ਕਾਂਗਰਸ ਵੱਲੋਂ ਫਿਰੋਜ਼ਪੁਰ ਦਿਹਾਤੀ ਦੇ ਪਿੰਡ ਸ਼ਹਿਜਾਦੀ ਵਿਖੇ ਪੀੜਤ ਕਿਸਾਨ ਦੀ ਮਦਦ
ਕਾਂਗਰਸ ਨੇ ਫਿਰੋਜ਼ਪੁਰ ਦਿਹਾਤੀ ਦੇ ਪਿੰਡ ਸ਼ਹਿਜਾਦੀ ਵਿਖੇ ਪੀੜ੍ਹਤ ਕਿਸਾਨ ਦੀ ਕੀਤੀ ਮੱਦਦ
Publish Date: Sun, 19 Apr 2026 03:58 PM (IST)
Updated Date: Sun, 19 Apr 2026 04:00 PM (IST)

ਹਰਚਰਨ ਸਿੰਘ ਸਾਮਾ, ਪੰਜਾਬੀ ਜਾਗਰਣ ਫਿਰੋਜ਼ਪੁਰ : ਕਿਸਾਨਾਂ ਦੇ ਹੱਕਾਂ ਅਤੇ ਉਨ੍ਹਾਂ ਦੀਆਂ ਮੁਸ਼ਕਲਾਂ ਵਿਚ ਹਮੇਸ਼ਾ ਮੋਹਰੀ ਰਹਿਣ ਵਾਲੀ ਕਾਂਗਰਸ ਪਾਰਟੀ ਨੇ ਇਕ ਵਾਰ ਫਿਰ ਸਾਬਤ ਕਰ ਦਿੱਤਾ ਹੈ ਕਿ ਉਹ ਅੰਨਦਾਤਾ ਦੇ ਹਰ ਦੁੱਖ-ਸੁੱਖ ਵਿਚ ਉਨ੍ਹਾਂ ਦੇ ਨਾਲ ਖੜੀ ਹੈ। ਫਿਰੋਜ਼ਪੁਰ ਦਿਹਾਤੀ ਦੇ ਹਲਕਾ ਇੰਚਾਰਜ਼ ਅਮਰਦੀਪ ਸਿੰਘ ਆਸ਼ੂ ਬੰਗੜ ਦੀ ਅਗਵਾਈ ਵਿਚ ਕਾਂਗਰਸੀ ਵਰਕਰਾਂ ਨੇ ਅੱਗ ਲੱਗਣ ਕਾਰਨ ਬਰਬਾਦ ਹੋਈ ਫ਼ਸਲ ਦੇ ਪੀੜ੍ਹਤ ਕਿਸਾਨ ਦੀ ਬਾਂਹ ਫੜ ਕੇ ਮਾਨਵਤਾ ਦੀ ਮਿਸਾਲ ਪੇਸ਼ ਕੀਤੀ ਹੈ। ਪਿੰਡ ਸ਼ਹਿਜਾਦੀ ਵਿਖੇ ਉਸ ਸਮੇਂ ਬਹੁਤ ਹੀ ਮੰਦਭਾਗੀ ਘਟਨਾ ਵਾਪਰੀ ਜਦੋਂ ਮਿਹਨਤੀ ਕਿਸਾਨ ਜਗਸੀਰ ਸਿੰਘ ਦੀ 6 ਏਕੜ ਕਣਕ ਦੀ ਫ਼ਸਲ ਅਚਾਨਕ ਅੱਗ ਦੀ ਲਪੇਟ ਵਿਚ ਆ ਗਈ। ਜਿਸ ਫ਼ਸਲ ਨੂੰ ਕਿਸਾਨ ਨੇ ਪੁੱਤਾਂ ਵਾਂਗ ਪਾਲਿਆ ਸੀ ਅਤੇ ਜੋ ਕਟਾਈ ਲਈ ਬਿਲਕੁਲ ਤਿਆਰ ਸੀ, ਉਹ ਕੁਝ ਹੀ ਪਲਾਂ ਵਿਚ ਸੜ ਕੇ ਸੁਆਹ ਹੋ ਗਈ। ਇਸ ਹਾਦਸੇ ਕਾਰਨ ਕਿਸਾਨ ਦਾ ਲੱਖਾਂ ਰੁਪਏ ਦਾ ਨੁਕਸਾਨ ਹੋ ਗਿਆ ਹੈ। ਕਾਂਗਰਸ ਦੇ ਹਲਕਾ ਇੰਚਾਰਜ਼ ਆਸ਼ੂ ਬੰਗੜ ਆਪਣੀ ਟੀਮ ਸਮੇਤ ਮੌਕੇ ’ਤੇ ਪਹੁੰਚੇ ਅਤੇ ਸਾਰੇ ਹਾਲਾਤ ਦਾ ਜਾਇਜ਼ਾ ਲਿਆ। ਕਿਸਾਨ ਦੇ ਦਰਦ ਨੂੰ ਮਹਿਸੂਸ ਕਰਦਿਆਂ ਬੰਗੜ ਨੇ ਤੁਰੰਤ ਨਿੱਜੀ ਤੌਰ ’ਤੇ ਮੱਦਦ ਦਾ ਹੱਥ ਵਧਾਇਆ। ਉਨ੍ਹਾਂ ਵੱਲੋਂ ਪੀੜਤ ਕਿਸਾਨ ਜਗਸੀਰ ਸਿੰਘ ਨੂੰ 5,000 ਰੁਪਏ ਪ੍ਰਤੀ ਏਕੜ ਦੇ ਹਿਸਾਬ ਨਾਲ 30,000 ਰੁਪਏ ਦੀ ਸਹਾਇਤਾ ਰਾਸ਼ੀ ਮੌਕੇ ’ਤੇ ਹੀ ਭੇਟ ਕੀਤੀ ਗਈ। ਇਸ ਮੌਕੇ ਗੱਲਬਾਤ ਕਰਦਿਆਂ ਆਸ਼ੂ ਬੰਗੜ ਨੇ ਕਿਹਾ ਸੇਵਾ ਹੀ ਸਾਡਾ ਸੰਕਲਪ ਹੈ। ਕਿਸਾਨ ਵੀਰ ਦੇ ਇਸ ਵੱਡੇ ਨੁਕਸਾਨ ਦੀ ਭਰਪਾਈ ਤਾਂ ਕੋਈ ਨਹੀਂ ਕਰ ਸਕਦਾ, ਪਰ ਇਸ ਦੁੱਖ ਦੀ ਘੜੀ ਵਿਚ ਉਨ੍ਹਾਂ ਦੇ ਨਾਲ ਖੜ੍ਹਨਾ ਸਾਡਾ ਫਰਜ਼ ਹੈ। ਉਨ੍ਹਾਂ ਨੇ ਮੌਜ਼ੂਦਾ ਸਰਕਾਰ ਅਤੇ ਪ੍ਰਸ਼ਾਸਨ ਤੋਂ ਜ਼ੋਰਦਾਰ ਮੰਗ ਕੀਤੀ ਕਿ ਪ੍ਰਭਾਵਿਤ ਖੇਤਾਂ ਦੀ ਤੁਰੰਤ ਵਿਸ਼ੇਸ਼ ਗਿਰਦਾਵਰੀ ਕਰਵਾਈ ਜਾਵੇ ਅਤੇ ਕਿਸਾਨ ਨੂੰ ਬਣਦਾ ਪੂਰਾ ਮੁਆਵਜ਼ਾ ਦਿੱਤਾ ਜਾਵੇ ਤਾਂ ਜੋ ਉਸ ਨੂੰ ਆਰਥਿਕ ਸੰਕਟ ਵਿੱਚੋਂ ਕੱਢਿਆ ਜਾ ਸਕੇ। ਇਸ ਮੌਕੇ ਉਨ੍ਹਾਂ ਦੇ ਨਾਲ ਲਖਬੀਰ ਸਿੰਘ ਲੱਖਾ, ਜੁਗਿੰਦਰ ਸਿੰਘ ਸਰਪੰਚ, ਬਲਵੰਤ ਸਿੰਘ ਪ੍ਰਧਾਨ, ਬਲਦੇਵ ਸਿੰਘ, ਬਲਵਿੰਦਰ ਸਿੰਘ, ਹਰਜਿੰਦਰ ਸਿੰਘ, ਚਮਕੌਰ ਸਿੰਘ, ਬੂਟਾ ਸਿੰਘ, ਪ੍ਰਗਟ ਸਿੰਘ, ਵਿਰਸਾ ਸਿੰਘ, ਕਮਲਪ੍ਰੀਤ ਸਿੰਘ ਬਲਾਕ ਪ੍ਰਧਾਨ, ਮੁਨੀਸ਼ ਸਲਹਾਣੀ, ਗੋਪੀ ਔਲਖ, ਮਨਪ੍ਰੀਤ ਭੁੱਲਰ, ਮਨਦੀਪ ਅਨਾਰਕਲੀ, ਜੋਬਨ ਧਾਲੀਵਾਲ ਅਤੇ ਹੋਰ ਪਤਵੰਤੇ ਸੱਜਣ ਹਾਜ਼ਰ ਸਨ।