ਝੋਨੇ ਵਿਚ ਮਧਰੇ ਰੋਗ ਦੀ ਰੋਕਥਾਮ ਲਈ ਪਨੀਰੀ ਦਾ ਲਗਾਤਾਰ ਸਰਵੇਖਣ ਜ਼ਰੂਰੀ: ਪੀਏਯੂ-ਕ੍ਰਿਸ਼ੀ ਵਿਗਿਆਨ ਕੇਂਦਰ

ਪੰਜਾਬੀ ਜਾਗਰਣ ਰਿਪੋਰਟਰ, ਫਿਰੋਜ਼ਪੁਰ : ਪਿਛਲੇ ਕੁਝ ਸਾਲਾਂ ਤੋਂ ਝੋਨੇ ਦੇ ਬੂਟੇ ਮਧਰੇ ਰਹਿਣ ਦੀ ਨਵੀਂ ਬਿਮਾਰੀ ਦਾ ਹਮਲਾ ਕਿਸਾਨਾਂ ਦੇ ਖੇਤਾਂ ਵਿਚ ਵੇਖਣ ਨੂੰ ਮਿਲ ਰਿਹਾ ਹੈ ਅਤੇ ਜੇਕਰ, ਇਸ ਸਮੱਸਿਆ ਦਾ ਪ੍ਰਬੰਧਨ ਸਮੇਂ ਸਿਰ ਨਾ ਕੀਤਾ ਜਾਵੇ ਤਾਂ ਇਹ ਝੋਨੇ ਦੀ ਫ਼ਸਲ ਦਾ ਨੁਕਸਾਨ ਕਰ ਸਕਦੀ ਹੈ। ਇਸ ਦੇ ਤਹਿਤ ਡਾ. ਗੁਰਮੇਲ ਸਿੰਘ ਸੰਧੂ ਡਿਪਟੀ ਡਾਇਰੈਕਟਰ, ਕੇਵੀਕੇ, ਫ਼ਿਰੋਜ਼ਪੁਰ ਦੇ ਦਿਸ਼ਾ-ਨਿਰਦੇਸ਼ਾਂ ਅਧੀਨ ਕਿਸਾਨਾਂ ਨੂੰ ਜਾਗਰੂਕ ਕਰਨ ਲਈ ਪੀ ਏ ਯੂ-ਕ੍ਰਿਸ਼ੀ ਵਿਗਿਆਨ ਕੇਂਦਰ (ਕੇਵੀਕੇ), ਫ਼ਿਰੋਜ਼ਪੁਰ ਦੀ ਟੀਮ ਵੱਲੋਂ ਪਿੰਡ ਭੰਬੇ ਲੰਡੇ ਵਿਖੇ ਮਿਤੀ 19 ਮਈ 2026 ਨੂੰ ਟਰੇਨਿੰਗ ਕੈਂਪ ਲਗਾਇਆ ਗਿਆ। ਇਸ ਕੈਂਪ ਦੌਰਾਨ ਡਾ. ਗੁਰਮੇਲ ਸਿੰਘ ਸੰਧੂ ਨੇ ਕਿਸਾਨਾਂ ਨੂੰ ਦੱਸਿਆ ਕਿ ਇਹ ਇੱਕ ਵਿਸ਼ਾਣੂ ਰੋਗ ਹੈ, ਜੋ ਝੋਨੇ ਦੀਆਂ ਮੌਜੂਦਾ ਸਾਰੀਆਂ ਕਿਸਮਾਂ ਉੱਤੇ ਹਮਲਾ ਕਰ ਸਕਦਾ ਹੈ। ਝੋਨੇ ਉੱਪਰ ਇਸ ਰੋਗ ਨੂੰ ਚਿੱਟੀ ਪਿੱਠ ਵਾਲਾ ਟਿੱਡਾ ਫੈਲਾਉਂਦਾ ਹੈ। ਇਸ ਦੇ ਹਮਲੇ ਨਾਲ ਬੂਟੇ ਮਧਰੇ, ਉਨ੍ਹਾਂ ਦੇ ਪੱਤੇ ਨੋਕਦਾਰ ਅਤੇ ਜੜ੍ਹਾਂ ਘੱਟ ਡੂੰਘੀਆਂ ਰਹਿ ਜਾਂਦੀਆਂ ਹਨ। ਬੂਟਿਆਂ ਦੀ ਉਚਾਈ ਆਮ ਬੂਟਿਆਂ ਨਾਲੋਂ ਅੱਧੀ ਜਾਂ ਇਕ-ਤਿਹਾਈ ਰਹਿ ਜਾਂਦੀ ਹੈ। ਅਗੇਤੀ ਲਵਾਈ ਵਾਲੇ ਝੋਨੇ ਵਿਚ ਇਸ ਦਾ ਹਮਲਾ ਜ਼ਿਆਦਾ ਹੁੰਦਾ ਹੈ। ਉਨ੍ਹਾਂ ਕਿਹਾ ਕਿ ਜਿਨ੍ਹਾਂ ਖੇਤਾਂ ਵਿਚ ਪਿਛਲੇ ਸਾਲਾਂ ’ਚ ਇਹ ਬਿਮਾਰੀ ਨਜ਼ਰ ਆਈ ਹੋਵੇ, ਕਿਸਾਨ ਵੀਰਾਂ ਨੂੰ ਉਨ੍ਹਾਂ ਖੇਤਾਂ ਵਿਚ ਖਾਸ ਧਿਆਨ ਰੱਖਣਾ ਚਾਹੀਦਾ ਹੈ ਅਤੇ ਇਸ ਲਈ ਖੇਤ ਅਤੇ ਪਨੀਰੀ ਵਿਚ ਚਿੱਟੀ ਪਿੱਠ ਵਾਲੇ ਟਿੱਡੇ ਦਾ ਲਗਾਤਾਰ ਸਰਵੇਖਣ ਕਰਨਾ ਬਹੁਤ ਜ਼ਰੂਰੀ ਹੈ। ਉਨ੍ਹਾਂ ਵੱਟਾਂ ਬੰਨਿ੍ਹਆਂ ਅਤੇ ਪਾਣੀ ਵਾਲੇ ਖਾਲਾਂ ਨੂੰ ਨਦੀਨ ਮੁਕਤ ਰੱਖਣ ਦੀ ਹਦਾਇਤ ਕੀਤੀ। ਟਿੱਡੇ ਦੀ ਆਮਦ ਨਜ਼ਰ ਆਉਣ ’ਤੇ ਪੀਏਯੂ, ਲੁਧਿਆਣਾ ਵੱਲੋਂ ਸਿਫ਼ਾਰਸ਼ ਕਿਸੇ ਇਕ ਕੀਟਨਾਸ਼ਕ ਦਾ ਪਨੀਰੀ ਵਿਚ ਛਿੜਕਾਅ ਕੀਤਾ ਜਾ ਸਕਦਾ ਹੈ। ਇਸ ਮੌਕੇ ਡਾ. ਸਿਮਰਨਜੀਤ ਕੌਰ, ਸਹਾਇਕ ਪ੍ਰੋਫੈਸਰ (ਪੌਦ ਸੁਰੱਖਿਆ) ਨੇ ਕਿਸਾਨਾਂ ਨੂੰ ਝੋਨੇ ਅਤੇ ਬਾਸਮਤੀ ਵਿੱਚ ਬਿਮਾਰੀਆਂ ਦੀ ਸੁਚੱਜੀ ਰੋਕਥਾਮ ਲਈ ਬੀਜ ਸੋਧ ਵਾਰੇ ਦੱਸਦਿਆਂ ਕਿਹਾ ਕਿ ਝੋਨੇ ਦੇ ਬੀਜ ਨੂੰ 3 ਗ੍ਰਾਮ ਸਪਰਿੰਟ ਪ੍ਰਤੀ ਕਿੱਲੋ ਬੀਜ ਨਾਲ ਸੋਧੋ ਅਤੇ ਬਾਸਮਤੀ ਵਿਚ ਝੰਡੇ ਰੋਗ ਦੀ ਰੋਕਥਾਮ ਲਈ ਬੀਜ ਨੂੰ ਬੀਜਣ ਤੋਂ ਪਹਿਲਾਂ 15 ਗ੍ਰਾਮ ਟਰਾਈਕੋਡਰਮਾ ਐਸਪੈਰੇਲਮ 2 ਪ੍ਰਤੀਸ਼ਤ ਡਬਲਯੂ ਪ੍ਰਤੀ ਕਿੱਲੋ ਬੀਜ ਦੇ ਹਿਸਾਬ ਨਾਲ ਸੋਧ ਲੈਣਾ ਚਾਹੀਦਾ ਹੈ। ਪਨੀਰੀ ਖੇਤ ਵਿਚ ਲਾਉਣ ਤੋਂ ਪਹਿਲਾਂ ਉਸ ਦੀਆਂ ਜੜ੍ਹਾਂ ਵੀ 15 ਗ੍ਰਾਮ ਟਰਾਈਕੋਡਰਮਾ ਐਸਪੈਰੇਲਮ 2 ਪ੍ਰਤੀਸ਼ਤ ਡਬਲਯੂਪੀ, ਪ੍ਰਤੀ ਲਿਟਰ ਪਾਣੀ ਵਿਚ 6 ਘੰਟੇ ਲਈ ਡੁਬੋ ਕੇ ਰੱਖਿਆ ਜਾਵੇ। ਇਸ ਤੋਂ ਇਲਾਵਾ ਮਿੱਟੀ ਪਰਖ ਅਤੇ ਖਾਦਾਂ ਦੀ ਸੁਚੱਜੀ ਵਰਤੋਂ ਬਾਰੇ ਵੀ ਜਾਣਕਾਰੀ ਸਾਂਝੀ ਕੀਤੀ ਗਈ। ਡਾ. ਦਿਵਿਆ, ਸਹਾਇਕ ਪ੍ਰੋਫੈਸਰ (ਗ੍ਰਹਿ ਵਿਗਿਆਨ) ਨੇ ਕੇਵੀਕੇ ਵੱਲੋਂ ਕਿਸਾਨਾਂ ਅਤੇ ਕਿਸਾਨ ਬੀਬੀਆਂ ਲਈ ਦਿੱਤੇ ਜਾਂਦੇ ਵੱਖ-ਵੱਖ ਸਿੱਖਲਾਈ ਕੋਰਸਾਂ ਮੱਧੂ ਮੱਖੀ ਪਾਲਨ, ਖੁੰਭ ਕਾਸ਼ਤ, ਬੇਕਰੀ, ਸਰਫ਼- ਸਾਬਣ ਬਨਾਉਣ ਆਦਿ ਬਾਰੇ ਜਾਣਕਾਰੀ ਸਾਂਝੀ ਕੀਤੀ ਅਤੇ ਦੱਸਿਆ ਕਿ ਇਨ੍ਹਾਂ ਸਿਖਲਾਈ ਕੋਰਸਾਂ ਰਾਂਹੀ ਖੇਤੀਬਾੜੀ ਤੋਂ ਇਲਾਵਾ ਹੋਰ ਸਹਾਇਕ ਧੰਦੇ ਅਪਣਾ ਕੇ ਕਿਸਾਨ ਆਪਣੀ ਆਮਦਨ ਵਿੱਚ ਕਿਵੇਂ ਵਾਧਾ ਕਰ ਸਕਦੇ ਹਨ।