ਡੀਸੀਐੱਮ ਦੇ ਵਿਦਿਆਰਥੀਆਂ ਨੇ ਟੈਲੀਸਕੋਪ ਰਾਹੀਂ ਵੇਖਿਆ ‘ਪਿੰਕ ਮੂਨ’
ਡੀਸੀਐੱਮ ਦੇ ਵਿਦਿਆਰਥੀਆਂ ਨੇ ਟੈਲੀਸਕੋਪ ਰਾਹੀਂ ਵੇਖਿਆ ‘ਪਿੰਕ ਮੂਨ’
Publish Date: Sat, 02 May 2026 04:32 PM (IST)
Updated Date: Sat, 02 May 2026 04:35 PM (IST)
ਪੰਜਾਬੀ ਜਾਗਰਣ ਰਿਪੋਰਟਰ, ਫਿਰੋਜ਼ਪੁਰ : ਡੀਸੀਐੱਮ ਇੰਟਰਨੈਸ਼ਨਲ ਸਕੂਲ ਦੀ ‘ਸਟਾਰ ਗੇਜ਼ਰਜ਼ ਸਕਾਈ ਆਬਜ਼ਰਵੇਟਰੀ’ ਵਿਖੇ ਵਿਦਿਆਰਥੀਆਂ ਨੂੰ ਪੂਰਨਮਾਸ਼ੀ ਦਾ ‘ਪਿੰਕ ਮੂਨ’ ਦਿਖਾਉਣ ਲਈ ਇਕ ਵਿਸ਼ੇਸ਼ ‘ਕੋਲਡ ਮੂਨ ਗੇਜ਼ਿੰਗ ਸੈਸ਼ਨ’ ਕਰਵਾਇਆ ਗਿਆ। ਇਸ ਦਿਲਚਸਪ ਪ੍ਰੋਗਰਾਮ ਵਿਚ ਡੀਸੀ ਮਾਡਲ ਸੀਨੀਅਰ ਸੈਕੰਡਰੀ ਸਕੂਲ, ਡੀਸੀਐੱਮ ਇੰਟਰਨੈਸ਼ਨਲ ਸਕੂਲ ਅਤੇ ਦਾਸ ਐਂਡ ਬ੍ਰਾਊਨ ਵਰਲਡ ਸਕੂਲ ਦੇ ਵਿਦਿਆਰਥੀਆਂ ਨੇ ਬੜੇ ਉਤਸ਼ਾਹ ਨਾਲ ਸ਼ਮੂਲੀਅਤ ਕੀਤੀ। ਪ੍ਰੋਗਰਾਮ ਦਾ ਆਗਾਜ਼ ਪ੍ਰਿੰਸੀਪਲ ਅਨੁਰਾਧਾ ਚੰਦੇਲ ਨੇ ਕੀਤਾ। ਚੰਦਰਮਾ ਦੀ ਖ਼ੂਬਸੂਰਤੀ ਦੇਖ ਕੇ ਵਿਦਿਆਰਥੀ ਖੁਸ਼ ਹੋਏ। ਇਸ ਮੌਕੇ ਅਧਿਆਪਕਾਂ ਵੱਲੋਂ ਤਾਰਾਮੰਡਲ, ਗ੍ਰਹਿਆਂ ਅਤੇ ਨਕਸ਼ਤਰਾਂ ਬਾਰੇ ਜਾਣਕਾਰੀ ਭਰਪੂਰ ਪੇਸ਼ਕਾਰੀ ਦਿੱਤੀ ਗਈ ਅਤੇ ‘ਸਟਾਰ ਗੇਜ਼ਿੰਗ’ ਵਿਸ਼ੇ ’ਤੇ ਇੱਕ ਕੁਇਜ਼ ਮੁਕਾਬਲਾ ਵੀ ਕਰਵਾਇਆ ਗਿਆ। ਅਧਿਆਪਕ ਗੌਰਵ ਕਾਲੀਆ ਨੇ ਦੱਸਿਆ ਕਿ ਸਕੂਲ ਵਿੱਚ ਸਥਾਪਿਤ ਟੈਲੀਸਕੋਪ 40 ਟ੍ਰਿਲੀਅਨ ਕਿਲੋਮੀਟਰ ਦੀ ਰੇਂਜ ਤੱਕ ਬ੍ਰਹਿਮੰਡ ’ਤੇ ਨਜ਼ਰ ਰੱਖ ਸਕਦਾ ਹੈ। ਇਸ ਦੀ ਫੋਕਲ ਲੈਂਥ 1250 ਐੱਮਐੱਮ ਅਤੇ ਅਪਰਚਰ 254 ਐੱਮਐੱਮ ਹੈ। ਉਨ੍ਹਾਂ ਕਿਹਾ ਕਿ ਸਰਹੱਦੀ ਖੇਤਰ ਵਿਚ ਅਜਿਹੀ ਆਬਜ਼ਰਵੇਟਰੀ ਸਥਾਪਿਤ ਕਰਨਾ ਡੀਸੀਐੱਮ ਗਰੁੱਪ ਦਾ ਇੱਕ ਵੱਡਾ ਕਦਮ ਹੈ। ਉਨ੍ਹਾਂ ਇਹ ਵੀ ਜਾਣਕਾਰੀ ਦਿੱਤੀ ਕਿ ਸੂਰਜੀ ਮੰਡਲ ਵਿਚ ਜੁਪੀਟਰ (ਬ੍ਰਹਸਪਤੀ) ਸਭ ਤੋਂ ਵੱਡਾ ਗ੍ਰਹਿ ਹੈ।