ਸੀਐੱਮ ਦੀ ਯੋਗਸ਼ਾਲਾ ਸਿਹਤਮੰਦ ਜੀਵਨਸ਼ੈਲੀ ਅਪਣਾਉਣ ’ਚ ਸਹਾਈ ਸਿੱਧ
ਲੋਕਾਂ ਨੂੰ ਸਿਹਤਮੰਦ ਜੀਵਨਸ਼ੈਲੀ ਅਪਣਾਉਣ ਵਿਚ ਸਹਾਈ ਸਿੱਧ ਹੋ ਰਹੀ ਹੈ ਸੀਐੱਮ ਦੀ ਯੋਗਸ਼ਾਲਾ
Publish Date: Thu, 07 May 2026 03:54 PM (IST)
Updated Date: Fri, 08 May 2026 04:03 AM (IST)

ਪਰਮਿੰਦਰ ਸਿੰਘ ਥਿੰਦ, ਪੰਜਾਬੀ ਜਾਗਰਣ, ਫਿਰੋਜ਼ਪੁਰ: ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੀ ਮਹੱਤਵਪੂਰਨ ਲੋਕ-ਪੱਖੀ ਪਹਿਲ ‘ਸੀਐਮ ਦੀ ਯੋਗਸ਼ਾਲਾ’ ਤਹਿਤ ਲੋਕਾਂ ਵਿਚ ਸਿਹਤ, ਯੋਗ ਅਤੇ ਸਕਾਰਾਤਮਕ ਜੀਵਨ ਸ਼ੈਲੀ ਪ੍ਰਤੀ ਜਾਗਰੂਕਤਾ ਲਗਾਤਾਰ ਵੱਧ ਰਹੀ ਹੈ। ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਇਹ ਵਿਸ਼ੇਸ਼ ਪਹਿਲ ਅੱਜ ਹਜ਼ਾਰਾਂ ਲੋਕਾਂ ਨੂੰ ਯੋਗ ਨਾਲ ਜੋੜ ਕੇ ਸਿਹਤਮੰਦ ਅਤੇ ਖੁਸ਼ਹਾਲ ਪੰਜਾਬ ਦੀ ਸਿਰਜਣਾ ਵਿਚ ਅਹਿਮ ਭੂਮਿਕਾ ਨਿਭਾਅ ਰਹੀ ਹੈ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਉਦੇਸ਼ ਹੈ ਕਿ ਯੋਗ ਦੇ ਸਰੀਰਕ ਤੇ ਮਾਨਸਿਕ ਲਾਭ ਸਮਾਜ ਦੇ ਹਰ ਵਰਗ ਤੱਕ ਪਹੁੰਚਣ, ਤਾਂ ਜੋ ਹਰ ਨਾਗਰਿਕ ਤੰਦਰੁਸਤ, ਤਣਾਅ-ਮੁਕਤ ਅਤੇ ਊਰਜਾਵਾਨ ਜੀਵਨ ਜੀਅ ਸਕੇ। ‘‘ਸੀਐਮ ਦੀ ਯੋਗਸ਼ਾਲਾ’’ ਮੁਹਿੰਮ ਰਾਹੀਂ ਪੰਜਾਬ ਸਰਕਾਰ ਲੋਕਾਂ ਨੂੰ ਮੁਫ਼ਤ ਯੋਗ ਸਿਖਲਾਈ ਮੁਹੱਈਆ ਕਰਵਾ ਰਹੀ ਹੈ, ਜਿਸ ਨਾਲ ‘ਰੰਗਲਾ ਪੰਜਾਬ’ ਦੇ ਸੁਪਨੇ ਨੂੰ ਸਾਕਾਰ ਕਰਨ ਵਿਚ ਮਦਦ ਮਿਲ ਰਹੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਦੀਪਸ਼ਿਖਾ ਸ਼ਰਮਾ ਨੇ ਦੱਸਿਆ ਕਿ ਫ਼ਿਰੋਜ਼ਪੁਰ ਜ਼ਿਲ੍ਹੇ ਦੇ ਵੱਖ-ਵੱਖ ਪਿੰਡਾਂ, ਵਾਰਡਾਂ, ਪਾਰਕਾਂ ਅਤੇ ਕਮਿਊਨਿਟੀ ਸਥਾਨਾਂ ’ਤੇ ਨਿਯਮਿਤ ਤੌਰ ’ਤੇ ਯੋਗ ਕਲਾਸਾਂ ਲਗਾਈਆਂ ਜਾ ਰਹੀਆਂ ਹਨ। ਇਸ ਵੇਲੇ ਜ਼ਿਲ੍ਹੇ ਵਿਚ ਕੁੱਲ 702 ਯੋਗ ਕਲਾਸਾਂ ਚੱਲ ਰਹੀਆਂ ਹਨ, ਜਿਨ੍ਹਾਂ ਵਿਚ 82 ਮਹਿਰ ਟਰੇਨਰਾਂ ਵੱਲੋਂ ਰੋਜ਼ਾਨਾ ਵੱਡੀ ਗਿਣਤੀ ਵਿਚ ਮਹਿਲਾਵਾਂ, ਨੌਜਵਾਨਾਂ, ਬਜ਼ੁਰਗਾਂ ਅਤੇ ਵਿਦਿਆਰਥੀਆਂ ਨੂੰ ਯੋਗ ਆਸਨ, ਪ੍ਰਾਣਾਯਾਮ ਅਤੇ ਧਿਆਨ ਦਾ ਅਭਿਆਸ ਕਰਵਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਜ਼ਿਲ੍ਹੇ ’ਚ 20 ਹਜ਼ਾਰ ਦੇ ਕਰੀਬ ਲੋਕ ਰੋਜ਼ਾਨਾ ਯੋਗ ਕਲਾਸਾਂ ਦਾ ਲਾਭ ਲੈ ਰਹੇ ਹਨ। ਉਨ੍ਹਾਂ ਕਿਹਾ ਕਿ ਤਜ਼ਰਬੇਕਾਰ ਯੋਗ ਟਰੇਨਰਾਂ ਵੱਲੋਂ ਲੋਕਾਂ ਨੂੰ ਯੋਗ ਦੇ ਨਾਲ-ਨਾਲ ਸਿਹਤਮੰਦ ਜੀਵਨ ਸ਼ੈਲੀ, ਤਣਾਅ ਪ੍ਰਬੰਧਨ ਅਤੇ ਰੋਜ਼ਾਨਾ ਸਿਹਤ ਸਬੰਧੀ ਜ਼ਰੂਰੀ ਜਾਣਕਾਰੀਆਂ ਵੀ ਦਿੱਤੀਆਂ ਜਾ ਰਹੀਆਂ ਹਨ। ਮਾਹਿਰਾਂ ਅਨੁਸਾਰ ਨਿਯਮਿਤ ਯੋਗ ਅਭਿਆਸ ਨਾਲ ਮਾਨਸਿਕ ਤਣਾਅ ਘੱਟ ਹੁੰਦਾ ਹੈ, ਸਰੀਰ ਦੀ ਰੋਗ-ਪ੍ਰਤੀਰੋਧਕ ਸਮਰੱਥਾ ਵੱਧਦੀ ਹੈ ਅਤੇ ਵਿਅਕਤੀ ਸਰੀਰਕ ਅਤੇ ਮਾਨਸਿਕ ਤੌਰ ’ਤੇ ਹੋਰ ਵੱਧ ਤੰਦਰੁਸਤ ਰਹਿੰਦਾ ਹੈ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਸ਼ੁਰੂ ਕੀਤੀ ਗਈ ‘ਸੀਐੱਮ ਦੀ ਯੋਗਸ਼ਾਲਾ’ ਪਹਿਲ ਸਮਾਜ ਨੂੰ ਸਿਹਤਮੰਦ ਅਤੇ ਜਾਗਰੂਕ ਬਣਾਉਣ ਵੱਲ ਇਕ ਸ਼ਲਾਘਾਯੋਗ ਉਪਰਾਲਾ ਹੈ। ਅਸੀਂ ਸਾਰੇ ਨਾਗਰਿਕਾਂ ਨੂੰ ਅਪੀਲ ਕਰਦੇ ਹਾਂ ਕਿ ਉਹ ਆਪਣੇ ਨੇੜਲੇ ਯੋਗ ਕੇਂਦਰ ਨਾਲ ਜੁੜ ਕੇ ਨਿਯਮਿਤ ਯੋਗ ਕਰਨ ਅਤੇ ਸਿਹਤਮੰਦ ਤੇ ਰੰਗਲੇ ਪੰਜਾਬ ਦੀ ਉਸਾਰੀ ਵਿਚ ਆਪਣਾ ਯੋਗਦਾਨ ਪਾਉਣ।” ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਅਤੇ ਸਬੰਧਤ ਵਿਭਾਗਾਂ ਦੇ ਸਹਿਯੋਗ ਨਾਲ ਜ਼ਿਲ੍ਹੇ ਵਿਚ ‘‘ਸੀਐਮ ਦੀ ਯੋਗਸ਼ਾਲਾ’’ ਮੁਹਿੰਮ ਦਾ ਸਫਲ ਸੰਚਾਲਨ ਕੀਤਾ ਜਾ ਰਿਹਾ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਹੋਰ ਵੱਧ ਲੋਕਾਂ ਨੂੰ ਇਸ ਪਹਿਲ ਨਾਲ ਜੋੜਨ ਦਾ ਟੀਚਾ ਰੱਖਿਆ ਗਿਆ ਹੈ।