ਈ-ਫਾਰਮੇਸੀਆਂ ਵਿਰੁੱਧ ਕੈਮਿਸਟਾਂ ਵੱਲੋਂ 20 ਹੜਤਾਲ
ਈ-ਫਾਰਮੇਸੀਆਂ ਵਿਰੁੱਧ ਕੈਮਿਸਟਾਂ ਦਾ ਦੇਸ਼ ਵਿਆਪੀ ਐਲਾਨ, 20 ਮਈ ਨੂੰ ਰਹੇਗੀ ਹੜਤਾਲ
Publish Date: Sat, 16 May 2026 05:19 PM (IST)
Updated Date: Sat, 16 May 2026 05:21 PM (IST)

ਨਰੇਸ਼ ਕੁਮਾਰ ਕਾਮਰਾ.ਪੰਜਾਬੀ ਜਾਗਰਣ ਫਾਜ਼ਿਲਕਾ: ਆਲ ਇੰਡੀਆ ਆਰਗੇਨਾਈਜ਼ੇਸ਼ਨ ਆਫ ਕੈਮਿਸਟ ਐਂਡ ਡਰੱਗਿਸਟ ਦੇ ਸੱਦੇ ਤੇ ਦੇਸ਼ ਭਰ ਦੇ ਕੈਮਿਸਟਾਂ ਨੇ 20 ਮਈ ਨੂੰ ਈ-ਫਾਰਮੇਸੀਆਂ ਦੇ ਵਿਰੋਧ ਵਿੱਚ ਦੇਸ਼ ਵਿਆਪੀ ਹੜਤਾਲ ਕਰਨ ਦਾ ਐਲਾਨ ਕੀਤਾ ਹੈ। ਫਾਜ਼ਿਲਕਾ ਕੈਮਿਸਟ ਐਸੋਸੀਏਸ਼ਨ ਵੱਲੋਂ ਵੀ ਇਸ ਹੜਤਾਲ ਨੂੰ ਪੂਰਾ ਸਮਰਥਨ ਦਿੱਤਾ ਗਿਆ ਹੈ। ਕੈਮਿਸਟ ਯੂਨੀਅਨ ਦੇ ਆਗੂ ਵਿਨੋਦ ਵਾਟਸ, ਤਿਲਕ ਰਾਜ ਗਗਨੇਜਾ ਅਤੇ ਰਾਜ ਕੁਮਾਰ ਠਕਰਾਲ ਨੇ ਕਿਹਾ ਕਿ ਈ-ਫਾਰਮੇਸੀਆਂ ਦੇ ਵਧਦੇ ਪ੍ਰਭਾਵ ਕਾਰਨ ਰਵਾਇਤੀ ਮੈਡੀਕਲ ਸਟੋਰਾਂ ਦਾ ਕਾਰੋਬਾਰ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਈ-ਫਾਰਮੇਸੀਆਂ ਰਾਹੀਂ ਨਕਲੀ ਅਤੇ ਗੈਰ-ਪ੍ਰਮਾਣਿਤ ਨੁਸਖਿਆਂ ਤੇ ਦਵਾਈਆਂ ਦੀ ਵਿਕਰੀ, ਨਸ਼ੀਲੇ ਪਦਾਰਥਾਂ ਅਤੇ ਐਂਟੀਬਾਇਓਟਿਕਸ ਤੱਕ ਆਸਾਨ ਪਹੁੰਚ ਅਤੇ ਨਕਲੀ ਦਵਾਈਆਂ ਦੇ ਵਧਦੇ ਖ਼ਤਰੇ ਵਰਗੀਆਂ ਗੰਭੀਰ ਸਮੱਸਿਆਵਾਂ ਪੈਦਾ ਹੋ ਰਹੀਆਂ ਹਨ। ਇਸ ਤੋਂ ਇਲਾਵਾ ਫਾਰਮਾਸਿਸਟ ਅਤੇ ਮਰੀਜ਼ ਵਿਚਕਾਰ ਸਿੱਧੇ ਸੰਚਾਰ ਦੀ ਘਾਟ ਵੀ ਚਿੰਤਾ ਦਾ ਵਿਸ਼ਾ ਹੈ। ਕੈਮਿਸਟਾਂ ਨੇ ਦੋਸ਼ ਲਾਇਆ ਕਿ ਵੱਡੀਆਂ ਕਾਰਪੋਰੇਟ ਕੰਪਨੀਆਂ ਵੱਲੋਂ ਭਾਰੀ ਛੂਟਾਂ ਦੇ ਕੇ ਬਾਜ਼ਾਰ ਨੂੰ ਪ੍ਰਭਾਵਿਤ ਕੀਤਾ ਜਾ ਰਿਹਾ ਹੈ, ਜਿਸ ਨਾਲ ਛੋਟੇ ਕੈਮਿਸਟਾਂ ਦੀ ਰੋਜ਼ੀ-ਰੋਟੀ ਤੇ ਅਸਰ ਪੈ ਰਿਹਾ ਹੈ। ਉਨ੍ਹਾਂ ਸਰਕਾਰ ਕੋਲੋਂ ਈ-ਫਾਰਮੇਸੀ ਸਬੰਧੀ ਨੋਟੀਫਿਕੇਸ਼ਨ ਵਾਪਸ ਲੈਣ ਅਤੇ ਗੈਰ-ਕਾਨੂੰਨੀ ਈ-ਫਾਰਮੇਸੀਆਂ ਤੇ ਸਖ਼ਤ ਪਾਬੰਦੀ ਲਗਾਉਣ ਦੀ ਮੰਗ ਕੀਤੀ। ਪ੍ਰਧਾਨ ਬਾਲ ਕ੍ਰਿਸ਼ਨ ਕਟਾਰੀਆ ਨੇ ਕਿਹਾ ਕਿ ਦਵਾਈ ਕੋਈ ਆਮ ਵਸਤੂ ਨਹੀਂ, ਸਗੋਂ ਮਰੀਜ਼ਾਂ ਦੀ ਸੁਰੱਖਿਆ ਨਾਲ ਜੁੜਿਆ ਬਹੁਤ ਸੰਵੇਦਨਸ਼ੀਲ ਮਾਮਲਾ ਹੈ। ਉਨ੍ਹਾਂ ਕਿਹਾ ਕਿ ਸਖ਼ਤ ਅਤੇ ਨਿਯੰਤਰਿਤ ਪ੍ਰਣਾਲੀ ਰਾਹੀਂ ਹੀ ਮਰੀਜ਼ਾਂ ਤੱਕ ਸਹੀ ਦਵਾਈ ਸੁਰੱਖਿਅਤ ਢੰਗ ਨਾਲ ਪਹੁੰਚ ਸਕਦੀ ਹੈ। ਉਨ੍ਹਾਂ ਆਮ ਲੋਕਾਂ ਨੂੰ ਅਪੀਲ ਕੀਤੀ ਕਿ 20 ਮਈ ਤੋਂ ਪਹਿਲਾਂ ਆਪਣੀਆਂ ਜ਼ਰੂਰੀ ਦਵਾਈਆਂ ਖਰੀਦ ਲੈਣ ਤਾਂ ਜੋ ਹੜਤਾਲ ਦੌਰਾਨ ਕਿਸੇ ਕਿਸਮ ਦੀ ਅਸੁਵਿਧਾ ਦਾ ਸਾਹਮਣਾ ਨਾ ਕਰਨਾ ਪਵੇ। ਉਨ੍ਹਾਂ ਕਿਹਾ ਕਿ ਖਾਸ ਕਰਕੇ ਨਿਯਮਤ ਦਵਾਈਆਂ ਲੈਣ ਵਾਲੇ ਮਰੀਜ਼ ਪਹਿਲਾਂ ਹੀ ਆਪਣਾ ਪ੍ਰਬੰਧ ਕਰ ਲੈਣ। ਇਸ ਮੌਕੇ ਜਸ ਕਟਾਰੀਆ, ਮਹਿੰਦਰ ਪ੍ਰਤਾਪ, ਬਿੱਟੂ ਧੂੜੀਆ, ਕਮਲ ਗਰੋਵਰ, ਚੰਦਨ ਕਾਮਰਾ, ਪਵਨ ਕੁਮਾਰ, ਸੁਰਿੰਦਰ ਸ਼ਿੰਡੀ, ਕਾਕੂ ਗਰੋਵਰ, ਕੁਸ਼ਲ ਗੋਇਲ ਅਤੇ ਰਾਜਿੰਦਰ ਕਟਾਰੀਆ ਸਮੇਤ ਹੋਰ ਮੈਂਬਰ ਵੀ ਹਾਜ਼ਰ ਸਨ।