ਭਾਗਵਤ ਕਥਾ ਦੀ ਪੂਰਨ ਆਹੂਤੀ ਤੇ ਗਾਇਤਰੀ ਮਹਾਂਯਗ ਸਮਾਪਤ
ਫਿਰੋਜ਼ਪੁਰ ਵਿਖੇ ਭਾਗਵਤ ਕਥਾ ਦੀ ਪੂਰਨ ਆਹੂਤੀ ਅਤੇ ਗਾਇਤਰੀ ਮਹਾਂਯੱਗ ਸੰਪੰਨ
Publish Date: Tue, 28 Apr 2026 04:15 PM (IST)
Updated Date: Tue, 28 Apr 2026 04:19 PM (IST)

ਪਰਮਿੰਦਰ ਸਿੰਘ ਥਿੰਦ, ਪੰਜਾਬੀ ਜਾਗਰਣ ਫਿਰੋਜ਼ਪੁਰ : ਸਥਾਨਕ ਸਨਾਤਨ ਧਰਮ ਮਹਾਵੀਰ ਦਲ ਮੰਦਰ ਵਿਚ ਪਿਛਲੇ 8 ਦਿਨਾਂ ਤੋਂ ਚੱਲ ਰਹੀ ਸ੍ਰੀਮਦ ਭਾਗਵਤ ਕਥਾ ਦੀ ਅੱਜ ਪੂਰਨ ਆਹੂਤੀ ਪਾਈ ਗਈ ਅਤੇ ਵਿਸ਼ਾਲ ਭੰਡਾਰੇ ਦੇ ਨਾਲ ਕਾਰਜਕ੍ਰਮ ਸੰਪੰਨ ਹੋਇਆ। ਅੱਜ ਸ੍ਰੀ ਸ੍ਰੀ 1008 ਮਹਾਂਮੰਡਲੇਸ਼ਵਰ ਸਵਾਮੀ ਵਿਗਿਆਨਾਨੰਦ ਜੀ ਮਹਾਰਾਜ ਨੇ ਕਥਾ ਦੇ ਅੰਤਿਮ ਦਿਨ ਗਾਇਤਰੀ ਮਹਾਂਯੱਗ ਦਾ ਆਯੋਜਨ ਵੀ ਕੀਤਾ ਗਿਆ। ਇਸ ਮੌਕੇ ਵੱਡੀ ਗਿਣਤੀ ਵਿਚ ਸ਼ਰਧਾਲੂਆਂ ਨੇ ਹਾਜ਼ਰੀ ਭਰੀ ਅਤੇ ਕਥਾ ਦਾ ਆਨੰਦ ਮਾਣਿਆ। ਅੱਜ ਵੈਸਾਖ ਸ਼ੁਕਲ ਪੱਖ ਦੀ ਦਵਾਦਸ਼ੀ ਤਿਥੀ ਨੂੰ ਪਰਮ ਪੂਜਨੀਕ ਗੁਰੂਦੇਵ ਦਾ ਅਵਤਾਰ ਦਿਵਸ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਪਿਛਲੇ ਲਗਭਗ 50 ਸਾਲਾਂ ਤੋਂ ਸਾਰੇ ਭਗਤ ਮਿਲ ਕੇ ਹਰ ਸਾਲ ਇਹ ਦਿਨ ਮਨਾਉਂਦੇ ਆ ਰਹੇ ਹਨ। ਅੱਜ ਸਾਰੇ ਸ਼ਰਧਾਲੂਆਂ ਨੇ ਮਿਲ ਕੇ ਗੁਰੂ ਪੂਜਨ ਕੀਤਾ। ਇਸ ਜਨਮ ਉਤਸਵ ਵਿਚ ਫਿਰੋਜ਼ਪੁਰ ਦੇ ਸਥਾਨਕ ਭਗਤਾਂ ਤੋਂ ਇਲਾਵਾ ਅੰਮ੍ਰਿਤਸਰ, ਜਾਲੰਧਰ, ਕਰਤਾਰਪੁਰ, ਦਿੱਲੀ, ਮਹਿੰਦਰਗੜ੍ਹ, ਹਿਸਾਰ, ਅਬੋਹਰ, ਮੰਡੀ ਡੱਬਵਾਲੀ, ਕਾਲਾਂਵਾਲੀ ਅਤੇ ਹੋਰ ਕਈ ਥਾਵਾਂ ਤੋਂ ਭਗਤਾਂ ਨੇ ਸ਼ਮੂਲੀਅਤ ਕੀਤੀ। ਗੀਤਾ ਪ੍ਰਚਾਰ ਸਭਾ ਦੇ ਹੋਰ ਮੈਂਬਰਾਂ ਦੇ ਨਾਲ-ਨਾਲ ਪ੍ਰੇਮਨਾਥ ਸ਼ਰਮਾ ਨੇ ਸਪਰਿਵਾਰ ਅਤੇ ਅਸ਼ੋਕ ਕੱਕੜ, ਜਸਵੰਤ, ਪਿੰਕੀ, ਗੀਤਾ, ਸ਼ਿਆਮ ਸਿੰਘ ਨਾਰੰਗ ਆਦਿ ਭਗਤਾਂ ਨੇ ਤਨ-ਮਨ-ਧਨ ਨਾਲ ਸੇਵਾਵਾਂ ਨਿਭਾਈਆਂ। ਹਰਦੋਈ ਤੋਂ ਆਏ ਸੁਰੇਸ਼ਪਾਲ ਰਾਮਾਇਣੀ ਜੀ ਨੇ ਵੀ ਕਾਰਜਕ੍ਰਮ ਵਿਚ ਹਿੱਸਾ ਲਿਆ। ਸ੍ਰੀ ਗੁਰੂਦੇਵ ਮਹਾਰਾਜ ਜੀ ਨੇ ਸਾਰੇ ਭਗਤਾਂ ਨੂੰ ਆਸ਼ੀਰਵਾਦ ਦਿੱਤਾ। ਯੱਗ, ਭੰਡਾਰੇ ਅਤੇ ਭਜਨ ਸੰਕੀਰਤਨ ਦੇ ਨਾਲ ਇਹ ਪਵਿੱਤਰ ਕਾਰਜਕ੍ਰਮ ਬਹੁਤ ਹੀ ਸਫਲਤਾਪੂਰਵਕ ਸੰਪੰਨ ਹੋਇਆ।