ਖਾਲੀ ਪਲਾਟਾਂ ਦੀ ਸਫਾਈ ਤੇ ਚਾਰਦੀਵਾਰੀ ਲਾਜ਼ਮੀ ਸਮੇਤ ਵੱਖ-ਵੱਖ ਪਾਬੰਦੀਆਂ ਦੇ ਹੁਕਮ
ਫਾਜ਼ਿਲਕਾ ਵਿੱਚ ਖਾਲੀ ਪਲਾਟਾਂ ਦੀ ਸਫਾਈ ਅਤੇ ਚਾਰਦੀਵਾਰੀ ਲਾਜ਼ਮੀ
Publish Date: Mon, 04 May 2026 04:59 PM (IST)
Updated Date: Mon, 04 May 2026 05:02 PM (IST)

ਪੱਤਰ ਪ੍ਰੇਰਕ. ਪੰਜਾਬੀ ਜਾਗਰਣ, ਫਾਜ਼ਿਲਕਾ : ਜ਼ਿਲ੍ਹਾ ਮੈਜਿਸਟ੍ਰੇਟ ਅਮਰਪ੍ਰੀਤ ਕੌਰ ਸੰਧੂ ਨੇ ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ 2023 ਦੀ ਧਾਰਾ 163 ਤਹਿਤ ਪ੍ਰਾਪਤ ਅਧਿਕਾਰਾਂ ਦੀ ਵਰਤੋਂ ਕਰਦਿਆਂ ਫਾਜ਼ਿਲਕਾ ਦੀ ਹਦੂਦ ਅੰਦਰ ਨਿੱਜੀ ਮਾਲਕੀ ਜਾਂ ਕਬਜ਼ੇ ਹੇਠ ਆਉਂਦੇ ਖਾਲੀ ਪਲਾਟਾਂ ਵਿੱਚ ਸਫਾਈ ਯਕੀਨੀ ਬਣਾਉਣ ਦੇ ਹੁਕਮ ਜਾਰੀ ਕੀਤੇ ਹਨ। ਇਹ ਹੁਕਮ 30 ਜੂਨ 2026 ਤੱਕ ਲਾਗੂ ਰਹਿਣਗੇ। ਜ਼ਿਲ੍ਹਾ ਮੈਜਿਸਟ੍ਰੇਟ ਨੇ ਕਿਹਾ ਕਿ ਖਾਲੀ ਪਲਾਟਾਂ ਵਿੱਚ ਕੂੜਾ-ਕਰਕਟ, ਗੰਦਗੀ ਅਤੇ ਮੀਂਹ ਦਾ ਰੁੱਕਿਆ ਗੰਦਾ ਪਾਣੀ ਇਕੱਠਾ ਹੋਣ ਨਾਲ ਡੇਂਗੂ, ਮਲੇਰੀਆ ਅਤੇ ਚਿਕਨਗੁਨੀਆ ਵਰਗੀਆਂ ਬਿਮਾਰੀਆਂ ਫੈਲਣ ਦਾ ਖਤਰਾ ਬਣ ਜਾਂਦਾ ਹੈ। ਇਸ ਨੂੰ ਧਿਆਨ ਵਿੱਚ ਰੱਖਦਿਆਂ ਪਲਾਟ ਮਾਲਕਾਂ ਅਤੇ ਕਾਬਜ਼ਾਂ ਨੂੰ ਆਪਣੇ ਖਾਲੀ ਪਲਾਟਾਂ ਵਿੱਚ ਪਿਆ ਕੂੜਾ-ਕਰਕਟ, ਗੰਦਗੀ ਅਤੇ ਗੰਦੇ ਪਾਣੀ ਦੀ ਤੁਰੰਤ ਸਫਾਈ ਆਪਣੇ ਪੱਧਰ ‘ਤੇ ਕਰਵਾਉਣ ਲਈ ਕਿਹਾ ਗਿਆ ਹੈ। ਹੁਕਮਾਂ ਅਨੁਸਾਰ ਹਰ ਮਾਲਕ ਜਾਂ ਕਾਬਜ਼ ਨੂੰ ਆਪਣੇ ਖਾਲੀ ਪਲਾਟ ਦੇ ਆਲੇ-ਦੁਆਲੇ ਪੱਕੀ ਚਾਰਦੀਵਾਰੀ ਜਾਂ ਫੈਂਸਿੰਗ (ਤਾਰਬੰਦੀ) ਕਰਵਾਉਣੀ ਵੀ ਲਾਜ਼ਮੀ ਹੋਵੇਗੀ, ਤਾਂ ਜੋ ਪਲਾਟਾਂ ਵਿੱਚ ਕੂੜਾ-ਕਰਕਟ ਇਕੱਠਾ ਹੋਣ ਤੋਂ ਰੋਕਿਆ ਜਾ ਸਕੇ। ਜ਼ਿਲ੍ਹਾ ਪ੍ਰਸ਼ਾਸਨ ਨੇ ਸਪੱਸ਼ਟ ਕੀਤਾ ਕਿ ਨਗਰ ਕੌਂਸਲਾਂ, ਨਗਰ ਪੰਚਾਇਤਾਂ ਅਤੇ ਵਧੀਕ ਡਿਪਟੀ ਕਮਿਸ਼ਨਰ (ਜਨਰਲ) ਆਪਣੇ-ਆਪਣੇ ਅਧਿਕਾਰ ਖੇਤਰਾਂ ਵਿੱਚ ਪੰਜਾਬ ਮਿਊਂਸਪਲ ਕਾਰਪੋਰੇਸ਼ਨ ਐਕਟ 1976, ਐਨਵਾਇਰਨਮੈਂਟ ਪ੍ਰੋਟੈਕਸ਼ਨ ਐਕਟ 1986, ਮਿਊਂਸਪਲ ਸੋਲਿਡ ਵੇਸਟ ਰੂਲਜ਼ 2016 ਅਤੇ ਪੰਜਾਬ ਪੰਚਾਇਤ ਰਾਜ ਐਕਟ 1994 ਤਹਿਤ ਇਨ੍ਹਾਂ ਹੁਕਮਾਂ ਦੀ ਪਾਲਣਾ ਯਕੀਨੀ ਬਣਾਉਣਗੇ। ਸਮਾਗਮਾਂ ’ਚ ਹਥਿਆਰਾਂ ਦੇ ਪ੍ਰਦਰਸ਼ਨ ’ਤੇ ਪਾਬੰਦੀ 30 ਜੂਨ ਤੱਕ ਜ਼ਿਲ੍ਹੇ ਵਿੱਚ ਕਿਸੇ ਵੀ ਮੇਲੇ, ਧਾਰਮਿਕ ਸਮਾਗਮ, ਵਿਆਹ, ਜਲੂਸ ਜਾਂ ਹੋਰ ਇਕੱਠ ਦੌਰਾਨ ਹਥਿਆਰਾਂ ਦੇ ਪ੍ਰਦਰਸ਼ਨ ‘ਤੇ ਪਾਬੰਦੀ ਲਗਾ ਦਿੱਤੀ ਹੈ। ਹੁਕਮਾਂ ਅਨੁਸਾਰ ਕੋਈ ਵੀ ਵਿਅਕਤੀ ਜ਼ਿਲ੍ਹੇ ਦੀ ਖੇਤਰੀ ਹੱਦ ਅੰਦਰ ਕਿਸੇ ਵੀ ਸਮਾਗਮ ਜਾਂ ਵਿਦਿਅਕ ਸੰਸਥਾ ਦੇ ਘੇਰੇ ਵਿੱਚ ਤਿੱਖੇ ਧਾਰ ਵਾਲੇ ਹਥਿਆਰ ਸਮੇਤ ਕੋਈ ਵੀ ਹਥਿਆਰ ਲੈ ਕੇ ਨਹੀਂ ਜਾਵੇਗਾ। ਇਸ ਤੋਂ ਇਲਾਵਾ ਜਨਤਕ ਥਾਵਾਂ ‘ਤੇ ਹਥਿਆਰ ਲਹਿਰਾਉਣ ਜਾਂ ਪ੍ਰਦਰਸ਼ਿਤ ਕਰਨ ‘ਤੇ ਵੀ ਪੂਰਨ ਰੋਕ ਹੋਵੇਗੀ। ਉਨ੍ਹਾਂ ਕਿਹਾ ਕਿ ਹਥਿਆਰਾਂ ਨਾਲ ਸੰਬੰਧਿਤ ਤਸਵੀਰਾਂ ਜਾਂ ਵੀਡੀਓਜ਼ ਸੋਸ਼ਲ ਮੀਡੀਆ ‘ਤੇ ਅਪਲੋਡ ਕਰਨ ‘ਤੇ ਵੀ ਪਾਬੰਦੀ ਰਹੇਗੀ। ਕਿਸੇ ਵੀ ਸਮਾਗਮ ਵਿੱਚ ਅਜਿਹੇ ਗੀਤ ਜਾਂ ਨਾਟਕ ਵੀ ਨਹੀਂ ਕੀਤੇ ਜਾਣਗੇ, ਜਿਨ੍ਹਾਂ ਰਾਹੀਂ ਹਥਿਆਰਾਂ ਦੀ ਵਰਤੋਂ ਜਾਂ ਪ੍ਰਦਰਸ਼ਨ ਦੀ ਵਡਿਆਈ ਕੀਤੀ ਜਾਵੇ। ਕਿਰਾਏਦਾਰਾਂ ਤੇ ਘਰੇਲੂ ਨੌਕਰਾਂ ਦਾ ਰਿਕਾਰਡ ਰੱਖਣਾ ਲਾਜ਼ਮੀ ਫਾਜ਼ਿਲਕਾ ਵਿੱਚ ਮਕਾਨ ਮਾਲਕਾਂ ਅਤੇ ਘਰੇਲੂ ਨੌਕਰ ਰੱਖਣ ਵਾਲਿਆਂ ਲਈ ਕਿਰਾਏਦਾਰਾਂ ਤੇ ਕਰਮਚਾਰੀਆਂ ਦਾ ਪੂਰਾ ਪਤਾ ਅਤੇ ਸ਼ਨਾਖਤੀ ਸਬੂਤ ਰੱਖਣਾ ਲਾਜ਼ਮੀ ਹੋਵੇਗਾ। ਬਾਹਰੀ ਸੂਬਿਆਂ ਤੋਂ ਆਉਣ ਵਾਲੇ ਮਜ਼ਦੂਰ ਅਤੇ ਕਿਰਾਏਦਾਰ ਅਕਸਰ ਬਿਨਾਂ ਪੂਰੇ ਰਿਕਾਰਡ ਦੇ ਰਹਿੰਦੇ ਹਨ, ਜਿਸ ਕਾਰਨ ਕਿਸੇ ਅਪਰਾਧ ਦੀ ਸੂਰਤ ਵਿੱਚ ਦੋਸ਼ੀਆਂ ਤੱਕ ਪਹੁੰਚਣਾ ਮੁਸ਼ਕਲ ਹੋ ਜਾਂਦਾ ਹੈ। ਹੁਕਮਾਂ ਅਨੁਸਾਰ ਮਕਾਨ ਮਾਲਕਾਂ ਨੂੰ ਕਿਰਾਏਦਾਰਾਂ ਅਤੇ ਨੌਕਰਾਂ ਦਾ ਨਾਮ, ਪੂਰਾ ਪਤਾ, ਤਿੰਨ ਫੋਟੋਆਂ ਅਤੇ ਹੋਰ ਪਛਾਣ ਸੰਬੰਧੀ ਵੇਰਵਾ ਰਜਿਸਟਰ ਵਿੱਚ ਦਰਜ ਕਰਨਾ ਹੋਵੇਗਾ। ਇਹ ਸਾਰਾ ਰਿਕਾਰਡ ਸਬੰਧਿਤ ਥਾਣੇ ਜਾਂ ਪੁਲਿਸ ਚੌਕੀ ਵਿੱਚ ਵੀ ਦਰਜ ਕਰਵਾਉਣਾ ਲਾਜ਼ਮੀ ਕੀਤਾ ਗਿਆ ਹੈ।