾਰਾਂ ਤੇ ਕਿਚਨਾਂ ਦੀ ਚੈਕਿੰਗ
‘‘ਸਵੱਛ ਆਹਾਰ ਦਿਵਸ’’ ’ਤੇ ਰੇਲ ਗੱਡੀਆਂ ਦੇ ਪੈਂਟਰੀ ਕਾਰਾਂ ਅਤੇ ਬੇਸ ਕਿਚਨਾਂ ਦੀ ਕੀਤੀ ਡੂੰਘੀ ਜਾਂਚ
Publish Date: Fri, 10 Oct 2025 05:36 PM (IST)
Updated Date: Fri, 10 Oct 2025 05:37 PM (IST)
ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਫਿਰੋਜ਼ਪੁਰ : ਰਾਸ਼ਟਰ ਪਿਤਾ ਮਹਾਤਮਾ ਗਾਂਧੀ ਦੇ ਸੁਪਨੇ ਨੂੰ ਸਾਕਾਰ ਕਰਨ ਅਤੇ ਸਫ਼ਾਈ ਪ੍ਰਤੀ ਉਨ੍ਹਾਂ ਦੀ ਵਚਨਬੱਧਤਾ ਨੂੰ ਪੂਰਾ ਕਰਨ ਲਈ ਭਾਰਤੀ ਰੇਲਵੇ ਵੱਲੋਂ ਪਹਿਲੀ ਤੋਂ 15 ਅਕਤੂਬਰ ਤੱਕ ‘ਸਵੱਛਤਾ ਪੰਦਰਵਾੜਾ’ ਮੁਹਿੰਮ ਚਲਾਈ ਜਾ ਰਹੀ ਹੈ। ਇਸੇ ਮੁਹਿੰਮ ਦੇ ਤਹਿਤ ਫਿਰੋਜ਼ਪੁਰ ਮੰਡਲ ਵਿਚ ‘ਸਵੱਛ ਆਹਾਰ ਦਿਵਸ’ ਮਨਾਇਆ ਗਿਆ। ਇਸ ਮੌਕੇ ’ਤੇ, ਵਪਾਰਕ/ਸਿਹਤ ਵਿਭਾਗ ਦੇ ਅਧਿਕਾਰੀਆਂ ਤੇ ਸੁਪਰਵਾਈਜ਼ਰਾਂ ਨੇ ਪੈਂਟਰੀ ਕਾਰਾਂ ਅਤੇ ਬੇਸ ਕਿਚਨਾਂ ਦਾ ਵਿਸ਼ੇਸ਼ ਨਿਰੀਖਣ ਕਰਕੇ ਸਫ਼ਾਈ ਅਤੇ ਸਵੱਛਤਾ ਪ੍ਰਬੰਧਾਂ ਦੀ ਜਾਂਚ ਕੀਤੀ। ਇਸ ਦਾ ਮੁੱਖ ਮਕਸਦ ਇਹ ਯਕੀਨੀ ਬਣਾਉਣਾ ਹੈ ਕਿ ਰੇਲ ਯਾਤਰੀਆਂ ਨੂੰ ਰੇਲ ਗੱਡੀਆਂ ਵਿਚ ਸਿਹਤਮੰਦ ਭੋਜਨ ਮਿਲ ਸਕੇ। ਜਾਂਚ ਟੀਮ ਨੇ ਪੈਂਟਰੀ ਕਾਰ ਦੇ ਬਰਤਨਾਂ, ਖਾਣ-ਪੀਣ ਦੀ ਸਮੱਗਰੀ, ਭੰਡਾਰਨ ਵਾਲੀ ਥਾਂ ਦੇ ਨਾਲ-ਨਾਲ ਪੈਂਟਰੀ ਸਟਾਫ਼ ਦੀ ਡਾਕਟਰੀ ਜਾਂਚ ਵੀ ਕੀਤੀ। ਇਸ ਤੋਂ ਇਲਾਵਾ, ਬੇਸ ਕਿਚਨ ਅਤੇ ਇਸਦੇ ਸਟੋਰ ਖੇਤਰ ਦੀ ਸਫ਼ਾਈ ਅਤੇ ਸਿਹਤ ਮਾਪਦੰਡਾਂ ਦੀ ਜਾਂਚ ਕੀਤੀ ਗਈ। ਕੂੜਾ ਨਿਪਟਾਰਾ ਪ੍ਰਣਾਲੀ ਦਾ ਵੀ ਨਿਰੀਖਣ ਕੀਤਾ ਗਿਆ। ਸਵੱਛਤਾ ਪ੍ਰਤੀ ਜਾਗਰੂਕਤਾ ਪੈਦਾ ਕਰਨ ਲਈ, ਪੈਂਟਰੀ ਕਾਰਾਂ ਵਿਚ ਸਮਾਰਟ ਡਸਟਬਿਨ ਲਗਾਉਣ ਲਈ ਇਕ ਜਾਗਰੂਕਤਾ ਮੁਹਿੰਮ ਵੀ ਚਲਾਈ ਗਈ। ਯਾਤਰੀਆਂ ਨੂੰ ਦਿੱਤੇ ਜਾਂਦੇ ਭੋਜਨ ਦੀ ਗੁਣਵੱਤਾ ਬਾਰੇ ਉਨ੍ਹਾਂ ਦੀ ਫੀਡਬੈਕ ਵੀ ਲਈ ਗਈ।