ਕੌਮਾਂਤਰੀ ਦਿਵਸ ਮੌਕੇ ਨਰਸਿੰਗ ਸਟਾਫ਼ ਨੂੰ ਦਿੱਤੀ ਵਧਾਈ
ਅੰਤਰਰਾਸ਼ਟਰੀ ਨਰਸ ਦਿਵਸ ਮੌਕੇ ਸਿਵਲ ਸਰਜਨ ਫਾਜ਼ਿਲਕਾ ਵੱਲੋਂ ਨਰਸਿੰਗ ਸਟਾਫ਼ ਨੂੰ ਵਧਾਈ
Publish Date: Tue, 12 May 2026 03:52 PM (IST)
Updated Date: Tue, 12 May 2026 03:54 PM (IST)

ਕਪਿਲ ਜਸੂਜਾ, ਪੰਜਾਬੀ ਜਾਗਰਣ, ਫਾਜ਼ਿਲਕਾ : ਅੰਤਰਰਾਸ਼ਟਰੀ ਨਰਸ ਦਿਵਸ ਮੌਕੇ ਡਾ. ਕਵਿਤਾ ਸਿੰਘ ਸਿਵਲ ਸਰਜਨ ਫਾਜ਼ਿਲਕਾ, ਡਾ. ਉਪਿੰਦਰ ਸਿੰਘ ਸਹਾਇਕ ਸਿਵਲ ਸਰਜਨ ਅਤੇ ਡਾ. ਰਿੰਕੂ ਚਾਵਲਾ ਜ਼ਿਲ੍ਹਾ ਟੀਕਾਕਰਨ ਅਫ਼ਸਰ ਵੱਲੋਂ ਜ਼ਿਲ੍ਹੇ ਦੇ ਸਮੂਹ ਨਰਸਿੰਗ ਸਟਾਫ਼ ਨੂੰ ਵਧਾਈ ਅਤੇ ਸ਼ੁੱਭਕਾਮਨਾਵਾਂ ਦਿੱਤੀਆਂ ਗਈਆਂ। ਡਾ. ਕਵਿਤਾ ਸਿੰਘ ਨੇ ਦੱਸਿਆ ਕਿ ਇਸ ਸਾਲ ਅੰਤਰਰਾਸ਼ਟਰੀ ਨਰਸ ਦਿਵਸ ਦਾ ਥੀਮ ‘ਸਾਡੀਆਂ ਨਰਸਾਂ, ਸਾਡਾ ਭਵਿੱਖ-ਸਸ਼ਕਤ ਨਰਸਾਂ ਜਾਨਾਂ ਬਚਾਉਂਦੀਆਂ ਹਨ’ ਹੈ। ਉਨ੍ਹਾਂ ਕਿਹਾ ਕਿ ਮਿਸ ਨੂੰ ਦੁਨੀਆ ਦੀ ਪਹਿਲੀ ਨਰਸ ਮੰਨਿਆ ਜਾਂਦਾ ਹੈ, ਜਿਨ੍ਹਾਂ ਨੇ ਆਪਣਾ ਸਾਰਾ ਜੀਵਨ ਮਰੀਜ਼ਾਂ ਦੀ ਸੇਵਾ ਲਈ ਸਮਰਪਿਤ ਕੀਤਾ। ਉਨ੍ਹਾਂ ਦੇ ਜਨਮ ਦਿਵਸ ਨੂੰ ਹਰ ਸਾਲ ਵਿਸ਼ਵ ਨਰਸ ਦਿਵਸ ਵਜੋਂ ਮਨਾਇਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਕਿਸੇ ਵੀ ਮਰੀਜ਼ ਦੇ ਇਲਾਜ ਅਤੇ ਉਸਦੀ ਸੰਭਾਲ ਵਿੱਚ ਨਰਸਾਂ ਦੀ ਅਹਿਮ ਭੂਮਿਕਾ ਹੁੰਦੀ ਹੈ। ਡਾਕਟਰਾਂ ਵੱਲੋਂ ਬਿਮਾਰੀ ਦੀ ਪਛਾਣ ਅਤੇ ਇਲਾਜ ਕੀਤਾ ਜਾਂਦਾ ਹੈ, ਜਦਕਿ ਇਲਾਜ ਦੌਰਾਨ ਅਤੇ ਬਾਅਦ ਮਰੀਜ਼ ਦੀ ਦੇਖਭਾਲ ਵਿੱਚ ਨਰਸਾਂ ਵੱਡਾ ਯੋਗਦਾਨ ਪਾਉਂਦੀਆਂ ਹਨ। ਜ਼ਿਲ੍ਹੇ ਦੀਆਂ ਸਿਹਤ ਸੰਸਥਾਵਾਂ ਵਿੱਚ ਆਉਣ ਵਾਲੇ ਮਰੀਜ਼ਾਂ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨਾਲ ਵਧੀਆ ਵਰਤਾਓ ਲਈ ਉੱਚ ਅਧਿਕਾਰੀਆਂ ਵੱਲੋਂ ਸਮੂਹ ਨਰਸਿੰਗ ਸਟਾਫ਼ ਦਾ ਧੰਨਵਾਦ ਕੀਤਾ ਗਿਆ ਅਤੇ ਹੋਰ ਵਧੀਆ ਸੇਵਾਵਾਂ ਦੇਣ ਲਈ ਪ੍ਰੇਰਿਤ ਕੀਤਾ ਗਿਆ। ਇਸ ਮੌਕੇ ਉਨ੍ਹਾਂ ਨੇ ਨਰਸਿੰਗ ਕੇਡਰ ਦੇ ਰੁਤਬੇ ਨੂੰ ਹੋਰ ਉੱਚਾਈਆਂ ਤੱਕ ਲਿਜਾਣ ਲਈ ਵੀ ਅਪੀਲ ਕੀਤੀ। ਇਸ ਮੌਕੇ ਵਿਨੋਦ ਖੁਰਾਣਾ, ਮਨਬੀਰ ਸਿੰਘ, ਦਿਵੇਸ਼ ਕੁਮਾਰ, ਸੁਖਦੇਵ ਸਿੰਘ ਅਤੇ ਰੋਹਿਤ ਹਾਜ਼ਰ ਸਨ।