ਸਿਵਲ ਹਸਪਤਾਲ ਜ਼ੀਰਾ ਬਣਿਆ ਗੰਦਗੀ ਦਾ ਅੱਡਾ, ਮਰੀਜ਼ਾਂ ਦੀ ਸਿਹਤ ਨਾਲ ਖਿਲਵਾੜ
ਸਿਵਲ ਹਸਪਤਾਲ ਜ਼ੀਰਾ ਬਣਿਆ ਗੰਦਗੀ ਦਾ ਅੱਡਾ, ਮਰੀਜ਼ਾਂ ਦੀ ਸਿਹਤ ਨਾਲ ਖਿਲਵਾੜ
Publish Date: Sat, 02 May 2026 03:35 PM (IST)
Updated Date: Sat, 02 May 2026 03:38 PM (IST)

ਗੌਰਵ ਗੌੜ ਜੌਲੀ, ਪੰਜਾਬੀ ਜਾਗਰਣ ਜ਼ੀਰਾ : ਲੋਕਾਂ ਨੂੰ ਸਿਹਤ ਸਹੂਲਤਾਂ ਪ੍ਰਦਾਨ ਕਰਨ ਵਾਲਾ ਸਿਵਲ ਹਸਪਤਾਲ ਜ਼ੀਰਾ ਆਪਣੀ ਹੀ ਸਫਾਈ ਵਿਵਸਥਾ ਕਾਰਨ ਸਵਾਲਾਂ ਦੇ ਘੇਰੇ ਵਿੱਚ ਆ ਗਿਆ ਹੈ। ਹਸਪਤਾਲ ਦੇ ਅੰਦਰ ਅਤੇ ਬਾਹਰ ਫੈਲੀ ਗੰਦਗੀ ਨੇ ਨਾ ਸਿਰਫ਼ ਪ੍ਰਸ਼ਾਸਨ ਦੀ ਕਾਰਗੁਜ਼ਾਰੀ ’ਤੇ ਸਵਾਲ ਖੜ੍ਹੇ ਕਰ ਦਿੱਤੇ ਹਨ, ਸਗੋਂ ਇੱਥੇ ਇਲਾਜ ਲਈ ਆਉਣ ਵਾਲੇ ਮਰੀਜ਼ਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਦੀ ਸਿਹਤ ਨੂੰ ਵੀ ਖਤਰੇ ਵਿੱਚ ਪਾ ਦਿੱਤਾ ਹੈ। ਹਾਲਾਤ ਇਹ ਹਨ ਕਿ ਹਸਪਤਾਲ ਦੇ ਕਈ ਹਿੱਸਿਆਂ ਵਿੱਚ ਗੰਦਗੀ ਦੇ ਢੇਰ ਲੱਗੇ ਹੋਏ ਹਨ। ਹਸਪਤਾਲ ਦੇ ਬਾਥਰੂਮ ਗੰਦਗੀ ਨਾਲ ਭਰੇ ਹੋਏ ਹਨ, ਜਿੱਥੇ ਬਦਬੂ ਕਾਰਨ ਮਰੀਜ਼ਾਂ ਅਤੇ ਸਾਥੀਆਂ ਦਾ ਖੜ੍ਹਾ ਹੋਣਾ ਵੀ ਮੁਸ਼ਕਲ ਹੋ ਰਿਹਾ ਹੈ,ਬਾਥਰੂਮਾਂ ਦਾ ਗੰਦਾ ਪਾਣੀ ਓਵਰਫਲੋ ਹੋ ਕੇ ਬਾਹਰ ਆ ਰਿਹਾ ਹੈ, ਡਿਸਪੋਜਲ ਗਲਾਸ ਅਤੇ ਖਾਲੀ ਬੋਤਲਾਂ ਖਿਲਰੀਆਂ ਹੋਈਆਂ ਹਨ, ਸਫਾਈ ਦੀ ਘਾਟ ਕਾਰਨ ਮਰੀਜ਼ਾਂ ਵਿਚ ਇਨਫੈਕਸ਼ਨ ਫੈਲਣ ਦਾ ਖਤਰਾ ਬਣਿਆ ਹੋਇਆ ਹੈ। ਇਸ ਤੋਂ ਇਲਾਵਾ ਹਸਪਤਾਲ ਵਿੱਚ ਲੱਗੇ ਆਕਸੀਜਨ ਪਲਾਂਟ ਅਤੇ ਪਾਣੀ ਵਾਲੀ ਟੈਂਕੀ ਦੇ ਆਲੇ-ਦੁਆਲੇ ਵੱਡਾ-ਵੱਡਾ ਘਾਹ, ਜੰਗਲੀ ਬੂਟੀ ਅਤੇ ਖੜ੍ਹਾ ਪਾਣੀ ਪ੍ਰਸ਼ਾਸਨ ਦੀ ਲਾਪਰਵਾਹੀ ਦੀ ਤਸਵੀਰ ਪੇਸ਼ ਕਰ ਰਹੇ ਹਨ। ਜਿੱਥੇ ਹਸਪਤਾਲ ਵੱਲੋਂ ਮਲੇਰੀਆ ਜਾਗਰੂਕਤਾ ਸੈਮੀਨਾਰ ਲਗਾਏ ਜਾਂਦੇ ਹਨ, ਉੱਥੇ ਹੀ ਹਸਪਤਾਲ ਵਿਚ ਖੜ੍ਹਾ ਪਾਣੀ ਮੱਛਰ ਪੈਦਾ ਕਰ ਰਿਹਾ ਹੈ, ਜਿਸ ਕਾਰਨ ਮਲੇਰੀਆ ਅਤੇ ਡੇਂਗੂ ਵਰਗੀਆਂ ਭਿਆਨਕ ਬਿਮਾਰੀਆਂ ਫੈਲਣ ਦਾ ਖਤਰਾ ਬਣ ਗਿਆ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਜਿੱਥੇ ਇੱਕ ਪਾਸੇ ਸਰਕਾਰ ਵੱਲੋਂ ਸਫਾਈ ਅਤੇ ਸਿਹਤ ਸਹੂਲਤਾਂ ਨੂੰ ਲੈ ਕੇ ਵੱਡੇ-ਵੱਡੇ ਦਾਅਵੇ ਕੀਤੇ ਜਾਂਦੇ ਹਨ, ਉੱਥੇ ਦੂਜੇ ਪਾਸੇ ਜ਼ੀਰਾ ਦਾ ਇਹ ਸਰਕਾਰੀ ਹਸਪਤਾਲ ਬੁਨਿਆਦੀ ਸਫਾਈ ਤੋਂ ਵੀ ਵਾਂਝਾ ਨਜ਼ਰ ਆ ਰਿਹਾ ਹੈ। ਹਸਪਤਾਲ ਵਿਚ ਆਉਣ ਵਾਲੇ ਮਰੀਜ਼ਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੇ ਪ੍ਰਸ਼ਾਸਨ ਤੋਂ ਤੁਰੰਤ ਸਫਾਈ ਮੁਹਿੰਮ ਚਲਾਉਣ, ਖੜ੍ਹੇ ਪਾਣੀ ਦੀ ਨਿਕਾਸੀ ਕਰਨ ਅਤੇ ਹਸਪਤਾਲ ਦੇ ਆਲੇ-ਦੁਆਲੇ ਉੱਗੇ ਘਾਹ ਦੀ ਸਫਾਈ ਕਰਵਾਉਣ ਦੀ ਮੰਗ ਕੀਤੀ ਹੈ। ਸ਼ਹਿਰ ਵਾਸੀਆਂ ਦਾ ਕਹਿਣਾ ਹੈ ਕਿ ਜੇਕਰ ਜਲਦ ਧਿਆਨ ਨਾ ਦਿੱਤਾ ਗਿਆ ਤਾਂ ਹਸਪਤਾਲ ਖੁਦ ਬਿਮਾਰੀਆਂ ਦਾ ਕੇਂਦਰ ਬਣ ਸਕਦਾ ਹੈ, ਜਿਸ ਦਾ ਖਮਿਆਜ਼ਾ ਆਮ ਲੋਕਾਂ ਨੂੰ ਭੁਗਤਣਾ ਪਵੇਗਾ। ਸਫ਼ਾਈ ਦਾ ਰੱਖਿਆ ਜਾਂਦਾ ਪੂਰਾ ਖ਼ਿਆਲ : ਐੱਸਐੱਮਓ ਇਸ ਸਬੰਧੀ ਜਦ ਸਿਵਲ ਹਸਪਤਾਲ ਜ਼ੀਰਾ ਦੇ ਐੱਸਐੱਮਓ ਨਵੀਨ ਸੇਠੀ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਅਸੀਂ ਹਸਪਤਾਲ ਵਿਚ ਸਫਾਈ ਦਾ ਪੂਰਾ ਖਿਆਲ ਰੱਖਦੇ ਹਾਂ। ਇਸ ਲਈ ਜਗ੍ਹਾ-ਜਗ੍ਹਾ ਲਿਖ ਕੇ ਵੀ ਲਗਾਇਆ, ਪਰ ਬਾਹਰੋਂ ਆਉਣ ਵਾਲੇ ਲੋਕ ਗੰਦਗੀ ਫੈਲਾਉਣ ਤੋਂ ਗੁਰੇਜ ਨਹੀਂ ਕਰਦੇ। ਉਨ੍ਹਾਂ ਕਿਹਾ ਕਿ ਸ਼ਹਿਰ ਵਿਚ ਸੀਵਰੇਜ ਸਿਸਟਮ ਠੀਕ ਨਾ ਹੋਣ ਕਰਕੇ ਪਾਣੀ ਗਟਰ ਵਿੱਚੋਂ ਓਵਰਫਲੋ ਹੁੰਦਾ ਹੈ।