ਮਹਿੰਗਾਈ ਖ਼ਿਲਾਫ਼ ਕਾਂਗਰਸ ਦਾ ਹੱਲਾ ਬੋਲ, ਗੈਸ ਸਿਲੰਡਰ ਲੈ ਕੇ ਸੜਕਾਂ 'ਤੇ ਉੱਤਰੇ ਭਾਜਪਾ ਵਰਕਰ
ਮਹਿੰਗਾਈ ਖ਼ਿਲਾਫ਼ ਕਾਂਗਰਸ ਦਾ ਹੱਲਾ ਬੋਲ, ਗੈਸ ਸਿਲੰਡਰ ਲੈ ਕੇ ਸੜਕਾਂ 'ਤੇ ਉੱਤਰੇ ਵਰਕਰ, ਭਾਜਪਾ 'ਤੇ ਵਿੰਨ੍ਹਿਆ ਨਿਸ਼ਾਨਾ
Publish Date: Sun, 31 May 2026 05:09 PM (IST)
Updated Date: Sun, 31 May 2026 05:11 PM (IST)

ਪੰਜਾਬੀ ਜਾਗਰਣ ਰਿਪੋਰਟਰ, ਜਲਾਲਾਬਾਦ : ਦੇਸ਼ ਵਿੱਚ ਵਧ ਰਹੀ ਮਹਿੰਗਾਈ ਅਤੇ ਬਾਲਣ ਦੀਆਂ ਵਧਦੀਆਂ ਕੀਮਤਾਂ ਖ਼ਿਲਾਫ਼ ਕਾਂਗਰਸ ਨੇ ਅੱਜ ਸੜਕਾਂ ਤੇ ਉੱਤਰ ਕੇ ਜ਼ੋਰਦਾਰ ਪ੍ਰਦਰਸ਼ਨ ਕੀਤਾ। ਬੰਟੀ ਵਾਟਸ ਦੀ ਅਗਵਾਈ ਹੇਠ ਅੱਜ ਜਲਾਲਾਬਾਦ ਦੇ ਮੁੱਖ ਬਾਜ਼ਾਰਾਂ ਵਿੱਚ ਕਾਂਗਰਸ ਪਾਰਟੀ ਦੀ ਸਮੁੱਚੀ ਟੀਮ ਵੱਲੋਂ ਕੇਂਦਰ ਦੀ ਭਾਰਤੀ ਜਨਤਾ ਪਾਰਟੀ (ਭਾਜਪਾ) ਸਰਕਾਰ ਖ਼ਿਲਾਫ਼ ਜ਼ੋਰਦਾਰ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਦੌਰਾਨ ਕਾਂਗਰਸੀ ਆਗੂਆਂ ਅਤੇ ਵਰਕਰਾਂ ਨੇ ਪੈਟਰੋਲ, ਡੀਜ਼ਲ ਅਤੇ ਰਸੋਈ ਗੈਸ ਸਿਲੰਡਰ ਦੀਆਂ ਵਧਦੀਆਂ ਕੀਮਤਾਂ ਨੂੰ ਲੈ ਕੇ ਸਰਕਾਰ ਦੀਆਂ ਨੀਤੀਆਂ ਦੀ ਕੜੀ ਆਲੋਚਨਾ ਕੀਤੀ। ਜਲਾਲਾਬਾਦ ਵਿੱਚ ਸ਼ਹੀਦ ਊਧਮ ਸਿੰਘ ਚੌਕ ਨੇੜੇ ਵੱਡੀ ਗਿਣਤੀ ਵਿੱਚ ਕਾਂਗਰਸੀ ਵਰਕਰ ਅਤੇ ਆਗੂ ਇਕੱਠੇ ਹੋਏ ਅਤੇ ਕੇਂਦਰ ਦੀ ਭਾਜਪਾ ਸਰਕਾਰ ਖ਼ਿਲਾਫ਼ ਮੋਰਚਾ ਖੋਲ੍ਹ ਦਿੱਤਾ। ਪ੍ਰਦਰਸ਼ਨ ਦੌਰਾਨ ਵਰਕਰਾਂ ਨੇ ਖੱਚਰ-ਰੇਹੜੇ ਤੇ ਬੈਠ ਕੇ ਅਤੇ ਗੈਸ ਸਿਲੰਡਰ ਨਾਲ ਰੱਖ ਕੇ ਅਨੋਖੇ ਤਰੀਕੇ ਨਾਲ ਵਿਰੋਧ ਦਰਜ ਕਰਵਾਇਆ, ਜਿਸ ਨਾਲ ਮਾਹੌਲ ਕਾਫ਼ੀ ਗਰਮਾ ਗਿਆ। ਪ੍ਰਦਰਸ਼ਨਕਾਰੀਆਂ ਨੇ ਦੋਸ਼ ਲਾਇਆ ਕਿ ਭਾਜਪਾ ਸਰਕਾਰ ਲਗਾਤਾਰ ਐਲ.ਪੀ.ਜੀ., ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਧਾ ਕੇ ਆਮ ਜਨਤਾ ਦਾ ਲੱਕ ਤੋੜ ਰਹੀ ਹੈ। ਇਸ ਮੌਕੇ ਸਾਬਕਾ ਮੰਤਰੀ ਹੰਸ ਰਾਜ ਜੋਸਨ ਨੇ ਕਹਾ ਕਿ ਹਾਲ ਹੀ ਵਿੱਚ 5 ਰਾਜਾਂ ਦੀਆਂ ਚੋਣਾਂ ਮੁਕੰਮਲ ਹੋਣ ਤੋਂ ਬਾਅਦ ਸਰਕਾਰ ਨੇ ਤੁਰੰਤ ਬਾਲਣ ਦੀਆਂ ਕੀਮਤਾਂ ਵਿੱਚ ਵਾਧਾ ਕਰ ਦਿੱਤਾ, ਜਿਸ ਤੋਂ ਸਾਫ਼ ਹੈ ਕਿ ਜਨਤਾ ਨੂੰ ਮਹਿੰਗਾਈ ਦੇ ਬੋਝ ਹੇਠ ਦੱਬਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਚੋਣਾਂ ਵੇਲੇ ਵੱਖਰਾ ਰੁਖ਼ ਅਤੇ ਚੋਣਾਂ ਤੋਂ ਬਾਅਦ ਵੱਖਰੀ ਨੀਤੀ ਅਪਣਾ ਕੇ ਸਰਕਾਰ ਆਮ ਲੋਕਾਂ ਨਾਲ ਬੇਇਨਸਾਫ਼ੀ ਕਰ ਰਹੀ ਹੈ। ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਨੇ ਸਰਕਾਰ ਤੇ ਲਗਾਏ ਗੰਭੀਰ ਦੋਸ਼ ਉੱਥੇ ਹੀ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਵਿਕਾਸਦੀਪ ਚੌਧਰੀ ਨੇ ਵੀ ਸਰਕਾਰ ਤੇ ਗੰਭੀਰ ਦੋਸ਼ ਲਗਾਏ। ਉਨ੍ਹਾਂ ਕਿਹਾ ਕਿ ਕਾਂਗਰਸ ਸ਼ਾਸਨ ਦੌਰਾਨ ਐਲ.ਪੀ.ਜੀ. ਸਿਲੰਡਰ ਦੀ ਕੀਮਤ ਲਗਭਗ 400 ਰੁਪਏ ਸੀ, ਜੋ ਹੁਣ ਵਧ ਕੇ ਕਰੀਬ 1000 ਰੁਪਏ ਤੱਕ ਪਹੁੰਚ ਗਈ ਹੈ। ਇਸੇ ਤਰ੍ਹਾਂ ਕਮਰਸ਼ੀਅਲ ਗੈਸ ਸਿਲੰਡਰ ਦੇ ਦਾਮ ਵੀ ਲਗਭਗ 3000 ਰੁਪਏ ਤੱਕ ਪਹੁੰਚ ਚੁੱਕੇ ਹਨ। ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਲਗਾਤਾਰ ਵਾਧੇ ਨਾਲ ਨਾ ਸਿਰਫ਼ ਆਵਾਜਾਈ ਮਹਿੰਗੀ ਹੋਈ ਹੈ, ਸਗੋਂ ਰੋਜ਼ਾਨਾ ਦੀਆਂ ਸਾਰੀਆਂ ਵਸਤੂਆਂ ਦੀਆਂ ਕੀਮਤਾਂ ਤੇ ਵੀ ਇਸ ਦਾ ਸਿੱਧਾ ਅਸਰ ਪਿਆ ਹੈ। ਕਾਂਗਰਸੀ ਆਗੂਆਂ ਨੇ ਦੋਸ਼ ਲਾਇਆ ਕਿ ਸਰਕਾਰ ਵੱਡੇ ਕਾਰਪੋਰੇਟ ਘਰਾਣਿਆਂ ਨੂੰ ਫ਼ਾਇਦਾ ਪਹੁੰਚਾ ਰਹੀ ਹੈ, ਜਦਕਿ ਆਮ ਨਾਗਰਿਕ ਮਹਿੰਗਾਈ ਦੀ ਮਾਰ ਝੱਲ ਰਿਹਾ ਹੈ। ਪ੍ਰਦਰਸ਼ਨਕਾਰੀਆਂ ਨੇ ਮੰਗ ਕੀਤੀ ਕਿ ਐਲ.ਪੀ.ਜੀ., ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਤੁਰੰਤ ਘੱਟ ਕੀਤੀਆਂ ਜਾਣ ਤਾਂ ਜੋ ਆਮ ਜਨਤਾ ਨੂੰ ਰਾਹਤ ਮਿਲ ਸਕੇ। ਕਾਂਗਰਸੀ ਵਰਕਰਾਂ ਨੇ ਚੇਤਾਵਨੀ ਦਿੱਤੀ ਕਿ ਜੇਕਰ ਮਹਿੰਗਾਈ ਤੇ ਰੋਕ ਨਾ ਲੱਗੀ ਤਾਂ ਆਉਣ ਵਾਲੇ ਦਿਨਾਂ ਵਿੱਚ ਅੰਦੋਲਨ ਹੋਰ ਤੇਜ਼ ਕੀਤਾ ਜਾਵੇਗਾ। ਦੇਸ਼ ਵਿੱਚ ਵਧ ਰਹੀ ਮਹਿੰਗਾਈ ਅਤੇ ਬਾਲਣ ਦੀਆਂ ਵਧਦੀਆਂ ਕੀਮਤਾਂ ਖ਼ਿਲਾਫ਼ ਪ੍ਰਦਰਸ਼ਨ ਕਰਦੇ ਕਾਂਗਰਸੀ ਵਰਕਰ ਅਤੇ ਆਗੂ।