ਰੰਧਾਵਾ ਦੀ ਮੌਤ ਦੇ ਵਿਰੋਧ ‘ਚ ਕਾਂਗਰਸ ਦਾ ਰੋਸ, ਜਲਾਲਾਬਾਦ ‘ਚ ਕੱਢਿਆ ਕੈਂਡਲ ਮਾਰਚ
ਗਗਨਦੀਪ ਰੰਧਾਵਾ ਦੀ ਮੌਤ ਦੇ ਵਿਰੋਧ ‘ਚ ਕਾਂਗਰਸ ਦਾ ਰੋਸ, ਜਲਾਲਾਬਾਦ ‘ਚ ਕੱਢਿਆ ਕੈਂਡਲ ਮਾਰਚ
Publish Date: Wed, 25 Mar 2026 04:22 PM (IST)
Updated Date: Wed, 25 Mar 2026 04:26 PM (IST)

ਹੈਪੀ ਕਾਠਪਾਲ.ਪੰਜਾਬੀ ਜਾਗਰਣ ਜਲਾਲਾਬਾਦ : ਗਗਨਦੀਪ ਰੰਧਾਵਾ ਦੀ ਮੌਤ ਦੇ ਵਿਰੋਧ ਵਿੱਚ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੀ ਅਗਵਾਈ ਹੇਠ ਜਲਾਲਾਬਾਦ ਸ਼ਹਿਰ ਵਿੱਚ ਬੀਤੀ ਸ਼ਾਮ ਇੱਕ ਵਿਸ਼ਾਲ ਕੈਂਡਲ ਮਾਰਚ ਕੱਢਿਆ ਗਿਆ। ਇਸ ਮਾਰਚ ਵਿੱਚ ਕਾਂਗਰਸ ਦੇ ਆਗੂਆਂ, ਵਰਕਰਾਂ ਅਤੇ ਸ਼ਹਿਰ ਵਾਸੀਆਂ ਨੇ ਵੱਡੀ ਗਿਣਤੀ ਵਿੱਚ ਹਿੱਸਾ ਲਿਆ। ਸਾਰੇ ਲੋਕਾਂ ਨੇ ਹੱਥਾਂ ਵਿੱਚ ਮੋਮਬੱਤੀਆਂ ਫੜ ਕੇ ਗਗਨਦੀਪ ਰੰਧਾਵਾ ਨੂੰ ਸ਼ਰਧਾਂਜਲੀ ਭੇਟ ਕੀਤੀ ਅਤੇ ਮਾਮਲੇ ਦੀ ਨਿਰਪੱਖ ਜਾਂਚ ਦੀ ਮੰਗ ਕੀਤੀ। ਕੈਂਡਲ ਮਾਰਚ ਸ਼ਹਿਰ ਦੇ ਮੁੱਖ ਬਾਜ਼ਾਰਾਂ ਅਤੇ ਸੜਕਾਂ ਰਾਹੀਂ ਕੱਢਿਆ ਗਿਆ, ਜਿੱਥੇ ਲੋਕਾਂ ਨੇ ਸ਼ਾਂਤੀਪੂਰਵਕ ਤਰੀਕੇ ਨਾਲ ਮਾਰਚ ਕਰਦੇ ਹੋਏ ਪ੍ਰਸ਼ਾਸਨ ਖ਼ਿਲਾਫ਼ ਆਪਣਾ ਰੋਸ ਜਤਾਇਆ। ਇਸ ਦੌਰਾਨ “ਨਿਆਂ ਦਿਓ-ਨਿਆਂ ਦਿਓ” ਅਤੇ ‘ਦੋਸ਼ੀਆਂ ਨੂੰ ਸਜ਼ਾ ਦਿਓ’ ਦੇ ਨਾਅਰੇ ਵੀ ਗੂੰਜੇ, ਜਿਸ ਨਾਲ ਮਾਹੌਲ ਭਾਵੁਕ ਤੇ ਗੁੱਸੇ ਨਾਲ ਭਰਿਆ ਹੋਇਆ ਨਜ਼ਰ ਆਇਆ। ਇਸ ਮੌਕੇ ਪਾਰਟੀ ਦੇ ਮੁੱਖ ਬੁਲਾਰੇ ਰੂਬੀ ਗਿੱਲ, ਸਾਬਕਾ ਵਨ ਮੰਤਰੀ ਹੰਸ ਰਾਜ ਜੋਸਨ, ਕਾਂਗਰਸ ਪਾਰਟੀ ਦੇ ਓਬੀਸੀ ਸੈੱਲ ਦੇ ਚੇਅਰਮੈਨ ਰਾਜ ਬਖ਼ਸ਼ ਕੰਬੋਜ, ਬਲਾਕ ਕਾਂਗਰਸ ਦੇ ਸ਼ਹਿਰੀ ਪ੍ਰਧਾਨ ਬੰਟੀ ਵਾਟਸ, ਦੇਹਾਤੀ ਪ੍ਰਧਾਨ ਸ਼ਿੰਦਰ ਮਹਾਲਮ, ਪ੍ਰੀਤ ਕਮਰਾ, ਹਰਜਿੰਦਰ ਵਿਰਕ, ਪ੍ਰੇਮ ਕੰਬੋਜ, ਵਪਾਰ ਮੰਡਲ ਦੇ ਜ਼ਿਲ੍ਹਾ ਪ੍ਰਧਾਨ ਜਤਿੰਦਰ ਇੱਛਪੂਜਾਨੀ, ਕਾਰਤਿਕ ਠੱਕਰ, ਨੀਰਜ ਸਚਦੇਵਾ ਸਮੇਤ ਹੋਰ ਕਈ ਪਤਵੰਤੇ ਵਿਅਕਤੀ ਮੌਜੂਦ ਸਨ। ਆਗੂਆਂ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਗਗਨਦੀਪ ਰੰਧਾਵਾ ਦੀ ਮੌਤ ਬਹੁਤ ਹੀ ਦੁਖਦਾਈ ਅਤੇ ਸੰਦੇਹਜਨਕ ਹਾਲਾਤਾਂ ਵਿੱਚ ਹੋਈ ਹੈ, ਜਿਸ ਦੀ ਗਹਿਰਾਈ ਨਾਲ ਜਾਂਚ ਹੋਣੀ ਚਾਹੀਦੀ ਹੈ। ਉਨ੍ਹਾਂ ਦੋਸ਼ ਲਗਾਇਆ ਕਿ ਪ੍ਰਸ਼ਾਸਨ ਇਸ ਮਾਮਲੇ ਵਿੱਚ ਗੰਭੀਰਤਾ ਨਹੀਂ ਵਿਖਾ ਰਿਹਾ, ਜਿਸ ਕਾਰਨ ਲੋਕਾਂ ਵਿੱਚ ਰੋਸ ਵਧ ਰਿਹਾ ਹੈ। ਉਨ੍ਹਾਂ ਚੇਤਾਵਨੀ ਦਿੱਤੀ ਕਿ ਜੇ ਜਲਦੀ ਸੱਚ ਸਾਹਮਣੇ ਨਾ ਆਇਆ ਅਤੇ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਰਵਾਈ ਨਾ ਹੋਈ ਤਾਂ ਕਾਂਗਰਸ ਵੱਲੋਂ ਵੱਡਾ ਸੰਘਰਸ਼ ਕੀਤਾ ਜਾਵੇਗਾ। ਬੁਲਾਰਿਆਂ ਨੇ ਕਿਹਾ ਕਿ ਪੀੜਤ ਪਰਿਵਾਰ ਨੂੰ ਇਨਸਾਫ ਦਿਵਾਉਣਾ ਉਨ੍ਹਾਂ ਦੀ ਪਹਿਲ ਹੈ ਅਤੇ ਇਸ ਲਈ ਹਰ ਸੰਭਵ ਲੜਾਈ ਲੜੀ ਜਾਵੇਗੀ। ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਮਾਮਲੇ ਦੀ ਨਿਰਪੱਖ ਜਾਂਚ ਲਈ ਉੱਚ ਪੱਧਰੀ ਕਮੇਟੀ ਬਣਾਈ ਜਾਵੇ ਅਤੇ ਦੋਸ਼ੀਆਂ ਨੂੰ ਕੜੀ ਤੋਂ ਕੜੀ ਸਜ਼ਾ ਦਿੱਤੀ ਜਾਵੇ। ਮਾਰਚ ਦੇ ਅੰਤ ਵਿੱਚ ਸਾਰੇ ਹਾਜ਼ਰ ਲੋਕਾਂ ਨੇ ਦੋ ਮਿੰਟ ਦਾ ਮੌਨ ਧਾਰਨ ਕਰਕੇ ਵਿਛੁੜੀ ਰੂਹ ਦੀ ਸ਼ਾਂਤੀ ਲਈ ਅਰਦਾਸ ਕੀਤੀ। ਮਾਹੌਲ ਵਿੱਚ ਦੁੱਖ ਅਤੇ ਗੁੱਸੇ ਦਾ ਮਿਲਿਆ-ਜੁਲਿਆ ਅਹਿਸਾਸ ਵੇਖਣ ਨੂੰ ਮਿਲਿਆ।