ਦੂਸ਼ਿਤ ਪਾਣੀ ਨੇ ਵਧਾਇਆ ਸੰਕਟ: ਹਜ਼ਾਰਾ ਸਿੰਘ ਵਾਲਾ ਵਿੱਚ ਇਨਸਾਨਾਂ ਤੋਂ ਬਾਅਦ ਪਸ਼ੂਆਂ ਵਿੱਚ ਵੀ ਖ਼ਤਰਨਾਕ ਸੰਕਰਮਣ, 5 ਪਸ਼ੂ

ਸਟਾਫ ਰਿਪੋਰਟ, ਪੰਜਾਬੀ ਜਾਗਰਣ, ਫਿਰੋਜ਼ਪੁਰ : ਪਿੰਡ ਹਜ਼ਾਰਾ ਸਿੰਘ ਵਾਲਾ ਵਿੱਚ ਦੂਸ਼ਿਤ ਪੀਣ ਵਾਲੇ ਪਾਣੀ ਦੀ ਸਪਲਾਈ ਹੁਣ ਇੱਕ ਗੰਭੀਰ ਹਤ ਸੰਕਟ ਦਾ ਰੂਪ ਲੈ ਚੁੱਕੀ ਹੈ। ਪਹਿਲਾਂ ਜਿੱਥੇ ਪਿੰਡ ਦੇ ਲੋਕਾਂ ਵਿੱਚ ਪੀਲੀਆ ਅਤੇ ਲੀਵਰ ਇਨਫੈਕਸ਼ਨ ਦੇ ਮਾਮਲੇ ਤੇਜ਼ੀ ਨਾਲ ਵੱਧ ਰਹੇ ਸਨ, ਉੱਥੇ ਹੀ ਹੁਣ ਇਸ ਦਾ ਅਸਰ ਪਸ਼ੂਆਂ ਤੱਕ ਪਹੁੰਚ ਗਿਆ ਹੈ। ਪਿੰਡ ਵਿੱਚ ਪਸ਼ੂਆਂ ਵਿੱਚ ਲੈਪਟੋਸਪਾਇਰੋਸਿਸ ਵਰਗੀ ਸੰਕਰਮਣ ਵਾਲੀ ਬਿਮਾਰੀ ਦੇ 5 ਮਾਮਲੇ ਸਾਹਮਣੇ ਆਉਣ ਨਾਲ ਸਥਿਤੀ ਹੋਰ ਚਿੰਤਾਜਨਕ ਹੋ ਗਈ ਹੈ।ਮੰਗਲਵਾਰ ਨੂੰ ਸਿਹਤ ਵਿਭਾਗ ਵੱਲੋਂ ਪਿੰਡ ਵਿੱਚ ਲਗਾਏ ਗਏ ਮੈਡੀਕਲ ਕੈਂਪ ਵਿੱਚ 110 ਮਰੀਜ਼ਾਂ ਦੀ ਓਪੀਡੀ ਕੀਤੀ ਗਈ, ਜਿਨ੍ਹਾਂ ਵਿੱਚੋਂ 80 ਲੋਕਾਂ ਦੇ ਸੈਂਪਲ ਜਾਂਚ ਲਈ ਲਏ ਗਏ। ਇੱਕ ਮਰੀਜ਼ ਦੀ ਹਾਲਤ ਗੰਭੀਰ ਹੋਣ ਕਾਰਨ ਉਸ ਨੂੰ ਜ਼ਿਲ੍ਹਾ ਸਿਵਲ ਹਸਪਤਾਲ ਰੈਫਰ ਕੀਤਾ ਗਿਆ। ਇਸ ਦੌਰਾਨ ਪਹਿਲਾਂ ਲਏ ਗਏ ਸੈਂਪਲਾਂ ਦੀ ਰਿਪੋਰਟ ਵਿੱਚ ਪੀਲੀਆ ਅਤੇ ਲੀਵਰ ਇਨਫੈਕਸ਼ਨ ਦੇ 2 ਨਵੇਂ ਕੇਸ ਸਾਹਮਣੇ ਆਏ ਹਨ। ਦੂਜੇ ਪਾਸੇ ਵੈਟਨਰੀ ਵਿਭਾਗ ਦੀ ਟੀਮ ਵੱਲੋਂ ਪਿੰਡ ਵਿੱਚ 8 ਪਸ਼ੂਆਂ ਦੇ ਲਏ ਗਏ ਸੈਂਪਲਾਂ ਵਿੱਚੋਂ 5 ਵਿੱਚ ਲੈਪਟੋਸਪਾਇਰੋਸਿਸ ਦੇ ਕੇਸ ਮਿਲਣ ਤੋਂ ਬਾਅਦ 36 ਹੋਰ ਪਸ਼ੂਆਂ ਦੇ ਸੈਂਪਲ ਲੈ ਕੇ ਜਾਂਚ ਲਈ ਭੇਜੇ ਗਏ ਹਨ। ਫਿਲਹਾਲ ਸਿਹਤ ਅਤੇ ਵੈਟਨਰੀ ਵਿਭਾਗ ਦੀਆਂ ਟੀਮਾਂ ਮੌਕੇ 'ਤੇ ਡਟੀਆਂ ਹੋਈਆਂ ਹਨ, ਪਰ ਹਾਲਾਤ ਨੂੰ ਦੇਖਦੇ ਹੋਏ ਇਹ ਸਾਫ਼ ਹੈ ਕਿ ਜੇਕਰ ਜਲਦ ਠੋਸ ਕਦਮ ਨਾ ਚੁੱਕੇ ਗਏ ਤਾਂ ਇਹ ਸੰਕਟ ਹੋਰ ਡੂੰਘਾ ਹੋ ਸਕਦਾ ਹੈ।
ਪਸ਼ੂਆਂ ’ਚ ਵੀ ਫੈਲਿਆ ਸੰਕਰਮਣ, 5 ਪਾਜ਼ੀਟਿਵ ਕੇਸ ਮਿਲੇ
ਪਿੰਡ ਵਿੱਚ ਇਨਸਾਨਾਂ ਦੇ ਬਿਮਾਰ ਹੋਣ ਤੋਂ ਬਾਅਦ ਹੁਣ ਪਸ਼ੂਆਂ ਵਿੱਚ ਵੀ ਬਿਮਾਰੀ ਦੇ ਲੱਛਣ ਸਾਹਮਣੇ ਆਉਣ ਲੱਗੇ ਹਨ। ਵੈਟਨਰੀ ਵਿਭਾਗ ਦੀ ਟੀਮ ਨੇ ਪਿੰਡ ਪਹੁੰਚ ਕੇ ਪਸ਼ੂਆਂ ਦੇ ਸੈਂਪਲ ਲਏ, ਜਿਨ੍ਹਾਂ ਦੀ ਜਾਂਚ ਵਿੱਚ 5 ਪਸ਼ੂ ਲੈਪਟੋਸਪਾਇਰੋਸਿਸ ਪਾਜ਼ੀਟਿਵ ਪਾਏ ਗਏ ਹਨ। ਇਨ੍ਹਾਂ ਵਿੱਚ 2 ਗਾਵਾਂ, 1 ਮੱਝ ਅਤੇ 2 ਕੁੱਤੇ ਸ਼ਾਮਲ ਹਨ। ਸਥਿਤੀ ਦੀ ਗੰਭੀਰਤਾ ਨੂੰ ਦੇਖਦੇ ਹੋਏ ਮੰਗਲਵਾਰ ਨੂੰ ਵਿਭਾਗ ਨੇ 36 ਹੋਰ ਪਸ਼ੂਆਂ ਦੇ ਸੈਂਪਲ ਲੈ ਕੇ ਜਾਂਚ ਲਈ ਭੇਜੇ ਹਨ। ਇਸ ਤੋਂ ਪਹਿਲਾਂ ਜਲੰਧਰ ਦੀ RDL ਲੈਬ ਵਿੱਚ ਭੇਜੇ ਗਏ ਸੈਂਪਲਾਂ ਵਿੱਚ ਇਸ ਸੰਕਰਮਣ ਦੀ ਪੁਸ਼ਟੀ ਹੋਈ ਸੀ, ਜਦਕਿ ਹੁਣ ਅਗਲੇਰੀ ਜਾਂਚ ਲਈ ਸੈਂਪਲ ਯੂਪੀ (UP) ਦੀ ਲੈਬ ਵਿੱਚ ਵੀ ਭੇਜੇ ਜਾ ਰਹੇ ਹਨ।
ਸਿਹਤ ਵਿਭਾਗ ਦਾ ਡੋਰ-ਟੂ-ਡੋਰ ਸਰਵੇ
ਸਿਹਤ ਵਿਭਾਗ ਨੇ ਪਿੰਡ ਵਿੱਚ ਡੋਰ-ਟੂ-ਡੋਰ ਸਰਵੇ ਸ਼ੁਰੂ ਕਰ ਦਿੱਤਾ ਹੈ ਤਾਂ ਜੋ ਪ੍ਰਭਾਵਿਤ ਲੋਕਾਂ ਦੀ ਪਛਾਣ ਕਰਕੇ ਸਮੇਂ ਸਿਰ ਇਲਾਜ ਦਿੱਤਾ ਜਾ ਸਕੇ। ਜਿਨ੍ਹਾਂ ਮਰੀਜ਼ਾਂ ਨੂੰ ਹਸਪਤਾਲ ਤੋਂ ਛੁੱਟੀ ਮਿਲ ਚੁੱਕੀ ਹੈ, ਉਨ੍ਹਾਂ ਦੀ ਵਿਸ਼ੇਸ਼ ਨਿਗਰਾਨੀ ਕੀਤੀ ਜਾ ਰਹੀ ਹੈ। ਪਿੰਡ ਦੇ ਗੁਰਦੁਆਰਾ ਸਾਹਿਬ ਵਿੱਚ 24 ਘੰਟੇ ਮੈਡੀਕਲ ਕੈਂਪ ਲਗਾ ਕੇ ਡਾਕਟਰਾਂ ਅਤੇ ਸਟਾਫ਼ ਦੀ ਤਾਇਨਾਤੀ ਕੀਤੀ ਗਈ ਹੈ, ਤਾਂ ਜੋ ਲੋੜ ਪੈਣ 'ਤੇ ਤੁਰੰਤ ਇਲਾਜ ਮੁਹੱਈਆ ਕਰਵਾਇਆ ਜਾ ਸਕੇ। ਜ਼ਿਲ੍ਹਾ ਸਿਵਲ ਹਸਪਤਾਲ ਵਿੱਚ ਇਸ ਸਮੇਂ 10 ਮਰੀਜ਼ ਦਾਖਲ ਹਨ, ਜਿਨ੍ਹਾਂ ਦਾ ਇਲਾਜ ਜਾਰੀ ਹੈ।
ਪਿੰਡ ਵਾਸੀਆਂ ਨੂੰ ਸਾਵਧਾਨੀ ਵਰਤਣ ਦੀ ਸਲਾਹ
ਸਿਹਤ ਵਿਭਾਗ ਨੇ ਪਿੰਡ ਵਾਸੀਆਂ ਨੂੰ ਸਖ਼ਤ ਹਦਾਇਤ ਦਿੱਤੀ ਹੈ ਕਿ ਉਹ ਪਾਣੀ ਨੂੰ ਉਬਾਲ ਕੇ ਹੀ ਪੀਣ ਅਤੇ ਸਾਫ਼-ਸਫਾਈ ਦਾ ਵਿਸ਼ੇਸ਼ ਧਿਆਨ ਰੱਖਣ। ਇਸ ਦੇ ਨਾਲ ਹੀ ਖੁੱਲ੍ਹੇ ਵਿੱਚ ਪਏ ਪਾਣੀ ਅਤੇ ਗੰਦਗੀ ਤੋਂ ਦੂਰ ਰਹਿਣ ਦੀ ਸਲਾਹ ਦਿੱਤੀ ਗਈ ਹੈ।
ਵੈਟਨਰੀ ਵਿਭਾਗ ਨੇ ਵਧਾਈ ਚੌਕਸੀ
ਵੈਟਨਰੀ ਅਫ਼ਸਰ ਖੁਸ਼ਕਰਨ ਸਿੰਘ ਨੇ ਦੱਸਿਆ ਕਿ ਜੋ ਪਸ਼ੂ ਲੈਪਟੋਸਪਾਇਰੋਸਿਸ ਪਾਜ਼ੀਟਿਵ ਪਾਏ ਗਏ ਹਨ, ਉਨ੍ਹਾਂ ਨੂੰ ਦੂਜੇ ਪਸ਼ੂਆਂ ਤੋਂ ਵੱਖ ਰੱਖਿਆ ਗਿਆ ਹੈ ਤਾਂ ਜੋ ਸੰਕਰਮਣ ਨਾ ਫੈਲੇ। ਪ੍ਰਭਾਵਿਤ ਪਸ਼ੂਆਂ ਦਾ ਇਲਾਜ ਸ਼ੁਰੂ ਕਰ ਦਿੱਤਾ ਗਿਆ ਹੈ ਅਤੇ ਉਨ੍ਹਾਂ ਦੀ ਨਿਯਮਤ ਨਿਗਰਾਨੀ ਕੀਤੀ ਜਾ ਰਹੀ ਹੈ। ਉਨ੍ਹਾਂ ਨੇ ਪਿੰਡ ਵਾਸੀਆਂ ਨੂੰ ਸਲਾਹ ਦਿੱਤੀ ਕਿ ਪਸ਼ੂਆਂ ਦਾ ਦੁੱਧ ਚੰਗੀ ਤਰ੍ਹਾਂ ਉਬਾਲ ਕੇ ਹੀ ਵਰਤਣ ਅਤੇ ਪਸ਼ੂਆਂ ਦੇ ਸੰਪਰਕ ਵਿੱਚ ਆਉਣ ਦੌਰਾਨ ਸਾਵਧਾਨੀ ਵਰਤਣ। ਵਿਭਾਗ ਦੀਆਂ ਟੀਮਾਂ ਲਗਾਤਾਰ ਪਸ਼ੂਆਂ ਦੇ ਖੂਨ, ਸੀਰਮ ਅਤੇ ਪਿਸ਼ਾਬ ਦੇ ਸੈਂਪਲ ਲੈ ਕੇ ਜਾਂਚ ਕਰ ਰਹੀਆਂ ਹਨ।
ਕੀ ਹੈ ਲੈਪਟੋਸਪਾਇਰੋਸਿਸ?
ਮਾਹਿਰਾਂ ਅਨੁਸਾਰ ਲੈਪਟੋਸਪਾਇਰੋਸਿਸ ਇੱਕ ਗੰਭੀਰ ਸੰਕਰਮਣ ਵਾਲੀ ਬਿਮਾਰੀ ਹੈ, ਜੋ ਲੈਪਟੋਸਪਾਇਰਾ ਬੈਕਟੀਰੀਆ ਕਾਰਨ ਹੁੰਦੀ ਹੈ। ਇਹ ਬਿਮਾਰੀ ਪਸ਼ੂਆਂ ਅਤੇ ਇਨਸਾਨਾਂ ਦੋਵਾਂ ਵਿੱਚ ਫੈਲ ਸਕਦੀ ਹੈ। ਇਸ ਦਾ ਸੰਕਰਮਣ ਮੁੱਖ ਤੌਰ 'ਤੇ ਸੰਕਰਮਿਤ ਪਸ਼ੂਆਂ ਦੇ ਪਿਸ਼ਾਬ, ਦੂਸ਼ਿਤ ਪਾਣੀ ਜਾਂ ਮਿੱਟੀ ਦੇ ਸੰਪਰਕ ਵਿੱਚ ਆਉਣ ਨਾਲ ਫੈਲਦਾ ਹੈ।
ਲੱਛਣ ਤੇ ਖ਼ਤਰੇ
ਪਸ਼ੂਆਂ ਵਿਚ ਤੇਜ਼ ਬੁਖਾਰ, ਸੁਸਤੀ, ਪੀਲੀਆ, ਦੁੱਧ ਉਤਪਾਦਨ ਵਿੱਚ ਕਮੀ, ਗਰਭਪਾਤ ਅਤੇ ਪਿਸ਼ਾਬ ਦੇ ਰੰਗ ਵਿੱਚ ਬਦਲਾਅ। ਸਮੇਂ ਸਿਰ ਇਲਾਜ ਨਾ ਮਿਲਣ 'ਤੇ ਇਹ ਜਾਨਲੇਵਾ ਸਾਬਤ ਹੋ ਸਕਦੀ ਹੈ।
ਇਨਸਾਨਾਂ ਵਿਚ ਬੁਖਾਰ, ਸਿਰਦਰਦ, ਉਲਟੀ, ਪੀਲੀਆ ਅਤੇ ਕਿਡਨੀ ਤੇ ਲੀਵਰ 'ਤੇ ਅਸਰ।
ਆਰਥਿਕ ਨੁਕਸਾਨ: ਪਸ਼ੂ ਪਾਲਕਾਂ ਲਈ ਇਹ ਵੱਡਾ ਆਰਥਿਕ ਸੰਕਟ ਬਣ ਸਕਦੀ ਹੈ ਕਿਉਂਕਿ ਇਸ ਨਾਲ ਦੁੱਧ ਦੀ ਪੈਦਾਵਾਰ ਘਟਦੀ ਹੈ ਅਤੇ ਪਸ਼ੂਆਂ ਦੀ ਮੌਤ ਜਾਂ ਪ੍ਰਜਨਨ ਸਮਰੱਥਾ 'ਤੇ ਮਾੜਾ ਅਸਰ ਪੈਂਦਾ ਹੈ।