ਬੱਚਿਆਂ ਨੂੰ 12 ਗੰਭੀਰ ਬਿਮਾਰੀਆਂ ਤੋਂ ਬਚਾਉਣ ਲਈ ਪੂਰਾ ਟੀਕਾਕਰਨ ਜ਼ਰੂਰੀ : ਡਾ. ਉਪਿੰਦਰ ਸਿੰਘ
ਬੱਚਿਆਂ ਨੂੰ 12 ਗੰਭੀਰ ਬਿਮਾਰੀਆਂ ਤੋਂ ਬਚਾਉਣ ਲਈ ਪੂਰਾ ਟੀਕਾਕਰਨ ਜ਼ਰੂਰੀ: ਡਾ. ਉਪਿੰਦਰ ਸਿੰਘ
Publish Date: Wed, 29 Apr 2026 04:36 PM (IST)
Updated Date: Wed, 29 Apr 2026 04:37 PM (IST)

ਨਰੇਸ਼ ਕੁਮਾਰ ਕਾਮਰਾ, ਪੰਜਾਬੀ ਜਾਗਰਣ ਫਾਜ਼ਿਲਕਾ :ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਅਤੇ ਸਿਵਲ ਸਰਜਨ ਡਾ. ਕਵਿਤਾ ਸਿੰਘ, ਜ਼ਿਲ੍ਹਾ ਟੀਕਾਕਰਨ ਅਧਿਕਾਰੀ ਡਾ. ਰਿੰਕੂ ਚਾਵਲਾ ਅਤੇ ਸੀਨੀਅਰ ਮੈਡੀਕਲ ਅਧਿਕਾਰੀ ਡਾ. ਉਪਿੰਦਰ ਸਿੰਘ ਦੀ ਨਿਗਰਾਨੀ ਹੇਠ ਖੂਈ ਖੇੜਾ ਬਲਾਕ ਵਿੱਚ ਵਿਸ਼ੇਸ਼ ਹਫਤਾਵਾਰੀ ਟੀਕਾਕਰਨ ਮੁਹਿੰਮ ਚਲਾਈ ਜਾ ਰਹੀ ਹੈ। ਇਹ ਮੁਹਿੰਮ 0 ਤੋਂ 5 ਸਾਲ ਦੀ ਉਮਰ ਵਰਗ ਦੇ ਉਹਨਾਂ ਬੱਚਿਆਂ ਲਈ ਚਲਾਈ ਜਾ ਰਹੀ ਹੈ, ਜੋ ਕਿਸੇ ਵੀ ਕਾਰਨ ਕਰਕੇ ਆਪਣੇ ਨਿਰਧਾਰਤ ਟੀਕਾਕਰਨ ਤੋਂ ਖੁੰਝ ਗਏ ਹਨ। ਐੱਸਐੱਮਓ ਡਾ. ਉਪਿੰਦਰ ਸਿੰਘ ਨੇ ਦੱਸਿਆ ਕਿ ਬੱਚਿਆਂ ਨੂੰ ਪੋਲੀਓ, ਪੀਲੀਆ, ਤਪਦਿਕ (ਟੀ.ਬੀ.), ਕਾਲੀ ਖੰਘ, ਟੈਟਨਸ, ਨਮੂਨੀਆ, ਦਸਤ, ਖਸਰਾ, ਰੁਬੇਲਾ ਅਤੇ ਅੰਨ੍ਹੇਪਣ ਸਮੇਤ 12 ਗੰਭੀਰ ਬਿਮਾਰੀਆਂ ਤੋਂ ਬਚਾਉਣ ਲਈ ਪੂਰਾ ਟੀਕਾਕਰਨ ਬਹੁਤ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਬਿਮਾਰੀਆਂ ਤੋਂ ਬਚਾਅ ਲਈ ਲੋੜੀਂਦੇ ਸਾਰੇ ਟੀਕੇ ਸਿਹਤ ਵਿਭਾਗ ਦੀ ਟੀਕਾਕਰਨ ਸੂਚੀ ਵਿੱਚ ਮੁਫ਼ਤ ਉਪਲਬਧ ਹਨ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਜਿਨ੍ਹਾਂ ਬੱਚਿਆਂ ਜਾਂ ਗਰਭਵਤੀ ਮਹਿਲਾਵਾਂ ਦਾ ਟੀਕਾਕਰਨ ਅਧੂਰਾ ਰਹਿ ਗਿਆ ਹੈ, ਉਹ ਆਪਣੇ ਨੇੜਲੇ ਸਿਹਤ ਕੇਂਦਰ ਵਿੱਚ ਪਹੁੰਚ ਕੇ ਪੂਰਾ ਟੀਕਾਕਰਨ ਕਰਵਾਉਣ। ਇਸ ਮੌਕੇ ਬਲਾਕ ਮਾਸ ਮੀਡੀਆ ਇੰਚਾਰਜ ਸੁਸ਼ੀਲ ਕੁਮਾਰ ਨੇ ਦੱਸਿਆ ਕਿ ਇਹ ਮੁਹਿੰਮ 24 ਅਪ੍ਰੈਲ ਤੋਂ 30 ਅਪ੍ਰੈਲ ਤੱਕ ਚਲਾਈ ਜਾ ਰਹੀ ਹੈ। ਇਸ ਦਾ ਮੁੱਖ ਉਦੇਸ਼ 0 ਤੋਂ 5 ਸਾਲ ਦੇ ਬੱਚਿਆਂ ਦਾ ਪੂਰਾ ਟੀਕਾਕਰਨ ਯਕੀਨੀ ਬਣਾਉਣਾ ਅਤੇ ਗਰਭਵਤੀ ਮਹਿਲਾਵਾਂ ਵਿੱਚ ਟੀਕਾਕਰਨ ਕਵਰੇਜ ਨੂੰ ਮਜ਼ਬੂਤ ਕਰਨਾ ਹੈ। ਉਨ੍ਹਾਂ ਕਿਹਾ ਕਿ ਮੁਹਿੰਮ ਦੌਰਾਨ ਪ੍ਰਵਾਸੀ ਆਬਾਦੀ ਅਤੇ ਝੁੱਗੀ-ਝੌਂਪੜੀ ਇਲਾਕਿਆਂ ਵਿੱਚ ਰਹਿੰਦੇ ਲੋਕਾਂ ਤੇ ਵਿਸ਼ੇਸ਼ ਧਿਆਨ ਦਿੱਤਾ ਜਾਵੇਗਾ। ਨਾਲ ਹੀ ਫੀਲਡ ਸਟਾਫ ਨੂੰ 100 ਫੀਸਦੀ ਟੀਕਾਕਰਨ ਕਵਰੇਜ ਯਕੀਨੀ ਬਣਾਉਣ ਲਈ ਨਿਰਦੇਸ਼ ਜਾਰੀ ਕੀਤੇ ਗਏ ਹਨ।