ਚੂਚਕ ਵਿੰਡ ਸਕੂਲ ਬਣਿਆ ਡਿਜੀਟਲ ਸਿੱਖਿਆ ਦਾ ਮਿਸਾਲੀ ਕੇਂਦਰ
ਚੂਚਕ ਵਿੰਡ ਸਕੂਲ ਬਣਿਆ ਡਿਜੀਟਲ ਸਿੱਖਿਆ ਦਾ ਮਿਸਾਲੀ ਕੇਂਦਰ
Publish Date: Wed, 29 Apr 2026 04:53 PM (IST)
Updated Date: Wed, 29 Apr 2026 04:55 PM (IST)

ਗੌਰਵ ਗੌੜ ਜੌਲੀ, ਪੰਜਾਬੀ ਜਾਗਰਣ ਜ਼ੀਰਾ : ਤਹਿਸੀਲ ਜ਼ੀਰਾ ਦੇ ਪਿੰਡ ਚੂਚਕ ਵਿੰਡ ਵਿਖੇ ਸਥਿਤ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿਚ ਆਧੁਨਿਕ ਸਿੱਖਿਆ ਵੱਲ ਇਕ ਹੋਰ ਮਜ਼ਬੂਤ ਕਦਮ ਚੁੱਕਦਿਆਂ 16 ਨਵੇਂ ਕੰਪਿਊਟਰ ਅਤੇ 3 ਸਮਾਰਟ ਪੈਨਲ ਵਿਦਿਆਰਥੀਆਂ ਲਈ ਸਮਰਪਿਤ ਕੀਤੇ ਗਏ। ਇਸ ਮੌਕੇ ਸਕੂਲ ਵਿਚ ਕਰਵਾਏ ਗਏ ਸਾਦੇ ਪਰ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਪਿੰਡ ਦੇ ਸਰਪੰਚ ਚਾਨਣ ਸਿੰਘ, ਪ੍ਰਿੰਸੀਪਲ ਕਰਮਜੀਤ ਸਿੰਘ ਅਤੇ ਚੇਅਰਮੈਨ ਜਸਵਿੰਦਰ ਸਿੰਘ ਵੱਲੋਂ ਸਾਂਝੇ ਤੌਰ ’ਤੇ ਇਨ੍ਹਾਂ ਸਹੂਲਤਾਂ ਦਾ ਉਦਘਾਟਨ ਕੀਤਾ ਗਿਆ। ਸਮਾਗਮ ਨੂੰ ਸੰਬੋਧਨ ਕਰਦਿਆਂ ਸਰਪੰਚ ਚਾਨਣ ਸਿੰਘ ਨੇ ਕਿਹਾ ਕਿ ਸਮੇਂ ਦੇ ਨਾਲ ਤਕਨੀਕੀ ਸਿੱਖਿਆ ਦੀ ਮਹੱਤਤਾ ਲਗਾਤਾਰ ਵੱਧ ਰਹੀ ਹੈ ਅਤੇ ਇਹ ਨਵੇਂ ਕੰਪਿਊਟਰ ਤੇ ਪੈਨਲ ਵਿਦਿਆਰਥੀਆਂ ਨੂੰ ਨਵੀਂ ਦਿਸ਼ਾ ਦੇਣਗੇ। ਉਨ੍ਹਾਂ ਦੱਸਿਆ ਕਿ ਇਨ੍ਹਾਂ ਸਹੂਲਤਾਂ ਨਾਲ ਬੱਚਿਆਂ ਦੀ ਸਿੱਖਣ ਸਮਰੱਥਾ ਵਿੱਚ ਨਿਖਾਰ ਆਵੇਗਾ ਅਤੇ ਉਹ ਭਵਿੱਖ ਦੀਆਂ ਚੁਣੌਤੀਆਂ ਦਾ ਡੱਟ ਕੇ ਸਾਹਮਣਾ ਕਰਨ ਲਈ ਤਿਆਰ ਹੋਣਗੇ। ਪ੍ਰਿੰਸੀਪਲ ਕਰਮਜੀਤ ਸਿੰਘ ਨੇ ਆਪਣੇ ਸੰਬੋਧਨ ਵਿਚ ਪੰਜਾਬ ਸਰਕਾਰ ਅਤੇ ਸਕੂਲ ਸਿੱਖਿਆ ਵਿਭਾਗ ਦਾ ਧੰਨਵਾਦ ਕਰਦਿਆਂ ਕਿਹਾ ਕਿ ਕਲਾਸਰੂਮਾਂ ਵਿੱਚ ਡਿਜੀਟਲ ਸਾਧਨਾਂ ਦੀ ਸ਼ਾਮਿਲੀਅਤ ਨਾਲ ਅਧਿਆਪਕਾਂ ਨੂੰ ਪੜ੍ਹਾਉਣ ਵਿੱਚ ਸੁਵਿਧਾ ਮਿਲੇਗੀ ਅਤੇ ਵਿਦਿਆਰਥੀਆਂ ਲਈ ਵਿਸ਼ਿਆਂ ਨੂੰ ਸਮਝਣਾ ਹੋਰ ਵੀ ਆਸਾਨ ਬਣੇਗਾ। ਉਨ੍ਹਾਂ ਕਿਹਾ ਕਿ ਇਹ ਉਪਰਾਲਾ ਸਿੱਖਿਆ ਦੇ ਮਿਆਰ ਨੂੰ ਨਵੇਂ ਪੱਧਰ ’ਤੇ ਲੈ ਜਾਣ ਵਿੱਚ ਸਹਾਇਕ ਸਾਬਤ ਹੋਵੇਗਾ। ਇਸ ਮੌਕੇ ਮੀਨਾਕਸ਼ੀ ਚੋਪੜਾ ਇੰਚਾਰਜ, ਮੈਂਬਰ ਬਲਤੇਜ ਸਿੰਘ, ਗੁਰਭੇਜ ਸਿੰਘ, ਨਿਰਮਲ ਸਿੰਘ, ਜਗਤਾਰ ਸਿੰਘ, ਗੁਲਾਮ ਮੁਸਤਫਾ, ਬਰਜਿੰਦਰ ਸਿੰਘ, ਕੇਵਲ ਸਿੰਘ ਸਮੇਤ ਹੋਰ ਹਾਜ਼ਰ ਸਨ। ਸਮੂਹ ਸਟਾਫ਼ ਨੇ ਇਸ ਉਪਰਾਲੇ ਨੂੰ ਸਿੱਖਿਆ ਖੇਤਰ ਲਈ ਇਕ ਮੀਲ ਪੱਥਰ ਕਰਾਰ ਦਿੱਤਾ। ਜ਼ਿਕਰਯੋਗ ਹੈ ਕਿ ਪੰਜਾਬ ਸਰਕਾਰ ਵੱਲੋਂ ਸਰਕਾਰੀ ਸਕੂਲਾਂ ਨੂੰ ਆਧੁਨਿਕ ਸਹੂਲਤਾਂ ਨਾਲ ਲੈਸ ਕਰਨ ਲਈ ਲਗਾਤਾਰ ਯਤਨ ਕੀਤੇ ਜਾ ਹਨ, ਜਿਸ ਨਾਲ ਸਰਕਾਰੀ ਸਿੱਖਿਆ ਪ੍ਰਣਾਲੀ ਵਿਚ ਨਵੀਂ ਜਾਗਰੂਕਤਾ ਅਤੇ ਗੁਣਵੱਤਾ ਦਾ ਸੰਚਾਰ ਹੋ ਰਿਹਾ ਹੈ।