ਦੁੱਧ ਦੇ ਵਾਜਬ ਭਾਅ ਨਾ ਮਿਲਣ ਕਰਕੇ ਡੇਅਰੀ ਧੰਦਾ ਬਰਬਾਦੀ ਦੇ ਕੰਢੇ

ਪੰਜਾਬੀ ਜਾਗਰਣ ਰਿਪੋਰਟਰ, ਫਿਰੋਜ਼ਪੁਰ : ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ, ਦੋਧੀ ਯੂਨੀਅਨ ਅਤੇ ਸਮੂਹ ਡੇਅਰੀ ਪਾਲਕਾਂ ਵਲੋਂ ਸਾਂਝੇ ਤੌਰ ’ਤੇ ਡੈਪੂਟੇਸ਼ਨ ਨੇ ਦੁੱਧ ਦੇ ਵਾਜਬ ਭਾਅ ਨਾ ਮਿਲਣ ਅਤੇ ਨਿੱਜੀ ਡੇਅਰੀ ਪਲਾਂਟਾਂ ਵਲੋਂ ਲੁੱਟ-ਖਸੁੱਟ ਕਰਨ ਦੇ ਵਿਰੋਧ ਵਿਚ ਅੱਜ ਡਿਪਟੀ ਕਮਿਸ਼ਨਰ ਫ਼ਿਰੋਜ਼ਪੁਰ ਨੂੰ ਮੰਗ ਪੱਤਰ ਸੌਂਪਿਆ ਗਿਆ। ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ ਦੇ ਸੂਬਾ ਜਨਰਲ ਸਕੱਤਰ ਗੁਰਮੀਤ ਸਿੰਘ ਮਹਿਮਾ ਨੇ ਕਿਹਾ ਕਿ ਪਿਛਲੇ 4 ਸਾਲਾਂ ਤੋਂ ਡੇਅਰੀ ਧੰਦਾ ਲਗਾਤਾਰ ਘਾਟੇ ਵਿਚ ਜਾ ਰਿਹਾ ਹੈ। ਤੂੜੀ 400 ਤੋਂ 700 ਰੁਪਏ ਕੁਇੰਟਲ, ਖਲ-ਬਿਨੌਲਾ 3000 ਤੋਂ 4500 ਰੁਪਏ, ਪਸ਼ੂਆਂ ਦਾ ਦਾਣਾ, ਦਵਾਈਆਂ ਅਤੇ ਲੇਬਰ 30-40 ਪ੍ਰਤੀਸ਼ਤ ਮਹਿੰਗੇ ਹੋ ਗਏ ਹਨ। ਇਕ ਲੀਟਰ ਦੁੱਧ ਪੈਦਾ ਕਰਨ ਦੀ ਲਾਗਤ 55-60 ਰੁਪਏ ਪੈਂਦੀ ਹੈ, ਪਰ ਕਿਸਾਨ ਨੂੰ ਪਿਛਲੇ 4 ਸਾਲਾਂ ਤੋਂ ਸਿਰਫ 45-48 ਰੁਪਏ ਹੀ ਮਿਲ ਰਹੇ ਹਨ। ਇਸ ਤਰ੍ਹਾਂ ਹਰ ਲੀਟਰ ’ਤੇ 10-15 ਰੁਪਏ ਦਾ ਘਾਟਾ ਪੈ ਰਿਹਾ ਹੈ। ਦਲਵਿੰਦਰ ਸਿੰਘ ਸ਼ੇਰਖਾਂ ਸੂਬਾ ਸਹਿ ਸਕੱਤਰ ਨੇ ਕਿਹਾ ਕਿ ਮਿਲਕਫੈੱਡ ਤੇ ਪੰਜਾਬ ਸਰਕਾਰ ਨੇ ਬਿਆਨ ਜਾਰੀ ਕਰਦਿਆਂ 1 ਮਈ 2026 ਤੋਂ 10 ਰੁਪਏ ਪ੍ਰਤੀ ਲੀਟਰ ਵਾਧਾ ਲੈਣ ਦਾ ਫੈਸਲਾ ਕੀਤਾ ਸੀ, ਪਰ ਨਿੱਜੀ ਡੇਅਰੀ ਪਲਾਂਟ ਨਾ ਤਾਂ ਵਾਧਾ ਦੇ ਰਹੇ ਹਨ ਅਤੇ ਨਾ ਹੀ ਕਿਸਾਨਾਂ ਦਾ ਪੂਰਾ ਦੁੱਧ ਖਰੀਦ ਰਹੇ ਹਨ। ਇਸ ਨਾਲ ਹਜ਼ਾਰਾਂ ਪਸ਼ੂ ਪਾਲਕਾਂ ਦਾ ਗੁਜ਼ਾਰਾ ਔਖਾ ਹੋ ਗਿਆ ਹੈ। ਅੱਜ ਦੇ ਡੈਪੂਟੇਸ਼ਨ ਮਿਲਣ ਤੇ ਕਿਸਾਨਾਂ ਦੀਆਂ ਮੁੱਖ ਮੰਗ ਕੀਤੀ ਕਿ ਦੁੱਧ ਦਾ ਘੱਟੋਂ-ਘੱਟ ਖਰੀਦ ਮੁੱਲ ਤੁਰੰਤ 10 ਰੁਪਏ ਵਧਾ ਕੇ 55-58 ਰੁਪਏ ਪ੍ਰਤੀ ਲਿਟਰ ਕੀਤਾ ਜਾਵੇ। ਨਿੱਜੀ ਡੇਅਰੀ ਪਲਾਂਟਾਂ ਅਤੇ ਦੁੱਧ ਖਰੀਦਣ ਵਾਲੇ ਵਪਾਰੀਆਂ ਨੂੰ ਪਾਬੰਦ ਕੀਤਾ ਜਾਵੇ ਕਿ ਉਹ ਕਿਸਾਨ ਨੂੰ ਤੈਅ ਰੇਟ ਤੋਂ ਘੱਟ ਭਾਅ ਨਾ ਦੇਣ। ਪਸ਼ੂ ਖੁਰਾਕ, ਤੂੜੀ, ਦਵਾਈਆਂ ’ਤੇ ਸਰਕਾਰ ਵੱਲੋਂ ਸਬਸਿਡੀ ਦਿੱਤੀ ਜਾਵੇ ਤਾਂ ਜੋ ਡੇਅਰੀ ਧੰਦਾ ਬੱਚ ਸਕੇ। ਦੋਧੀ ਯੂਨੀਅਨ ਦੇ ਪ੍ਰਧਾਨ ਮਨਜੀਤ ਸਿੰਘ ਸੋਨੂੰ ਨੇ ਚੇਤਾਵਨੀ ਦਿੱਤੀ ਕਿ ਜੇਕਰ ਪ੍ਰਸ਼ਾਸਨ ਨੇ ਸਮੇਂ ਰਹਿੰਦਿਆਂ ਇਹ ਮੰਗਾਂ ਨਾ ਮੰਨੀਆਂ ਤਾਂ ਡੇਅਰੀ ਧੰਦਾ ਪੂਰੀ ਤਰ੍ਹਾਂ ਠੱਪ ਹੋ ਜਾਵੇਗਾ ਅਤੇ ਹਜ਼ਾਰਾਂ ਪਸ਼ੂ ਪਾਲਕ ਬਰਬਾਦ ਹੋ ਜਾਣਗੇ। ਇਸ ਮੌਕੇ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਦਿਲਬਾਗ ਸਿੰਘ ਸੁਰਸਿੰਘ ਵਾਲਾ, ਲਖਵਿੰਦਰ ਸਿੰਘ ਸਾਬਕਾ ਸਰਪੰਚ ਸੁਰਸਿੰਘ ਵਾਲਾ, ਗੁਰਸੇਵਕ ਸਿੰਘ ਸੁਰਸਿੰਘ ਵਾਲਾ, ਮਹਿੰਦਰ ਸਿੰਘ ਸੁਰਸਿੰਘ ਵਾਲਾ, ਅਮਰੀਕ ਸਿੰਘ ਮਹਿਮਾ, ਸਤਨਾਮ ਸਿੰਘ ਮਹਿਮਾ, ਜੱਗਾ ਗਲਾਮੀ ਵਾਲਾ, ਸਿਮਰਨਜੀਤ ਸਿੰਘ ਝੋਕ ਹਰੀਹਰ, ਡੇਅਰੀ ਪਸ਼ੂ ਪਾਲਕ ਨਰਿੰਦਰ ਸਿੰਘ, ਦਲਜੀਤ ਸਿੰਘ ਨਿਆਜ਼ੀਆ, ਨਿਰਮਲ ਸਿੰਘ ਫ਼ਿਰੋਜ਼ਪੁਰ, ਮਹਿਰ ਸਿੰਘ, ਜਗਦੀਪ ਸਿੰਘ, ਲਖਵਿੰਦਰ ਸਿੰਘ, ਮਹਿਲ ਸਿੰਘ, ਗੁਰਬਖਸ਼ ਸਿੰਘ ਬਾਜੀਦਪੁਰ, ਨਛੱਤਰ ਸਿੰਘ ਆਦਿ ਹਾਜ਼ਰ ਸਨ।