ਅਧਿਆਪਕ ਸਕੂਲਾਂ ਦੀ ਥਾਂ ਦਫ਼ਤਰਾਂ ’ਚ ਬਾਬੂ ਬਣੇ : ਡੀਟੀਐੱਫ
ਸਿੱਖਿਆ ਕ੍ਰਾਂਤੀ ਦੇ ਦਾਅਵੇ ਖੋਖਲੇ, ਅਧਿਆਪਕ ਸਕੂਲਾਂ ਦੀ ਥਾਂ ਦਫ਼ਤਰਾਂ ’ਚ ਬਾਬੂ ਬਣੇ : ਡੀ.ਟੀ.ਐਫ.
Publish Date: Wed, 20 May 2026 03:30 PM (IST)
Updated Date: Wed, 20 May 2026 03:31 PM (IST)

ਕਪਿਲ ਜਸੂਜਾ, ਪੰਜਾਬੀ ਜਾਗਰਣ ਫਾਜ਼ਿਲਕਾ : ਸਕੂਲਾਂ ’ਚ ਅਧਿਆਪਕਾਂ ਦੀ ਘਾਟ ਦੇ ਬਾਵਜੂਦ ਕਈ ਅਧਿਆਪਕ ਸਾਲਾਂ ਤੋਂ ਦਫ਼ਤਰਾਂ ਵਿੱਚ ਡੈਪੂਟੇਸ਼ਨ ’ਤੇ ਤਾਇਨਾਤ ਹਨ ਅਤੇ ਸਕੂਲਾਂ ਵਿੱਚ ਪੜ੍ਹਾਉਣ ਦੀ ਥਾਂ ਦਫ਼ਤਰੀ ਕੰਮਕਾਜ ਕਰ ਰਹੇ ਹਨ। ਡੈਮੋਕ੍ਰੇਟਿਕ ਟੀਚਰਜ਼ ਫ਼ਰੰਟ (ਡੀਟੀਐਫ) ਨੇ ਇਸ ਨੂੰ ਸਿੱਖਿਆ ਪ੍ਰਣਾਲੀ ਲਈ ਘਾਤਕ ਕਰਾਰ ਦਿੱਤਾ ਹੈ। ਡੀਟੀਐਫ ਦੇ ਸੂਬਾ ਜਨਰਲ ਸਕੱਤਰ ਮਹਿੰਦਰ ਕੌੜਿਆਂਵਾਲੀ, ਜ਼ਿਲ੍ਹਾ ਪ੍ਰਧਾਨ ਗੁਰਵਿੰਦਰ ਸਿੰਘ ਅਤੇ ਜ਼ਿਲ੍ਹਾ ਸਕੱਤਰ ਕੁਲਜੀਤ ਡੰਗਰਖੇੜਾ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ‘ਸਿੱਖਿਆ ਕ੍ਰਾਂਤੀ’ ਦੇ ਵੱਡੇ-ਵੱਡੇ ਦਾਅਵੇ ਕੀਤੇ ਜਾ ਰਹੇ ਹਨ, ਪਰ ਹਕੀਕਤ ਇਸ ਤੋਂ ਉਲਟ ਹੈ। ਉਨ੍ਹਾਂ ਕਿਹਾ ਕਿ ਵੱਡੀ ਗਿਣਤੀ ਵਿੱਚ ਅਧਿਆਪਕਾਂ ਨੂੰ ਚੋਣ ਡਿਊਟੀਆਂ, ਮਰਦਮਸ਼ੁਮਾਰੀ, ਹੈਲਥ ਕਾਰਡ, ਡਰੱਗ ਸੈਂਸਸ ਅਤੇ ਹੋਰ ਗੈਰ-ਵਿਦਿਅਕ ਕੰਮਾਂ ਵਿੱਚ ਲਾਇਆ ਗਿਆ ਹੈ, ਜਿਸ ਨਾਲ ਵਿਦਿਆਰਥੀਆਂ ਦੀ ਪੜ੍ਹਾਈ ਪ੍ਰਭਾਵਿਤ ਹੋ ਰਹੀ ਹੈ। ਦੂਜੇ ਪਾਸੇ ਕੁਝ ਅਧਿਆਪਕ ਲੰਬੇ ਸਮੇਂ ਤੋਂ ਦਫ਼ਤਰਾਂ ਵਿੱਚ ਡੈਪੂਟੇਸ਼ਨ ਲਗਵਾ ਕੇ ਅਫਸਰਸ਼ਾਹੀ ਦਾ ਹਿੱਸਾ ਬਣੇ ਹੋਏ ਹਨ। ਆਗੂਆਂ ਨੇ ਦੋਸ਼ ਲਾਇਆ ਕਿ ਇਹ ਦਫ਼ਤਰੀ ਅਧਿਆਪਕ ਆਪਣੇ ਨੇੜਲੇ ਲੋਕਾਂ ਨੂੰ ਗੈਰ-ਵਿਦਿਅਕ ਡਿਊਟੀਆਂ ਤੋਂ ਛੋਟ ਦਿਵਾਉਂਦੇ ਹਨ, ਜਦਕਿ ਆਮ ਅਧਿਆਪਕਾਂ ’ਤੇ ਵਾਰ-ਵਾਰ ਡਿਊਟੀਆਂ ਦਾ ਬੋਝ ਪਾਇਆ ਜਾਂਦਾ ਹੈ। ਡੀਟੀਐਫ ਨੇ ਮੰਗ ਕੀਤੀ ਕਿ ਸਾਲਾਂ ਤੋਂ ਦਫ਼ਤਰਾਂ ਵਿੱਚ ਬੈਠੇ ਅਧਿਆਪਕਾਂ ਨੂੰ ਤੁਰੰਤ ਸਕੂਲਾਂ ਵਿੱਚ ਭੇਜਿਆ ਜਾਵੇ। ਇਸ ਮੌਕੇ ਨੋਰੰਗ ਲਾਲ, ਦਿਨੇਸ਼ ਸ਼ਰਮਾ, ਜਗਦੀਸ਼ ਸੱਪਾਂ ਵਾਲੀ, ਬੱਗਾ ਸਿੰਘ, ਭਾਰਤ ਭੂਸ਼ਣ, ਹਰੀਸ਼ ਕੁਮਾਰ, ਨੀਰਜ ਬਜ਼ਾਜ, ਅਮਨਦੀਪ ਅਤੇ ਸੁਭਾਸ਼ ਸਾਮਾ ਵੀ ਮੌਜੂਦ ਸਨ।