ਔਨਲਾਈਨ ਕੰਪਨੀਆਂ ਦੀ ਮਨਮਾਨੀ ਖ਼ਿਲਾਫ਼ ਵਪਾਰ ਮੰਡਲ ਨੇ ਖੋਲ੍ਹਿਆ ਮੋਰਚਾ
ਔਨਲਾਈਨ ਕੰਪਨੀਆਂ ਦੀ ਮਨਮਾਨੀ ਖ਼ਿਲਾਫ਼ ਵਪਾਰ ਮੰਡਲ ਨੇ ਖੋਲ੍ਹਿਆ ਮੋਰਚਾ
Publish Date: Wed, 13 May 2026 04:47 PM (IST)
Updated Date: Wed, 13 May 2026 04:48 PM (IST)

ਬੰਪਲ ਭਠੇਜਾ. ਪੰਜਾਬੀ ਜਾਗਰਣ,ਜਲਾਲਾਬਾਦ:ਔਨਲਾਈਨ ਸ਼ਾਪਿੰਗ ਕੰਪਨੀਆਂ ਵੱਲੋਂ ਦਿੱਤੇ ਜਾ ਰਹੇ ਭਾਰੀ ਡਿਸਕਾਊਂਟ ਕਾਰਨ ਸਥਾਨਕ ਵਪਾਰੀਆਂ ਦੀ ਹੋਂਦ ਨੂੰ ਖਤਰੇ ਵਿੱਚ ਦੇਖਦਿਆਂ ਪੰਜਾਬ ਪ੍ਰਦੇਸ਼ ਵਪਾਰ ਮੰਡਲ ਨੇ ਸਖ਼ਤ ਰੁਖ ਅਖਤਿਆਰ ਕੀਤਾ ਹੈ। ਵਪਾਰ ਮੰਡਲ ਦੇ ਪ੍ਰਧਾਨ ਅਮਿਤ ਕਪੂਰ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਔਨਲਾਈਨ ਲੁੱਟ ਨੂੰ ਰੋਕਣ ਲਈ ਵਸਤੂਆਂ ਦੀ ਐਮਆਰਪੀ (ਵੱਧ ਤੋਂ ਵੱਧ ਪ੍ਰਚੂਨ ਕੀਮਤ) ਨੂੰ ਸਖ਼ਤੀ ਨਾਲ ਤੈਅ ਕੀਤਾ ਜਾਵੇ, ਤਾਂ ਜੋ ਬਾਜ਼ਾਰ ਵਿੱਚ ਸਿਹਤਮੰਦ ਮੁਕਾਬਲਾ ਬਣਿਆ ਰਹੇ ਅਤੇ ਛੋਟੇ ਦੁਕਾਨਦਾਰਾਂ ਦਾ ਸ਼ੋਸ਼ਣ ਬੰਦ ਹੋਵੇ। ਅਮਿਤ ਕਪੂਰ ਨੇ ਚੇਤਾਵਨੀ ਦਿੱਤੀ ਕਿ ਜੇਕਰ ਔਨਲਾਈਨ ਖਰੀਦਦਾਰੀ ਦੀ ਇਹੀ ਰਫ਼ਤਾਰ ਰਹੀ ਤਾਂ ਸਥਾਨਕ ਬਾਜ਼ਾਰ ਪੂਰੀ ਤਰ੍ਹਾਂ ਬਰਬਾਦ ਹੋ ਜਾਣਗੇ। ਉਨ੍ਹਾਂ ਕਿਹਾ ਕਿ ਵਪਾਰ ਨੂੰ ਬਚਾਉਣ ਲਈ ਹੁਣ ਵਪਾਰੀਆਂ ਅਤੇ ਆਮ ਜਨਤਾ ਨੂੰ ਖੁਦ ਜਾਗਰੂਕ ਹੋਣਾ ਪਵੇਗਾ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਔਨਲਾਈਨ ਸਾਮਾਨ ਮੰਗਵਾਉਣ ਦੀ ਆਦਤ ਛੱਡਣ, ਕਿਉਂਕਿ ਜਦੋਂ ਸਾਡੇ ਸਥਾਨਕ ਬਾਜ਼ਾਰ ਬੰਦ ਹੋਣਗੇ, ਤਾਂ ਇਸ ਦਾ ਅਸਰ ਸਿਰਫ ਵਪਾਰੀਆਂ ਤੇ ਨਹੀਂ ਸਗੋਂ ਟਰਾਂਸਪੋਰਟ, ਗੋਦਾਮਾਂ ਅਤੇ ਦੁਕਾਨਾਂ ਵਿੱਚ ਕੰਮ ਕਰਨ ਵਾਲੇ ਹਜ਼ਾਰਾਂ ਪਰਿਵਾਰਾਂ ਤੇ ਪਵੇਗਾ। ਕਪੂਰ ਨੇ ਵੋਕਲ ਫਾਰ ਲੋਕਲ ਦੇ ਨਾਅਰੇ ਨੂੰ ਬੁਲੰਦ ਕਰਦਿਆਂ ਕਿਹਾ ਕਿ ਸਥਾਨਕ ਦੁਕਾਨਦਾਰ ਗਾਹਕਾਂ ਦੇ ਸੁਖ-ਦੁਖ ਦੇ ਸਾਥੀ ਹੁੰਦੇ ਹਨ ਅਤੇ ਲੋੜ ਪੈਣ ਤੇ ਉਧਾਰ ਦੀ ਸਹੂਲਤ ਵੀ ਦਿੰਦੇ ਹਨ, ਜਦਕਿ ਔਨਲਾਈਨ ਕੰਪਨੀਆਂ ਸਿਰਫ ਵਪਾਰਕ ਮੁਨਾਫਾ ਦੇਖਦੀਆਂ ਹਨ। ਉਨ੍ਹਾਂ ਵਪਾਰੀਆਂ ਨੂੰ ਵੀ ਸੱਦਾ ਦਿੱਤਾ ਕਿ ਉਹ ਖੁਦ ਔਨਲਾਈਨ ਸ਼ਾਪਿੰਗ ਬੰਦ ਕਰਨ ਅਤੇ ਗਾਹਕਾਂ ਨੂੰ ਵਾਜਬ ਕੀਮਤ ਤੇ ਵਧੀਆ ਸਾਮਾਨ ਮੁਹੱਈਆ ਕਰਵਾਉਣ ਤਾਂ ਜੋ ਗਾਹਕ ਸਥਾਨਕ ਦੁਕਾਨਾਂ ਵੱਲ ਆਕਰਸ਼ਿਤ ਹੋਣ। ਉਨ੍ਹਾਂ ਸਪੱਸ਼ਟ ਕੀਤਾ ਕਿ ਸਥਾਨਕ ਵਪਾਰ ਨੂੰ ਬਚਾਉਣ ਲਈ ਸਮਾਜਿਕ ਇਕਜੁੱਟਤਾ ਹੀ ਇੱਕੋ ਇੱਕ ਵਿਕਲਪ ਹੈ।