ਪਰਿਵਾਰਕ ਸ਼ੈਲਰਾਂ ’ਚ ਕਣਕ ਭੇਜਣ ਦੇ ਦੋਸ਼
ਪਨਗਰੇਨ ਇੰਸਪੈਕਟਰ ਵਿਰੁੱਧ ਵਿਜੀਲੈਂਸ ਨੂੰ ਸ਼ਿਕਾਇਤ
Publish Date: Sat, 02 May 2026 08:01 PM (IST)
Updated Date: Sat, 02 May 2026 08:02 PM (IST)

ਪੰਜਾਬੀ ਜਾਗਰਣ ਰਿਪੋਰਟਰ, ਫਿਰੋਜ਼ਪੁਰ : ਜ਼ਿਲ੍ਹਾ ਫਿਰੋਜ਼ਪੁਰ ਦੀ ਮੰਡੀ ਚੁੱਗਤੇ ਵਾਲਾ ਵਿਚ ਸਰਕਾਰੀ ਕਣਕ ਦੀ ਖਰੀਦ ਦੌਰਾਨ ਵੱਡੇ ਪੱਧਰ ’ਤੇ ਧਾਂਦਲੀ ਅਤੇ ਭ੍ਰਿਸ਼ਟਾਚਾਰ ਦੇ ਮਾਮਲੇ ਸਾਹਮਣੇ ਆਏ ਹਨ। ਮੰਡੀ ਦੇ ਆੜ੍ਹਤੀਏ ਮਹਿੰਦਰ ਸਿੰਘ ਵਿਰਕ ਮੈਸ. ਜਗੀਰ ਸਿੰਘ ਐਂਡ ਸਨਜ਼ ਨੇ ਪਨਗਰੇਨ ਦੇ ਇੰਸਪੈਕਟਰ ਦੀਪਕ ਮਿੱਤਲ ਵਿਰੁੱਧ ਮੁੱਖ ਡਾਇਰੈਕਟਰ, ਵਿਜੀਲੈਂਸ ਬਿਊਰੋ ਪੰਜਾਬ ਅਤੇ ਮੁੱਖ ਮੰਤਰੀ ਪੰਜਾਬ ਨੂੰ ਲਿਖਤੀ ਸ਼ਿਕਾਇਤ ਦੇ ਕੇ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ। ਸ਼ਿਕਾਇਤਕਰਤਾ ਮਹਿੰਦਰ ਸਿੰਘ ਵਿਰਕ ਨੇ ਦੋਸ਼ ਲਾਉਂਦਿਆਂ ਦੱਸਿਆ ਕਿ ਇੰਸਪੈਕਟਰ ਦੀਪਕ ਮਿੱਤਲ ਆਪਣੇ ਅਹੁਦੇ ਦੀ ਦੁਰਵਰਤੋਂ ਕਰਦਿਆਂ ਮੰਡੀ ਵਿੱਚੋਂ ਖਰੀਦੀ ਗਈ ਕਣਕ ਨੂੰ 30 ਕਿਲੋਮੀਟਰ ਦੂਰ ਪਿੰਡ ਭਾਗੋ ਕੇ ਵਿਖੇ ਸਥਿੱਤ ਆਪਣੇ ਪਰਿਵਾਰਿਕ ਸ਼ੈਲਰਾਂ ਅਤੇ ਪਲਿੰਥਾਂ ਵਿਚ ਭੇਜ ਰਿਹਾ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਰਸਤੇ ਵਿੱਚ ਕਈ ਹੋਰ ਸਰਕਾਰੀ ਪਲਿੰਥ ਹੋਣ ਦੇ ਬਾਵਜੂਦ, ਸਿਰਫ਼ ਨਿਜੀ ਹਿੱਤਾਂ ਲਈ ਸਰਕਾਰੀ ਮਾਲ ਨੂੰ ਦੂਰ-ਦਰਾਡੇ ਭੇਜ ਕੇ ਸਰਕਾਰੀ ਖ਼ਜ਼ਾਨੇ ’ਤੇ ਬੋਝ ਪਾਇਆ ਜਾ ਰਿਹਾ ਹੈ। ਆੜ੍ਹਤੀਏ ਨੇ ਦੋਸ਼ ਲਾਇਆ ਕਿ ਉਕਤ ਇੰਸਪੈਕਟਰ ਫਰਮਾਂ ਤੋਂ ਰਿਸ਼ਵਤ ਦੀ ਮੰਗ ਕਰਦਾ ਹੈ। ਜੇਕਰ ਕੋਈ ਰਿਸ਼ਵਤ ਦੇਣ ਤੋਂ ਮਨਾ ਕਰਦਾ ਹੈ, ਤਾਂ ਉਹ ਮਾਲ ਦੀ ਤੋਲ ਵਿਚ ਨਜਾਇਜ਼ ‘ਕਾਟ’ ਕੱਟ ਕੇ ਬੋਰੀਆਂ ਘਟਾ ਦਿੰਦਾ ਹੈ, ਜਿਸ ਨਾਲ ਆੜ੍ਹਤੀਆਂ ਅਤੇ ਕਿਸਾਨਾਂ ਦਾ ਆਰਥਿਕ ਨੁਕਸਾਨ ਹੋ ਰਿਹਾ ਹੈ। ਸ਼ਿਕਾਇਤਕਰਤਾ ਨੇ ਦਾਅਵਾ ਕੀਤਾ ਹੈ ਕਿ ਉਸ ਕੋਲ ਇਸ ਸਬੰਧੀ ਪੁਖ਼ਤਾ ਸਬੂਤ ਮੌਜ਼ੂਦ ਹਨ। ਸ਼ਿਕਾਇਤ ਵਿਚ ਇਹ ਵੀ ਕਿਹਾ ਗਿਆ ਹੈ ਕਿ ਇੰਸਪੈਕਟਰ ਨੇ ਪਿਛਲੇ ਕੁਝ ਸਾਲਾਂ ਦੌਰਾਨ ਹੀ ਆਪਣੇ ਪਰਿਵਾਰ ਦੇ ਨਾਂਅ ’ਤੇ 3 ਤੋਂ 4 ਨਵੇਂ ਸ਼ੈਲਰ ਸਥਾਪਿਤ ਕੀਤੇ ਹਨ। ਮਹਿੰਦਰ ਸਿੰਘ ਵਿਰਕ ਨੇ ਵਿਜੀਲੈਂਸ ਵਿਭਾਗ ਤੋਂ ਮੰਗ ਕੀਤੀ ਹੈ ਕਿ ਇੰਸਪੈਕਟਰ ਅਤੇ ਉਸ ਦੇ ਪਰਿਵਾਰ ਦੇ ਬੈਂਕ ਖਾਤਿਆਂ ਦੀ ਪੜਤਾਲ ਕੀਤੀ ਜਾਵੇ। ਉਸ ਦੇ ਪਿਛਲੇ ਸਾਲਾਂ ਵਿਚ ਬਣਾਈ ਗਈ ਚੱਲ-ਅਚੱਲ ਜਾਇਦਾਦ ਦੀ ਉੱਚ ਪੱਧਰੀ ਜਾਂਚ ਹੋਵੇ ਤੇ ਭ੍ਰਿਸ਼ਟਾਚਾਰ ਨੂੰ ਨੱਥ ਪਾਉਣ ਲਈ ਦੋਸ਼ੀ ਅਧਿਕਾਰੀ ਖਿਲਾਫ਼ ਤੁਰੰਤ ਐੱਫਆਈਆਰ ਦਰਜ ਕੀਤੀ ਜਾਵੇ। ਹੁਣ ਵੇਖਣਾ ਇਹ ਹੋਵੇਗਾ ਕਿ ਵਿਜੀਲੈਂਸ ਵਿਭਾਗ ਇਸ ਗੰਭੀਰ ਸ਼ਿਕਾਇਤ ’ਤੇ ਕੀ ਕਾਰਵਾਈ ਅਮਲ ਵਿਚ ਲਿਆਉਂਦਾ ਹੈ। ਸਰਕਾਰ ਵੱਲੋਂ ਅਲਾਟ ਕੀਤੇ ਜਾਂਦੇ ਹਨ ਪਲਿੰਥ ☻: ਇੰਸ. ਦੀਪਕ ਮਿੱਤਲ ਉਧਰ ਇੰਨ੍ਹਾਂ ਸਾਰਿਆ ਦੋਸ਼ਾਂ ਨੂੰ ਨਕਾਰਦਿਆਂ ਪਨਗ੍ਰੇਨ ਦੇ ਇੰਸਪੈਕਟਰ ਦੀਪਕ ਮਿੱਤਲ ਨੇ ਆਖਿਆ ਕਿ ਉਨ੍ਹਾਂ ਦੇ ਪਰਿਵਾਰਕ ਭਾਈਵਾਲੀ ਵਿੱਚ ਸ਼ੈਲਰ ਹਨ ਪਰ ਪਲੰਥਾਂ ਦੀ ਅਲਾਟਮੈਂਟ ਸਰਕਾਰ ਵੱਲੋਂ ਕੀਤੀ ਜਾਂਦੀ ਹੈ। ਉੁਨ੍ਹਾਂ ਆਖਿਆ ਕਿ ਆੜ੍ਹਤੀ ਵੱਲੋਂ ਲਗਾਏ ਗਏ ਸਾਰੇ ਦੋਸ਼ ਬੇਬੁਨਿਆਦ ਹਨ।