19 ਉਮੀਦਵਾਰਾਂ ਦੇ ਨਾਮਜ਼ਦਗੀ ਪੱਤਰ ਰੱਦ, 173 ਉਮੀਦਵਾਰ ਮੈਦਾਨ ’ਚ ਡਟੇ
ਕਾਂਗਰਸ, ‘ਆਪ’ ਅਤੇ ਭਾਜਪਾ ਸਣੇ ਆਜ਼ਾਦ ਉਮੀਦਵਾਰਾਂ ਨੂੰ ਲੱਗਿਆ ਝਟਕਾ
Publish Date: Tue, 19 May 2026 06:54 PM (IST)
Updated Date: Tue, 19 May 2026 06:54 PM (IST)

ਪਰਮਿੰਦਰ ਸਿੰਘ ਥਿੰਦ,ਪੰਜਾਬੀ ਜਾਗਰਣ ਫਿਰੋਜ਼ਪੁਰ : ਨਾਮਜ਼ਦਗੀ ਪੱਤਰਾਂ ਦੀ ਬਰੀਕੀ ਨਾਲ ਜਾਂਚ ਹੋਣ ਮਗਰੋਂ ਨਗਰ ਕੌਂਸਲ ਚੋਣਾਂ ਨੂੰ ਲੈ ਕੇ ਸਿਆਸੀ ਸਰਗਰਮੀਆਂ ਤੇਜੀ ਫੜ ਰਹੀਆਂ ਹਨ। ਨਗਰ ਕੌਂਸਲ ਫਿਰੋਜ਼ਪੁਰ ਸ਼ਹਿਰ ਦੇ ਕੁੱਲ 33 ਵਾਰਡਾਂ ਲਈ ਦਾਖਲ ਕੀਤੇ ਗਏ ਨਾਮਜ਼ਦਗੀ ਪੱਤਰਾਂ ਦੀ ਜਾਂਚ ਦੌਰਾਨ ਵੱਖ-ਵੱਖ ਤਕਨੀਕੀ ਅਤੇ ਕਾਨੂੰਨੀ ਖਾਮੀਆਂ ਕਰਕੇ ਕੁੱਲ 19 ਉਮੀਦਵਾਰਾਂ ਦੇ ਨਾਮਜ਼ਦਗੀ ਪੱਤਰ ਰਿਜੈਕਟ (ਰੱਦ) ਕਰ ਦਿੱਤੇ ਗਏ ਹਨ। ਨਾਮਜਦਗੀ ਪੱਤਰ ਰੱਦ ਹੋਣ ਵਾਲੀਆਂ ਸਿਆਸੀ ਧਿਰਾਂ ਵਿੱਚ ਹਾਕਮ ਧਿਰ ਆਪ ਦੇ 4 , ਭਾਜਪਾ ਦੇ 4 ਅਤੇ ਕਾਂਗਰਸ ਦੇ 6 ਉਮੀਦਵਾਰਾਂ ਤੋਂ ਇਲਾਵਾ 5 ਅਜਾਦ ਉਮੀਦਵਾਰਾਂ ਦੇ ਨਾਮਜਦਗੀ ਪੱਤਰਾਂ ’ਚ ਕਮੀ ਦੇ ਚੱਲਦਿਆਂ ਰੱਦ ਕਰਨੇ ਪਏ। ਹੈਰਾਨੀਜਨਕ ਪਹਿਲੂ ਇਹ ਹੈ ਕਿ ਬੀਤੇ ਕੁੱਝ ਦਹਾਕਿਆਂ ਤੋਂ ਸੱਤਾਧਾਰੀ ਧਿਰ ਵੱਲੋਂ ਦੂਜਿਆਂ ਦੇ ਕਾਗਜ਼ ਰੱਦ ਕਰਵਾਉਣ ਦੇ ਦੋਸ਼ ਤਾਂ ਲੱਗਦੇ ਸਨ,ਪਰ ਹਾਕਮ ਧਿਰ ਦੇ ਉਮੀਦਵਾਰਾਂ ਦੇ ਕਾਗਜ਼ ਕਦੇ ਰੱਦ ਹੁੰਦੇ ਨਹੀਂ ਸੁਣੇ ਸਨ। ਇਸ ਤੋਂ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਪਾਰਦਰਸ਼ੀ ਢੰਗ ਨਾਲ ਕੀਤੀ ਪ੍ਰਕ੍ਰਿਰਿਆ ਦਾ ਅੰਦਾਜ਼ਾ ਲਗਾਇਆ ਜਾ ਸੱਕਦਾ ਹੈ। ਇਸ ਕਾਰਵਾਈ ਤੋਂ ਬਾਅਦ ਹੁਣ ਚੋਣ ਮੈਦਾਨ ਵਿਚ ਸਿਰਫ਼ 173 ਉਮੀਦਵਾਰ ਹੀ ਆਪਣੀ ਕਿਸਮਤ ਅਜ਼ਮਾਉਣ ਲਈ ਬਾਕੀ ਰਹਿ ਗਏ ਹਨ, ਜਿਸ ਕਾਰਨ ਚੋਣ ਮੁਕਾਬਲਾ ਬੇਹੱਦ ਦਿਲਚਸਪ ਹੋ ਗਿਆ ਹੈ। ਇਸ ਸਬੰਧੀ ਡਿਪਟੀ ਕਮਿਸ਼ਨਰ ਫਿਰੋਜ਼ਪੁਰ ਕਮ ਜ਼ਿਲ੍ਹਾ ਚੋਣ ਅਫਸਰ ਦੀਪਸ਼ਿਖਾ ਸ਼ਰਮਾ ਨੇ ਦੱਸਿਆ ਕਿ ਨਗਰ ਕੌਂਸਲ ਦੇ 33 ਵਾਰਡਾਂ ਵਿਚ ਚੋਣ ਲੜਨ ਲਈ ਕੁੱਲ 192 ਉਮੀਦਵਾਰਾਂ ਨੇ ਬੜੇ ਉਤਸ਼ਾਹ ਨਾਲ ਆਪਣੇ ਨਾਮਜ਼ਦਗੀ ਪੱਤਰ ਦਾਖਲ ਕੀਤੇ ਸਨ। ਉਮੀਦਵਾਰਾਂ ਵੱਲੋਂ ਜਮ੍ਹਾ ਕਰਵਾਏ ਗਏ ਇਨ੍ਹਾਂ ਦਸਤਾਵੇਜ਼ਾਂ ਦੀ ਚੋਣ ਅਧਿਕਾਰੀਆਂ ਵੱਲੋਂ ਬਾਰੀਕੀ ਨਾਲ ਜਾਂਚ ਕੀਤੀ ਗਈ। ਇਸ ਪੜਤਾਲ ਦੌਰਾਨ ਕਿਸੇ ਨਾ ਕਿਸੇ ਤਕਨੀਕੀ ਕਾਰਨ, ਅਧੂਰੀ ਜਾਣਕਾਰੀ ਜਾਂ ਨਿਯਮਾਂ ਦੀ ਉਲੰਘਣਾ ਕਰਕੇ 19 ਉਮੀਦਵਾਰਾਂ ਦੇ ਪੱਤਰ ਰੱਦ ਕਰਨੇ ਪਏ। ਇਸ ਪੜਤਾਲ ਪ੍ਰਕਿਰਿਆ ਦੌਰਾਨ ਵੱਖ-ਵੱਖ ਸਿਆਸੀ ਪਾਰਟੀਆਂ ਦੇ ਉਮੀਦਵਾਰਾਂ ਦੇ ਕਾਗਜ਼ਾਂ ਵਿਚ ਖਾਮੀਆਂ ਸਾਹਮਣੇ ਆਈਆਂ ਹਨ।ਜ਼ਿਲ੍ਹਾ ਚੋਣ ਅਫਸਰ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਸਭ ਤੋਂ ਵੱਧ ਨੁਕਸਾਨ ਕਾਂਗਰਸ ਪਾਰਟੀ ਨੂੰ ਝੱਲਣਾ ਪਿਆ ਹੈ, ਜਿਸ ਦੇ 6 ਉਮੀਦਵਾਰਾਂ ਦੇ ਨਾਮਜ਼ਦਗੀ ਪੱਤਰ ਰੱਦ ਕੀਤੇ ਗਏ ਹਨ। ਇਸੇ ਤਰ੍ਹਾਂ ਸੱਤਾਧਾਰੀ ਆਮ ਆਦਮੀ ਪਾਰਟੀ (ਆਪ) ਦੇ 4 ਅਤੇ ਭਾਰਤੀ ਜਨਤਾ ਪਾਰਟੀ (ਬੀਜੇਪੀ) ਦੇ ਵੀ 4 ਉਮੀਦਵਾਰਾਂ ਦੇ ਕਾਗਜ਼ ਰਿਜੈਕਟ ਹੋਏ ਹਨ। ਪਾਰਟੀਆਂ ਤੋਂ ਇਲਾਵਾ ਆਜ਼ਾਦ ਤੌਰ ’ਤੇ ਚੋਣ ਲੜਨ ਦੇ ਚਾਹਵਾਨ 5 ਉਮੀਦਵਾਰਾਂ ਦੇ ਪੱਤਰ ਵੀ ਰੱਦ ਕਰ ਦਿੱਤੇ ਗਏ ਹਨ। ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ ਪਾਰਟੀ ਲਈ ਇਹ ਪ੍ਰਕਿਰਿਆ ਬੇਹੱਦ ਰਾਹਤ ਭਰੀ ਰਹੀ। ਅਕਾਲੀ ਦਲ ਵੱਲੋਂ ਫਿਰੋਜ਼ਪੁਰ ਦੇ ਕੁੱਲ 33 ਵਾਰਡਾਂ ਵਿੱਚੋਂ ਕੇਵਲ 19 ਵਾਰਡਾਂ ਵਿਚ ਹੀ ਆਪਣੇ ਉਮੀਦਵਾਰ ਚੋਣ ਮੈਦਾਨ ਵਿਚ ਉਤਾਰੇ ਗਏ ਸਨ। ਚੋਣ ਪ੍ਰਸ਼ਾਸਨ ਦੀ ਜਾਂਚ ਦੌਰਾਨ ਅਕਾਲੀ ਦਲ ਦੇ ਕਿਸੇ ਵੀ ਉਮੀਦਵਾਰ ਦਾ ਨਾਮਜ਼ਦਗੀ ਪੱਤਰ ਰਿਜੈਕਟ ਨਹੀਂ ਹੋਇਆ ਅਤੇ ਉਨ੍ਹਾਂ ਦੇ ਸਾਰੇ 19 ਉਮੀਦਵਾਰਾਂ ਦੇ ਕਾਗਜ਼ ਬਿਲਕੁਲ ਸਹੀ ਅਤੇ ਦਰੁਸਤ ਪਾਏ ਗਏ ਹਨ। ਇਸ ਕਾਰਵਾਈ ਤੋਂ ਬਾਅਦ ਹੁਣ ਚੋਣ ਮੈਦਾਨ ਦੀ ਤਸਵੀਰ ਸਾਫ਼ ਹੋ ਗਈ ਹੈ ਅਤੇ ਬਾਕੀ ਬਚੇ 173 ਉਮੀਦਵਾਰਾਂ ਨੇ ਵਾਰਡਾਂ ਵਿਚ ਚੋਣ ਪ੍ਰਚਾਰ ਤੇਜ਼ ਕਰ ਦਿੱਤਾ ਹੈ।