ਸਿਵਲ ਸਰਜਨ ਨੇ ਏਡਜ਼ ਤੇ ਟੀਬੀ ਪ੍ਰੋਗਰਾਮਾਂ ਦਾ ਲਿਆ ਜਾਇਜ਼ਾ
ਸਿਵਲ ਸਰਜਨ ਵੱਲੋਂ ਏਡਜ਼ ਅਤੇ ਟੀ.ਬੀ ਪ੍ਰੋਗਰਾਮਾਂ ਦੀ ਸਮੀਖਿਆ, ਸਟਾਫ ਨੂੰ ਜਾਰੀ ਕੀਤੀਆਂ ਹਦਾਇਤਾਂ
Publish Date: Wed, 20 May 2026 03:52 PM (IST)
Updated Date: Wed, 20 May 2026 03:55 PM (IST)

ਰਮਨ ਕੁਮਾਰ .ਪੰਜਾਬੀ ਜਾਗਰਣ ਫਾਜ਼ਿਲਕਾ : ਸਿਵਲ ਸਰਜਨ ਡਾ. ਕਵਿਤਾ ਸਿੰਘ ਦੀ ਪ੍ਰਧਾਨਗੀ, ਸਹਾਇਕ ਸਿਵਲ ਸਰਜਨ ਡਾ. ਉਪਿੰਦਰ ਸਿੰਘ ਦੀ ਮੌਜੂਦਗੀ ਅਤੇ ਜ਼ਿਲ੍ਹਾ ਟੀ.ਬੀ ਅਫਸਰ ਡਾ. ਨੀਲੂ ਚੁੱਘ ਦੀ ਅਗਵਾਈ ਹੇਠ ਸਿਵਲ ਸਰਜਨ ਦਫਤਰ ਵਿਖੇ ਰਾਸ਼ਟਰੀ ਏਡਜ਼ ਕੰਟਰੋਲ ਪ੍ਰੋਗਰਾਮ ਅਤੇ ਨੈਸ਼ਨਲ ਤਪਦਿਕ ਐਲੀਮੀਨੇਸ਼ਨ ਪ੍ਰੋਗਰਾਮ ਸੰਬੰਧੀ ਸਮੀਖਿਆ ਮੀਟਿੰਗ ਆਯੋਜਿਤ ਕੀਤੀ ਗਈ।ਡਾ. ਕਵਿਤਾ ਸਿੰਘ ਨੇ ਕਿਹਾ ਕਿ ਟੀ.ਬੀ ਅਤੇ ਏਡਜ਼ ਦੋਵੇਂ ਹੀ ਗੰਭੀਰ ਅਤੇ ਜਾਨਲੇਵਾ ਬਿਮਾਰੀਆਂ ਹਨ। ਉਨ੍ਹਾਂ ਕਿਹਾ ਕਿ ਟੀ.ਬੀ ਦਾ ਇਲਾਜ ਸੰਭਵ ਹੈ ਅਤੇ ਐਚ.ਆਈ.ਵੀ./ਏਡਜ਼ ਨੂੰ ਸਮੇਂ ਸਿਰ ਉਚਿਤ ਇਲਾਜ ਨਾਲ ਲੰਬੇ ਸਮੇਂ ਤੱਕ ਕਾਬੂ ਵਿੱਚ ਰੱਖਿਆ ਜਾ ਸਕਦਾ ਹੈ।ਟੀ.ਬੀ ਮੁਕਤ ਭਾਰਤ ਮੁਹਿੰਮ ਬਾਰੇ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਹਾਈ ਰਿਸਕ ਪਿੰਡਾਂ ਵਿੱਚ ਲਗਾਏ ਜਾ ਰਹੇ ਕੈਂਪਾਂ ਦੌਰਾਨ ਸ਼ੱਕੀ ਮਰੀਜ਼ਾਂ ਦੀ ਸਕ੍ਰੀਨਿੰਗ ਯਕੀਨੀ ਬਣਾਈ ਜਾਵੇ, ਤਾਂ ਜੋ ਬਿਮਾਰੀ ਦਾ ਸਮੇਂ ਸਿਰ ਪਤਾ ਲਗਾ ਕੇ ਇਲਾਜ ਕੀਤਾ ਜਾ ਸਕੇ। ਉਨ੍ਹਾਂ ਨੇ ਦੋ ਹਫ਼ਤਿਆਂ ਤੋਂ ਵੱਧ ਖਾਂਸੀ, ਬੁਖਾਰ, ਵਜ਼ਨ ਘਟਣਾ, ਬਲਗਮ ਵਿੱਚ ਖੂਨ ਅਤੇ ਗਲੇ ਵਿੱਚ ਗੰਢ ਵਰਗੇ ਲੱਛਣਾਂ ਵਾਲੇ ਲੋਕਾਂ ਦੀ ਜਾਂਚ ਕਰਨ ਦੇ ਨਿਰਦੇਸ਼ ਦਿੱਤੇ। ਏਡਜ਼ ਪ੍ਰੋਗਰਾਮ ਸਬੰਧੀ ਉਨ੍ਹਾਂ ਵਿਭਾਗ ਦੇ 95-95-99 ਟੀਚੇ ਨੂੰ ਪੂਰਾ ਕਰਨ ’ਤੇ ਜ਼ੋਰ ਦਿੱਤਾ। ਉਨ੍ਹਾਂ ਦੱਸਿਆ ਕਿ 95 ਫ਼ੀਸਦੀ ਲੋਕਾਂ ਨੂੰ ਆਪਣੇ ਐਚ.ਆਈ.ਵੀ. ਸਟੇਟਸ ਦੀ ਜਾਣਕਾਰੀ ਹੋਣੀ ਚਾਹੀਦੀ ਹੈ, 95 ਫ਼ੀਸਦੀ ਮਰੀਜ਼ ਇਲਾਜ ਅਧੀਨ ਹੋਣ ਅਤੇ 99 ਫ਼ੀਸਦੀ ਮਰੀਜ਼ਾਂ ਦਾ ਵਾਇਰਲ ਲੋਡ ਕੰਟਰੋਲ ਵਿੱਚ ਹੋਣਾ ਲਾਜ਼ਮੀ ਹੈ। ਡਾ. ਨੀਲੂ ਚੁੱਘ ਨੇ ਕਿਹਾ ਕਿ ਐਚ.ਆਈ.ਵੀ. ਪੀੜਤ ਮਰੀਜ਼ਾਂ ਦਾ ਨਿਯਮਿਤ ਫਾਲੋਅੱਪ ਕੀਤਾ ਜਾਵੇ ਅਤੇ ਜਾਗਰੂਕਤਾ ਸੈਮੀਨਾਰਾਂ ਰਾਹੀਂ ਲੋਕਾਂ ਨੂੰ ਟੀ.ਬੀ ਅਤੇ ਏਡਜ਼ ਤੋਂ ਬਚਾਅ ਬਾਰੇ ਜਾਣਕਾਰੀ ਦਿੱਤੀ ਜਾਵੇ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਲੱਛਣ ਹੋਣ ’ਤੇ ਤੁਰੰਤ ਨਜ਼ਦੀਕੀ ਸਰਕਾਰੀ ਹਸਪਤਾਲ ਜਾਂ ਸਿਹਤ ਕੇਂਦਰ ਵਿੱਚ ਜਾਂਚ ਕਰਵਾਈ ਜਾਵੇ, ਜਿੱਥੇ ਇਲਾਜ ਅਤੇ ਜਾਂਚ ਮੁਫ਼ਤ ਉਪਲਬਧ ਹੈ।