ਮਹਾਵਾਰੀ ਦੌਰਾਨ ਸਫ਼ਾਈ ਅਤੇ ਪੋਸ਼ਟਿਕ ਖੁਰਾਕ ਬਹੁਤ ਜ਼ਰੂਰੀ : ਡਾ. ਚਾਵਲਾ
ਮਹਾਵਾਰੀ ਦੌਰਾਨ ਸਫ਼ਾਈ ਅਤੇ ਪੋਸ਼ਟਿਕ ਖੁਰਾਕ ਬਹੁਤ ਜ਼ਰੂਰੀ : ਡਾ. ਰਿੰਕੂ ਚਾਵਲਾ
Publish Date: Wed, 27 May 2026 05:06 PM (IST)
Updated Date: Wed, 27 May 2026 05:07 PM (IST)

ਨਰੇਸ਼ ਕੁਮਾਰ ਕਾਮਰਾ.ਪੰਜਾਬੀ ਜਾਗਰਣ ਫਾਜ਼ਿਲਕਾ : ਸਿਵਲ ਸਰਜਨ ਡਾ. ਕਵਿਤਾ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਜ਼ਿਲ੍ਹਾ ਟੀਕਾਕਰਨ ਅਫਸਰ ਡਾ. ਰਿੰਕੂ ਚਾਵਲਾ ਦੀ ਅਗਵਾਈ ਹੇਠ ਮਾਹਵਾਰੀ ਸਵੱਛਤਾ ਦਿਵਸ ਮੌਕੇ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ (ਕੰਨਿਆ) ਫਾਜ਼ਿਲਕਾ ਵਿਖੇ ਜਾਗਰੂਕਤਾ ਸੈਸ਼ਨ ਆਯੋਜਿਤ ਕੀਤਾ ਗਿਆ। ਰਾਸ਼ਟਰੀ ਕਿਸ਼ੋਰ ਸਵਾਸਥ ਕਾਰਿਆਕ੍ਰਮ ਤਹਿਤ ਇਸ ਸਾਲ ਇਹ ਦਿਵਸ ‘ਇਕ ਪੀਰੀਅਡ ਫ੍ਰੈਂਡਲੀ ਦੁਨੀਆ ਲਈ ਇਕਜੁੱਟਤਾ’ ਥੀਮ ਨਾਲ ਮਨਾਇਆ ਗਿਆ। ਇਸ ਮੌਕੇ ਡਾ. ਰਿੰਕੂ ਚਾਵਲਾ ਨੇ ਕਿਹਾ ਕਿ ਮਹਾਵਾਰੀ ਦੌਰਾਨ ਸਾਫ਼-ਸਫ਼ਾਈ ਬਣਾਈ ਰੱਖਣਾ ਲੜਕੀਆਂ ਅਤੇ ਔਰਤਾਂ ਦੀ ਚੰਗੀ ਸਿਹਤ ਲਈ ਬਹੁਤ ਜ਼ਰੂਰੀ ਹੈ। ਉਨ੍ਹਾਂ ਦੱਸਿਆ ਕਿ ਮਾਹਵਾਰੀ ਸਵੱਛਤਾ ਦਿਵਸ ਹਰ ਸਾਲ 28 ਮਈ ਨੂੰ ਮਨਾਇਆ ਜਾਂਦਾ ਹੈ। 28 ਅੰਕ ਮਾਹਵਾਰੀ ਚੱਕਰ ਦੇ ਔਸਤ 28 ਦਿਨਾਂ ਨੂੰ ਦਰਸਾਉਂਦਾ ਹੈ, ਜਦਕਿ ਮਈ ਸਾਲ ਦਾ ਪੰਜਵਾਂ ਮਹੀਨਾ ਹੋਣ ਕਰਕੇ ਮਾਹਵਾਰੀ ਦੇ ਔਸਤ 5 ਦਿਨਾਂ ਦੀ ਪ੍ਰਤੀਕਤਾ ਕਰਦਾ ਹੈ। ਉਨ੍ਹਾਂ ਕਿਹਾ ਕਿ ਕਿਸ਼ੋਰ ਅਵਸਥਾ ਵਿੱਚ ਮਾਹਵਾਰੀ ਆਉਣਾ ਕੁਦਰਤੀ ਪ੍ਰਕਿਰਿਆ ਹੈ ਅਤੇ ਇਸ ਸਬੰਧੀ ਲੜਕੀਆਂ ਨੂੰ ਜਾਗਰੂਕ ਕਰਨ ਦੀ ਲੋੜ ਹੈ। ਉਨ੍ਹਾਂ ਸੈਨੇਟਰੀ ਪੈਡ ਦੀ ਵਰਤੋਂ ਨੂੰ ਉਤਸ਼ਾਹਿਤ ਕਰਦਿਆਂ ਕਿਹਾ ਕਿ ਮਾਹਵਾਰੀ ਦੌਰਾਨ ਕਪੜੇ ਦੀ ਵਰਤੋਂ ਤੋਂ ਪਰਹੇਜ਼ ਕਰਨਾ ਚਾਹੀਦਾ ਹੈ। ਇਸਦੇ ਨਾਲ ਹੀ ਆਯਰਨ ਯੁਕਤ ਅਤੇ ਪੋਸ਼ਟਿਕ ਖੁਰਾਕ ਲੈਣੀ ਚਾਹੀਦੀ ਹੈ ਤਾਂ ਜੋ ਸਰੀਰਕ ਤੰਦਰੁਸਤੀ ਬਣੀ ਰਹੇ। ਡਾ. ਚਾਵਲਾ ਨੇ ਕਿਹਾ ਕਿ 11 ਤੋਂ 19 ਸਾਲ ਦੀਆਂ ਲੜਕੀਆਂ ਅਤੇ ਔਰਤਾਂ ਵਿੱਚ ਮਾਹਵਾਰੀ ਸਬੰਧੀ ਮਿੱਥਾਂ ਅਤੇ ਗਲਤ ਧਾਰਨਾਵਾਂ ਨੂੰ ਦੂਰ ਕਰਨਾ ਬਹੁਤ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਅੱਜ ਵੀ ਬਹੁਤ ਸਾਰੀਆਂ ਕਿਸ਼ੋਰੀਆਂ ਇਸ ਵਿਸ਼ੇ ਤੇ ਖੁੱਲ੍ਹ ਕੇ ਗੱਲ ਕਰਨ ਤੋਂ ਝਿਜਕਦੀਆਂ ਹਨ, ਜਿਸ ਕਾਰਨ ਜਾਣਕਾਰੀ ਦੀ ਘਾਟ ਕਰਕੇ ਇੰਫੈਕਸ਼ਨ ਅਤੇ ਹੋਰ ਬਿਮਾਰੀਆਂ ਦਾ ਖਤਰਾ ਬਣਿਆ ਰਹਿੰਦਾ ਹੈ। ਉਨ੍ਹਾਂ ਸਕੂਲਾਂ, ਕਾਲਜਾਂ ਅਤੇ ਹੋਰ ਔਰਤਾਂ ਦੇ ਇਕੱਠਾਂ ਵਿੱਚ ਸਿਹਤਮੰਦ ਸਫ਼ਾਈ, ਸਾਫ਼ ਪਾਣੀ, ਵੱਖਰੇ ਪਖਾਨਿਆਂ ਅਤੇ ਸੈਨੇਟਰੀ ਸਮੱਗਰੀ ਦੇ ਸਹੀ ਇਸਤੇਮਾਲ ਤੇ ਨਿਪਟਾਰੇ ਸਬੰਧੀ ਜਾਗਰੂਕਤਾ ਫੈਲਾਉਣ ਤੇ ਵੀ ਜ਼ੋਰ ਦਿੱਤਾ। ਇਸ ਮੌਕੇ ਡਿਪਟੀ ਮਾਸ ਮੀਡੀਆ ਅਫਸਰ ਨੇ ਕਿਹਾ ਕਿ ਕਿਸ਼ੋਰੀਆਂ ਨੂੰ ਪਹਿਲੀ ਮਾਹਵਾਰੀ ਤੋਂ ਪਹਿਲਾਂ ਹੀ ਇਸ ਸਬੰਧੀ ਸਿੱਖਿਆ ਦਿੱਤੀ ਜਾਣੀ ਚਾਹੀਦੀ ਹੈ ਤਾਂ ਜੋ ਉਨ੍ਹਾਂ ਨੂੰ ਕਿਸੇ ਤਰ੍ਹਾਂ ਦੀ ਮੁਸ਼ਕਿਲ ਦਾ ਸਾਹਮਣਾ ਨਾ ਕਰਨਾ ਪਵੇ।ਸਮਾਗਮ ਦੌਰਾਨ ਸਕੂਲ ਪ੍ਰਿੰਸੀਪਲ, ਸਟਾਫ ਮੈਂਬਰ, ਜ਼ਿਲ੍ਹਾ ਬੀ.ਸੀ.ਸੀ. ਕੋਆਰਡੀਨੇਟਰ ਸੁਖਦੇਵ ਸਿੰਘ ਅਤੇ ਵਿਦਿਆਰਥਣਾਂ ਮੌਜੂਦ ਸਨ।