ਈ-ਫਾਰਮੇਸੀ ਦੇ ਵਿਰੋਧ ’ਚ ਕੇਮਿਸਟਾਂ ਦੀ ਹੜਤਾਲ, ਮੈਡੀਕਲ ਸਟੋਰ ਰਹੇ ਬੰਦ
ਈ-ਫਾਰਮੇਸੀ ਦੇ ਵਿਰੋਧ ਵਿੱਚ ਕੇਮਿਸਟਾਂ ਦੀ ਹੜਤਾਲ, ਮੈਡੀਕਲ ਸਟੋਰ ਰਹੇ ਬੰਦ
Publish Date: Wed, 20 May 2026 03:36 PM (IST)
Updated Date: Wed, 20 May 2026 03:40 PM (IST)

ਹੈਪੀ ਕਾਠਪਾਲ, ਪੰਜਾਬੀ ਜਾਗਰਣ ਜਲਾਲਾਬਾਦ : ਈ-ਫਾਰਮੇਸੀ ਦੇ ਵਿਰੋਧ ’ਚ ਸ਼ਾਂਤਮਈ ਹੜਤਾਲ ਕੀਤੀ ਗਈ। ਇਸ ਦੌਰਾਨ ਜਲਾਲਾਬਾਦ ਸਮੇਤ ਕਈ ਖੇਤਰਾਂ ਵਿੱਚ ਮੈਡੀਕਲ ਸਟੋਰ ਬੰਦ ਰਹੇ ਅਤੇ ਦਵਾ ਵਿਕਰੇਤਾਵਾਂ ਨੇ ਸਰਕਾਰ ਤੋਂ ਆਨਲਾਈਨ ਦਵਾਈ ਵਿਕਰੀ ’ਤੇ ਸਖ਼ਤ ਨਿਯੰਤਰਣ ਦੀ ਮੰਗ ਕੀਤੀ। ਸਥਾਨਕ ਰੱਸੇਵਟ ਧਰਮਸ਼ਾਲਾ ਵਿੱਚ ਹੋਈ ਮੀਟਿੰਗ ਦੌਰਾਨ ਜ਼ਿਲ੍ਹਾ ਕੇਮਿਸਟ ਐਸੋਸੀਏਸ਼ਨ ਦੇ ਪ੍ਰਧਾਨ ਅਸ਼ੋਕ ਛਾਬੜਾ ਕਾਲੀ ਨੇ ਕਿਹਾ ਕਿ ਇਹ ਅੰਦੋਲਨ ਸਿਰਫ ਕਾਰੋਬਾਰ ਦੀ ਲੜਾਈ ਨਹੀਂ, ਸਗੋਂ ਲੋਕਾਂ ਦੀ ਸਿਹਤ ਦੀ ਸੁਰੱਖਿਆ ਨਾਲ ਜੁੜਿਆ ਗੰਭੀਰ ਮਾਮਲਾ ਹੈ। ਉਨ੍ਹਾਂ ਕਿਹਾ ਕਿ ਮੈਡੀਕਲ ਸਟੋਰਾਂ ’ਤੇ ਲਾਇਸੈਂਸ, ਰਜਿਸਟਰਡ ਫਾਰਮਾਸਿਸਟ ਅਤੇ ਬਿਲਿੰਗ ਦੀ ਸਖ਼ਤ ਪ੍ਰਣਾਲੀ ਹੁੰਦੀ ਹੈ, ਜਿਸ ਨਾਲ ਮਰੀਜ਼ਾਂ ਨੂੰ ਸਹੀ ਅਤੇ ਸੁਰੱਖਿਅਤ ਦਵਾਈ ਮਿਲਦੀ ਹੈ। ਉਨ੍ਹਾਂ ਦੋਸ਼ ਲਗਾਇਆ ਕਿ ਕਈ ਈ-ਫਾਰਮੇਸੀ ਪਲੇਟਫਾਰਮਾਂ ’ਤੇ ਬਿਨਾਂ ਢੁਕਵੀਂ ਜਾਂਚ ਦੇ ਦਵਾਈਆਂ ਵੇਚੀਆਂ ਜਾ ਰਹੀਆਂ ਹਨ ਅਤੇ ਪ੍ਰਿਸਕ੍ਰਿਪਸ਼ਨ ਤੋਂ ਬਿਨਾਂ ਵੀ ਐਂਟੀਬਾਇਓਟਿਕ ਅਤੇ ਹੋਰ ਤਾਕਤਵਰ ਦਵਾਈਆਂ ਉਪਲਬਧ ਕਰਵਾਈਆਂ ਜਾ ਰਹੀਆਂ ਹਨ, ਜੋ ਲੋਕਾਂ ਦੀ ਸਿਹਤ ਲਈ ਖ਼ਤਰਨਾਕ ਹੋ ਸਕਦੀਆਂ ਹਨ। ਅਸ਼ੋਕ ਛਾਬੜਾ ਕਾਲੀ ਨੇ ਕਿਹਾ ਕਿ ਮੁਹੱਲੇ ਦਾ ਕੇਮਿਸਟ ਮਰੀਜ਼ ਦਾ ਪੁਰਾਣਾ ਰਿਕਾਰਡ ਰੱਖਦਾ ਹੈ, ਦਵਾਈਆਂ ਦੇ ਸਾਈਡ ਇਫੈਕਟ ਬਾਰੇ ਜਾਣਕਾਰੀ ਦਿੰਦਾ ਹੈ ਅਤੇ ਐਮਰਜੈਂਸੀ ਵਿੱਚ ਤੁਰੰਤ ਮਦਦ ਕਰਦਾ ਹੈ, ਜਦਕਿ ਆਨਲਾਈਨ ਪਲੇਟਫਾਰਮ ਇਹ ਸਹੂਲਤ ਨਹੀਂ ਦੇ ਸਕਦੇ। ਐਸੋਸੀਏਸ਼ਨ ਨੇ ਮੰਗ ਕੀਤੀ ਕਿ ਸਰਕਾਰ ਆਨਲਾਈਨ ਦਵਾਈ ਵਿਕਰੀ ਲਈ ਸਖ਼ਤ ਨਿਯਮ ਲਾਗੂ ਕਰੇ ਅਤੇ ਛੋਟੇ ਕੇਮਿਸਟਾਂ ਦੇ ਹਿਤਾਂ ਦੀ ਰੱਖਿਆ ਯਕੀਨੀ ਬਣਾਈ ਜਾਵੇ।