ਡੀਸੀ ਦਫ਼ਤਰ ਦੇ ਕਰਮਚਾਰੀਆਂ ਨੇ ਕੰਮ ਰੱਖਿਆ ਠੱਪ
ਡੀਸੀ ਦਫ਼ਤਰ ਦੇ ਕਰਮਚਾਰੀਆਂ ਵੱਲੋਂ ਦਫ਼ਤਰੀ ਕੰਮ ਠੱਪ
Publish Date: Wed, 18 Mar 2026 05:23 PM (IST)
Updated Date: Wed, 18 Mar 2026 05:25 PM (IST)

ਪਰਮਿੰਦਰ ਸਿੰਘ ਥਿੰਦ, ਪੰਜਾਬੀ ਜਾਗਰਣ ਫਿਰੋਜ਼ਪੁਰ : ਪੰਜਾਬ ਰਾਜ ਜ਼ਿਲ੍ਹਾ ਡੀਸੀ ਦਫ਼ਤਰ ਕਰਮਚਾਰੀ ਯੂਨੀਅਨ ਦੇ ਸੂਬਾ ਪ੍ਰਧਾਨ ਤਜਿੰਦਰ ਸਿੰਘ ਨੰਗਲ ਨੂੰ ਬੀਤੇ ਦਿਨੀਂ ਪੁਲਿਸ ਵੱਲੋਂ ਗੈਰ ਮਨੁੱਖੀ ਢੰਗ ਨਾਲ ਗ੍ਰਿਫ਼ਤਾਰ ਕਰਕੇ ਜਲੀਲ ਕਰਨ ਅਤੇ ਧਾਰਮਿਕ ਚਿੰਨ੍ਹਾਂ ਦੀ ਬੇਅਦਬੀ ਕਰਨ ਦੇ ਰੋਸ ਵਿਚ ਅੱਜ ਡੀਸੀ ਦਫ਼ਤਰ ਕਰਮਚਾਰੀ ਯੂਨੀਅਨ, ਫਿਰੋਜ਼ਪੁਰ, ਐੱਸਡੀਐੱਮ/ਤਹਿਸੀਲ ਜ਼ਿਲ੍ਹਾ ਫਿਰੋਜ਼ਪੁਰ ਦਾ ਸਮੂਹ ਸਟਾਫ਼ ਕਲਮ ਛੋੜ ਹੜਤਾਲ ’ਤੇ ਹੈ। ਇਸ ਸਬੰਧੀ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਡੀਸੀ ਦਫ਼ਤਰ ਕਰਮਚਾਰੀ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਸੰਦੀਪ ਸਿੰਘ ਦਿਓਲ ਅਤੇ ਜਨਰਲ ਸਕੱਤਰ ਗੁਰਤੇਜ ਸਿੰਘ ਨੇ ਦੱਸਿਆ ਕਿ ਡੀਸੀ ਦਫ਼ਤਰ ਯੂਨੀਅਨ ਦੀ ਸੂਬਾ ਬਾਡੀ ਵੱਲੋਂ ਲਏ ਗਏ ਫੈਸਲੇ ਅਨੁਸਾਰ ਉਹ ਮਿਤੀ 18-03-26 ਤੋਂ 20-03-26 ਤੱਕ ਕਲਮ ਛੋੜ ਹੜਤਾਲ ਤੇ ਹਨ। ਉਨ੍ਹਾਂ ਵੱਲੋਂ ਕਿਹਾ ਗਿਆ ਕਿ ਕਿਸੇ ਵੀ ਤ੍ਰਾਹ ਦੀ ਧੱਕਾ ਸ਼ਾਹੀ ਉਨ੍ਹਾਂ ਦੇ ਕਿਸੇ ਮੁਲਾਜ਼ਮ ਸਾਥੀ ਨਾਲ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਆਪਣੇ ਹੱਕਾਂ ਦੀ ਰਾਖੀ ਲਈ ਆਵਾਜ਼ ਉਠਾਉਣ ਵਾਲੇ ਆਗੂਆਂ ਨੂੰ ਸਰਕਾਰ ਵੱਲੋਂ ਡਰਾਉਣ ਧਮਕਾਉਣ ਦੇ ਮਨਸ਼ੇ ਨਾਲ ਗੈਰ ਮਨੁੱਖੀ ਤਰੀਕੇ ਨਾਲ ਗ੍ਰਿਫ਼ਤਾਰ ਕੀਤਾ ਜਾਂਦਾ ਹੈ, ਪਰ ਉਹ ਆਗੂਆਂ ਵੱਲੋਂ ਚੁੱਕੀ ਜਾਂਦੀ ਹੱਕ ਦੀ ਆਵਾਜ਼ ਨੂੰ ਕਿਸੇ ਵੀ ਤਰੀਕੇ ਨਾਲ ਦਬਾ ਨਹੀਂ ਸਕਦੇ। ਉਨ੍ਹਾਂ ਦੱਸਿਆ ਕਿ ਜਥੇਬੰਦੀ ਦੇ ਫੈਸਲੇ ਅਨੁਸਾਰ ਉਹ ਜੇਕਰ ਲੋੜ ਪਈ ਤਾਂ ਸੰਘਰਸ਼ ਹੋਰ ਵੀ ਤਿੱਖਾ ਕਰਨਗੇ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸੋਨੂੰ ਕਸ਼ਯਪ, ਓਮ ਪ੍ਰਕਾਸ਼ ਰਾਣਾ, ਕੁਲਦੀਪ ਸਿੰਘ, ਮਲਕੀਤ ਸਿੰਘ, ਸੰਦੀਪ ਨਰੂਲਾ, ਤਰਸੇਮ ਕੁਮਾਰ, ਅਰਸ਼ਦੀਪ ਕੁਮਾਰ ਅਤੇ ਸਮੂਹ ਸਟਾਫ ਕਰਮਚਾਰੀ ਹਾਜ਼ਰ ਸਨ।