ਕੁਦਰਤੀ ਸਰੋਤਾ ਦੀ ਸੰਭਾਲ ਸਮੇਂ ਦੀ ਸਭ ਤੋਂ ਵੱਡੀ ਲੋੜ
ਕੁਦਰਤੀ ਸਰੋਤਾ ਦੀ ਸੰਭਾਲ ਸਮੇਂ ਦੀ ਸਭ ਤੋਂ ਵੱਡੀ ਲੋੜ
Publish Date: Sat, 09 May 2026 03:30 PM (IST)
Updated Date: Sat, 09 May 2026 03:32 PM (IST)

ਗੌਰਵ ਗੌੜ ਜੌਲੀ, ਪੰਜਾਬੀ ਜਾਗਰਣ ਜ਼ੀਰਾ : ਕੁਦਰਤ ਵੱਲੋਂ ਮਨੁੱਖਤਾ ਨੂੰ ਬਖ਼ਸ਼ੀਆਂ ਦਾਤਾਂ ਵਿਚ ਪਾਣੀ ਸਭ ਤੋਂ ਕੀਮਤੀ ਨੇਮਤ ਹੈ ਅਤੇ ਇਸ ਦੀ ਸੰਭਾਲ ਕਰਨਾ ਹਰ ਇਨਸਾਨ ਦਾ ਪਹਿਲਾ ਫਰਜ਼ ਬਣਦਾ ਹੈ। ਜੇਕਰ ਅੱਜ ਸਮੇਂ ਸਿਰ ਪਾਣੀ ਦੀ ਸਹੀ ਵਰਤੋਂ ਅਤੇ ਸੰਭਾਲ ਵੱਲ ਧਿਆਨ ਨਾ ਦਿੱਤਾ ਗਿਆ ਤਾਂ ਆਉਣ ਵਾਲੇ ਸਮੇਂ ਵਿਚ ਮਨੁੱਖਤਾ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਹ ਪ੍ਰਗਟਾਵਾ ਕਰਦਿਆਂ ਪ੍ਰਕਿਰਤੀ ਕਲੱਬ ਦੇ ਪ੍ਰਧਾਨ ਜਰਨੈਲ ਸਿੰਘ ਭੁੱਲਰ, ਵਾਤਾਵਰਣ ਪ੍ਰੇਮੀ ਅਤੇ ਸਾਹਿਤਕਾਰ ਗੁਰਚਰਨ ਨੂਰਪੁਰ, ਸਮਾਜ ਸੇਵੀ ਅੰਗਰੇਜ਼ ਸਿੰਘ ਅਟਵਾਲ, ਸੇਵਾ ਮੁਕਤ ਲੈਕਚਰਾਰ ਨਰਿੰਦਰ ਸਿੰਘ, ਸਮਾਜ ਸੇਵੀ ਓਮ ਪ੍ਰਕਾਸ਼ ਪੁਰੀ ਨੇ ਕਿਹਾ ਕਿ ਪਾਣੀ ਸਿਰਫ ਜੀਵਨ ਦਾ ਆਧਾਰ ਹੀ ਨਹੀਂ, ਸਗੋਂ ਧਰਤੀ ਦੀ ਹਰਿਆਵਲੀ, ਖੇਤੀਬਾੜੀ ਅਤੇ ਮਨੁੱਖੀ ਜੀਵਨ ਦੀ ਰੂਹ ਹੈ। ਜੇ ਇਸ ਕੁਦਰਤੀ ਦਾਤ ਨੂੰ ਸਮਝਦਾਰੀ ਅਤੇ ਸੀਮਤ ਤਰੀਕੇ ਨਾਲ ਵਰਤਿਆ ਜਾਵੇ ਤਾਂ ਇਹ ਹਰ ਜੀਵ ਨੂੰ ਜੀਵਨ ਦਿੰਦਾ ਹੈ, ਪਰ ਜੇ ਇਸ ਦੀ ਬੇਦਰਦੀ ਨਾਲ ਬਰਬਾਦੀ ਕੀਤੀ ਜਾਵੇ ਤਾਂ ਇਹੀ ਕਮੀ ਧਰਤੀ ਨੂੰ ਬੰਜਰ ਬਣਾਉਣ ਦਾ ਕਾਰਨ ਵੀ ਬਣ ਸਕਦੀ ਹੈ। ਉਨ੍ਹਾਂ ਚਿੰਤਾ ਜ਼ਾਹਿਰ ਕਰਦਿਆਂ ਕਿਹਾ ਕਿ ਅੱਜ ਸਮਾਜ ਵਿੱਚ ਲੋੜ ਤੋਂ ਵੱਧ ਪਾਣੀ ਦੀ ਵਰਤੋਂ ਆਮ ਹੋ ਚੁੱਕੀ ਹੈ, ਜਿਸ ਨਾਲ ਭਵਿੱਖ ਲਈ ਖ਼ਤਰਨਾਕ ਹਾਲਾਤ ਪੈਦਾ ਹੋ ਰਹੇ ਹਨ।ਉਨ੍ਹਾਂ ਕਿਹਾ ਕਿ ਲੋਕ ਅਕਸਰ ਗੱਡੀਆਂ ਧੋਣ, ਘਰਾਂ ਦੀ ਸਫ਼ਾਈ ਅਤੇ ਹੋਰ ਰੋਜ਼ਾਨਾ ਕੰਮਾਂ ਦੌਰਾਨ ਪਾਣੀ ਨੂੰ ਬਿਨਾਂ ਲੋੜ ਦੇ ਲਗਾਤਾਰ ਵਗਣ ਦਿੰਦੇ ਹਨ, ਜੋ ਬੇਹੱਦ ਚਿੰਤਾਜਨਕ ਗੱਲ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਪਾਣੀ ਦੀ ਹਰ ਬੂੰਦ ਦੀ ਕਦਰ ਕੀਤੀ ਜਾਵੇ ਅਤੇ ਇਸ ਦੀ ਫ਼ਜ਼ੂਲ ਖਪਤ ਨੂੰ ਤੁਰੰਤ ਰੋਕਿਆ ਜਾਵੇ। ਉਨ੍ਹਾਂ ਹੋਰ ਕਿਹਾ ਕਿ ਕੁਦਰਤ ਦੀ ਹਰ ਦਾਤ ਨੂੰ ਸਾਂਭ ਕੇ ਵਰਤਣਾ ਮਨੁੱਖ ਦਾ ਸਭ ਤੋਂ ਵੱਡਾ ਧਰਮ ਹੈ ਅਤੇ ਇਸ ਧਰਮ ਦੀ ਪਾਲਣਾ ਕਰਦਿਆਂ ਸਾਨੂੰ ਪਾਣੀ ਦੀ ਨਾਜਾਇਜ਼ ਵਰਤੋਂ ਘਟਾਉਣ ਲਈ ਸਾਂਝੇ ਯਤਨ ਕਰਨੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਜੇ ਅੱਜ ਅਸੀਂ ਜਾਗਰੂਕ ਹੋ ਕੇ ਪਾਣੀ ਬਚਾਉਣ ਵੱਲ ਕਦਮ ਚੁੱਕੀਏ ਤਾਂ ਹੀ ਆਉਣ ਵਾਲੀਆਂ ਪੀੜ੍ਹੀਆਂ ਨੂੰ ਸੁਰੱਖਿਅਤ ਅਤੇ ਸੁਖਾਲਾ ਭਵਿੱਖ ਦਿੱਤਾ ਜਾ ਸਕੇਗਾ।