ਜੋਧਪੁਰ ‘ਚ ਅੱਗ ਨਾਲ ਸੜੀਆਂ ਫਸਲਾਂ ’ਤੇ ਵਿਧਾਇਕ ਜਾਖੜ ਨੇ ਪ੍ਰਸ਼ਾਸਨ ਨੂੰ ਘੇਰਿਆ
ਜੋਧਪੁਰ ‘ਚ ਅੱਗ ਨਾਲ ਸੜੀਆਂ ਫਸਲਾਂ, ਵਿਧਾਇਕ ਸੰਦੀਪ ਜਾਖੜ ਨੇ ਪ੍ਰਸ਼ਾਸਨ ਨੂੰ ਘੇਰਿਆ
Publish Date: Mon, 20 Apr 2026 03:39 PM (IST)
Updated Date: Mon, 20 Apr 2026 03:42 PM (IST)
ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਫਾਜ਼ਿਲਕਾ : ਸਥਾਨਕ ਵਿਧਾਇਕ ਸੰਦੀਪ ਜਾਖੜ ਨੇ ਜੋਧਪੁਰ ਪਿੰਡ ਵਿੱਚ ਲੱਗੀ ਭਿਆਨਕ ਅੱਗ ਕਾਰਨ ਕਣਕ ਦੀਆਂ ਫਸਲਾਂ ਸੜਨ ‘ਤੇ ਡੂੰਘਾ ਦੁੱਖ ਪ੍ਰਗਟ ਕੀਤਾ ਹੈ। ਇਸ ਅੱਗ ਵਿੱਚ 150 ਏਕੜ ਤੋਂ ਵੱਧ ਖੇਤਰ ਵਿੱਚ ਖੜ੍ਹੀ ਫਸਲ ਤਬਾਹ ਹੋ ਗਈ, ਜਿਸਨੂੰ ਉਨ੍ਹਾਂ ਨੇ ਕਿਸਾਨਾਂ ਲਈ ਨਾ ਪੂਰਾ ਹੋਣ ਵਾਲਾ ਨੁਕਸਾਨ ਕਰਾਰ ਦਿੱਤਾ। ਜਾਖੜ ਨੇ ਜ਼ਿਲ੍ਹਾ ਪ੍ਰਸ਼ਾਸਨ ਦੇ ਰਵੱਈਏ ‘ਤੇ ਤਿੱਖੇ ਸਵਾਲ ਖੜ੍ਹੇ ਕਰਦਿਆਂ ਕਿਹਾ ਕਿ ਇੰਨੀ ਵੱਡੀ ਦੁਖਾਂਤ ਦੇ ਤਿੰਨ ਦਿਨ ਬਾਅਦ ਵੀ ਡੀਸੀ ਜਾਂ ਐਸਡੀਐਮ ਵਰਗੇ ਸੀਨੀਅਰ ਅਧਿਕਾਰੀਆਂ ਵੱਲੋਂ ਨਾ ਤਾਂ ਮੌਕੇ ਦਾ ਦੌਰਾ ਕੀਤਾ ਗਿਆ ਅਤੇ ਨਾ ਹੀ ਪ੍ਰਭਾਵਿਤ ਕਿਸਾਨਾਂ ਦੀ ਸਥਿਤੀ ਬਾਰੇ ਜਾਣਨ ਦੀ ਕੋਸ਼ਿਸ਼ ਕੀਤੀ ਗਈ। ਉਨ੍ਹਾਂ ਮੰਗ ਕੀਤੀ ਕਿ ਸਰਕਾਰ ਤੁਰੰਤ ਪ੍ਰਭਾਵਿਤ ਖੇਤਰ ਦਾ ਵਿਸ਼ੇਸ਼ ਸਰਵੇਖਣ ਕਰਵਾ ਕੇ ਨੁਕਸਾਨ ਦਾ ਸਹੀ ਮੁਲਾਂਕਣ ਕਰੇ ਅਤੇ ਪੀੜਤ ਕਿਸਾਨਾਂ ਨੂੰ ਜਲਦੀ ਤੋਂ ਜਲਦੀ ਯੋਗ ਮੁਆਵਜ਼ਾ ਦਿੱਤਾ ਜਾਵੇ। ਵਿਧਾਇਕ ਜਾਖੜ ਨੇ ਪ੍ਰਭਾਵਿਤ ਕਿਸਾਨਾਂ ਨੂੰ ਭਰੋਸਾ ਦਿਵਾਇਆ ਕਿ ਉਹ ਇਸ ਮਾਮਲੇ ਨੂੰ ਉੱਚ ਪੱਧਰ ‘ਤੇ ਗੰਭੀਰਤਾ ਨਾਲ ਉਠਾਉਣਗੇ ਅਤੇ ਮੁਆਵਜ਼ਾ ਪ੍ਰਕਿਰਿਆ ਨੂੰ ਤੇਜ਼ ਕਰਵਾ ਕੇ ਕਿਸਾਨਾਂ ਨੂੰ ਤੁਰੰਤ ਰਾਹਤ ਦਿਵਾਉਣ ਲਈ ਯਤਨਸ਼ੀਲ ਰਹਿਣਗੇ।