ਸਿਵਲ ਸਰਜਨ ਡਾ. ਕਵਿਤਾ ਸਿੰਘ ਨੇ ਸਿਵਲ ਹਸਪਤਾਲ ਅਬੋਹਰ ਦਾ ਕੀਤਾ ਦੌਰਾ
ਸਿਵਲ ਸਰਜਨ ਡਾ. ਕਵਿਤਾ ਸਿੰਘ ਨੇ ਸਿਵਲ ਹਸਪਤਾਲ ਅਬੋਹਰ ਦਾ ਕੀਤਾ ਦੌਰਾ
Publish Date: Tue, 19 May 2026 04:54 PM (IST)
Updated Date: Tue, 19 May 2026 04:55 PM (IST)

ਪੱਤਰ ਪ੍ਰੇਰਕ.ਪੰਜਾਬੀ ਜਾਗਰਣ, ਅਬੋਹਰ : ਡਾ. ਕਵਿਤਾ ਸਿੰਘ ਨੇ ਸਿਵਲ ਹਸਪਤਾਲ ਅਬੋਹਰ ਦਾ ਦੌਰਾ ਕਰਕੇ ਸਿਹਤ ਸੇਵਾਵਾਂ ਦੀ ਗੁਣਵੱਤਾ ਦੀ ਸਮੀਖਿਆ ਕੀਤੀ। ਇਸ ਦੌਰਾਨ ਉਨ੍ਹਾਂ ਨੇ ਸੀਨੀਅਰ ਮੈਡੀਕਲ ਅਫ਼ਸਰ ਅਤੇ ਸਮੂਹ ਡਾਕਟਰਾਂ ਨਾਲ ਮੀਟਿੰਗ ਕਰਕੇ ਹਸਪਤਾਲ ਵਿੱਚ ਪ੍ਰਦਾਨ ਕੀਤੀਆਂ ਜਾ ਰਹੀਆਂ ਸੇਵਾਵਾਂ ਬਾਰੇ ਜਾਣਕਾਰੀ ਪ੍ਰਾਪਤ ਕੀਤੀ। ਇਸ ਮੌਕੇ ਕਾਰਜਕਾਰੀ ਸੀਨੀਅਰ ਮੈਡੀਕਲ ਅਫ਼ਸਰ ਡਾ. ਸੁਰੇਸ਼ ਕੰਬੋਜ਼ ਨੇ ਹਸਪਤਾਲ ਵਿੱਚ ਚੱਲ ਰਹੀਆਂ ਵੱਖ-ਵੱਖ ਸਿਹਤ ਸੇਵਾਵਾਂ ਦੀ ਵਿਸਤ੍ਰਿਤ ਜਾਣਕਾਰੀ ਦਿੱਤੀ। ਡਾ. ਕਵਿਤਾ ਸਿੰਘ ਨੇ ਵੱਧ ਰਹੀ ਗਰਮੀ ਨੂੰ ਦੇਖਦੇ ਹੋਏ ਹੀਟ ਸਟਰੋਕ ਦੇ ਮਰੀਜ਼ਾਂ ਲਈ ਵਿਸ਼ੇਸ਼ ਪ੍ਰਬੰਧ ਕਰਨ ਅਤੇ ਲੋੜੀਂਦੀਆਂ ਦਵਾਈਆਂ ਦਾ ਪੂਰਾ ਸਟਾਕ ਰੱਖਣ ਦੀਆਂ ਹਦਾਇਤਾਂ ਦਿੱਤੀਆਂ। ਇਸ ਤੋਂ ਇਲਾਵਾ ਚੋਣਾਂ ਦੇ ਮੱਦੇਨਜ਼ਰ ਐਮਰਜੈਂਸੀ ਸੇਵਾਵਾਂ ਅਤੇ ਦਵਾਈਆਂ ਦੀ ਪੂਰੀ ਉਪਲਬਧਤਾ ਯਕੀਨੀ ਬਣਾਉਣ ਲਈ ਵੀ ਆਦੇਸ਼ ਜਾਰੀ ਕੀਤੇ। ਉਨ੍ਹਾਂ ਨੇ ਹਸਪਤਾਲ ਦੇ ਓ.ਪੀ.ਡੀ., ਐਮਰਜੈਂਸੀ ਵਾਰਡ, ਜੱਚਾ-ਬੱਚਾ ਵਾਰਡ, ਫਾਰਮੇਸੀ ਅਤੇ ਡਿਸਪੈਂਸਰੀਆਂ ਦਾ ਨਿਰੀਖਣ ਕੀਤਾ। ਐਮਰਜੈਂਸੀ ਮੈਡੀਕਲ ਸਟਾਫ ਅਤੇ ਹੋਰ ਕਰਮਚਾਰੀਆਂ ਨਾਲ ਮੀਟਿੰਗ ਦੌਰਾਨ ਉਨ੍ਹਾਂ ਨੇ ਕੰਮਕਾਜ ਵਿੱਚ ਹੋਰ ਸੁਧਾਰ ਲਿਆਉਣ ਅਤੇ ਮਰੀਜ਼ਾਂ ਨਾਲ ਸਹਿਜ ਅਤੇ ਚੰਗਾ ਵਤੀਰਾ ਰੱਖਣ ਦੀ ਹਦਾਇਤ ਕੀਤੀ। ਡਾ. ਕਵਿਤਾ ਸਿੰਘ ਨੇ ਮੈਡੀਕਲ ਲੀਗਲ ਰਿਪੋਰਟਾਂ ਨੂੰ ਸਮੇਂ ਸਿਰ ਆਨਲਾਈਨ ਕਰਨ ਅਤੇ ਮੁੱਖ ਮੰਤਰੀ ਸਿਹਤ ਯੋਜਨਾ ਤਹਿਤ ਦਿੱਤੀਆਂ ਜਾ ਰਹੀਆਂ ਸਹੂਲਤਾਂ ਬਾਰੇ ਵੀ ਜਾਣਕਾਰੀ ਹਾਸਲ ਕੀਤੀ। ਉਨ੍ਹਾਂ ਹਸਪਤਾਲ ਦੀ ਸਫ਼ਾਈ ’ਤੇ ਸੰਤੁਸ਼ਟੀ ਪ੍ਰਗਟ ਕਰਦਿਆਂ ਸਫ਼ਾਈ ਪ੍ਰਬੰਧਾਂ ਨੂੰ ਹੋਰ ਮਜ਼ਬੂਤ ਕਰਨ ਲਈ ਕਿਹਾ। ਇਸ ਮੌਕੇ ਹੱਡੀਆਂ ਦੇ ਮਾਹਿਰ ਡਾ. ਸਨਮਾਨ ਮਾਜੀ, ਜਨਰਲ ਸਰਜਨ ਡਾ. ਗਗਨਦੀਪ ਸਿੰਘ, ਮਾਨਸਿਕ ਰੋਗਾਂ ਦੇ ਮਾਹਿਰ ਡਾ. ਮਹੇਸ਼ ਕੁਮਾਰ, ਡਾ. ਸੁਬੀਨ ਇੰਦਰ ਕੌਰ, ਡਾ. ਸਵਪਨਿਲ, ਡਾ. ਦੀਕਸ਼ੀ ਬੱਬਰ ਸਮੇਤ ਹੋਰ ਸਟਾਫ ਮੈਂਬਰ ਮੌਜੂਦ ਸਨ।