ਬੈਂਕਾਂ ਵਿਚ ਨਕਦੀ ਸੰਕਟ ਨੇ ਵਧਾਈ ਲੋਕਾਂ ਦੀ ਚਿੰਤਾ
ਸੂਬੇ ਭਰ ਵਿਚ ਬੈਂਕਾਂ ਅੰਦਰ ਪੈਦਾ ਹੋਏ ਨਕਦੀ ਸੰਕਟ ਕਾਰਨ ਆਮ ਜਨਤਾ, ਕਿਸਾਨਾਂ, ਮਜ਼ਦੂਰਾਂ ਅਤੇ ਛੋਟੇ ਕਾਰੋਬਾਰੀਆਂ ਦੀਆਂ ਮੁਸ਼ਕਲਾਂ ਦਿਨੋਂ-ਦਿਨ ਗੰਭੀਰ ਹੁੰਦੀਆਂ ਜਾ ਰਹੀਆਂ ਹਨ। ਆਪਣੀ ਹੀ ਜਮ੍ਹਾਂ ਪੂੰਜੀ ਪ੍ਰਾਪਤ ਕਰਨ ਲਈ ਲੋਕ ਘੰਟਿਆਂ ਤੱਕ ਬੈਂਕਾਂ ਦੇ ਬਾਹਰ ਲਾਈਨਾਂ ਵਿੱਚ ਖੜ੍ਹੇ ਰਹਿਣ ਲਈ ਮਜ਼ਬੂਰ ਹਨ, ਪਰ ਇਸਦੇ ਬਾਵਜੂਦ ਕਈਆਂ ਨੂੰ ਖਾਲੀ ਹੱਥ ਵਾਪਸ ਘਰ ਜਾਣਾ ਪੈ ਰਿਹਾ ਹੈ।
Publish Date: Wed, 27 May 2026 04:21 PM (IST)
Updated Date: Wed, 27 May 2026 04:22 PM (IST)

ਗੌਰਵ ਗੌੜ ਜੌਲੀ, ਪੰਜਾਬੀ ਜਾਗਰਣ ਜ਼ੀਰਾ : ਸੂਬੇ ਭਰ ਵਿਚ ਬੈਂਕਾਂ ਅੰਦਰ ਪੈਦਾ ਹੋਏ ਨਕਦੀ ਸੰਕਟ ਕਾਰਨ ਆਮ ਜਨਤਾ, ਕਿਸਾਨਾਂ, ਮਜ਼ਦੂਰਾਂ ਅਤੇ ਛੋਟੇ ਕਾਰੋਬਾਰੀਆਂ ਦੀਆਂ ਮੁਸ਼ਕਲਾਂ ਦਿਨੋਂ-ਦਿਨ ਗੰਭੀਰ ਹੁੰਦੀਆਂ ਜਾ ਰਹੀਆਂ ਹਨ। ਆਪਣੀ ਹੀ ਜਮ੍ਹਾਂ ਪੂੰਜੀ ਪ੍ਰਾਪਤ ਕਰਨ ਲਈ ਲੋਕ ਘੰਟਿਆਂ ਤੱਕ ਬੈਂਕਾਂ ਦੇ ਬਾਹਰ ਲਾਈਨਾਂ ਵਿੱਚ ਖੜ੍ਹੇ ਰਹਿਣ ਲਈ ਮਜ਼ਬੂਰ ਹਨ, ਪਰ ਇਸਦੇ ਬਾਵਜੂਦ ਕਈਆਂ ਨੂੰ ਖਾਲੀ ਹੱਥ ਵਾਪਸ ਘਰ ਜਾਣਾ ਪੈ ਰਿਹਾ ਹੈ। ਤਿੱਖੀ ਗਰਮੀ ਵਿਚ ਲੋਕਾਂ ਦੀ ਇਹ ਪ੍ਰੇਸ਼ਾਨੀ ਹੁਣ ਵੱਡੇ ਆਰਥਿਕ ਸੰਕਟ ਦਾ ਰੂਪ ਧਾਰਦੀ ਨਜ਼ਰ ਆ ਰਹੀ ਹੈ। ਇਸ ਸਬੰਧੀ ਭਾਰਤੀ ਕਿਸਾਨ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਫੁਰਮਾਨ ਸਿੰਘ ਸੰਧੂ, ਜ਼ਿਲ੍ਹਾ ਪ੍ਰਧਾਨ ਹਰਦੀਪ ਸਿੰਘ ਗਿੱਲ ਕਰਮੂਵਾਲਾ ਅਤੇ ਸੂਬਾ ਮੀਡੀਆ ਇੰਚਾਰਜ ਗੈਰੀ ਸਿੰਘ ਬੰਡਾਲਾ ਨੇ ਕਿਹਾ ਕਿ ਬੈਂਕਾਂ ਵਿੱਚ ਨਕਦੀ ਦੀ ਘਾਟ ਨੇ ਹਰ ਵਰਗ ਦੀ ਆਰਥਿਕ ਰਫ਼ਤਾਰ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਹੈ।ਉਨ੍ਹਾਂ ਕਿਹਾ ਕਿ ਬਾਜ਼ਾਰਾਂ ਵਿੱਚ ਨਕਦੀ ਦੀ ਕਮੀ ਕਾਰਨ ਵਪਾਰਕ ਗਤੀਵਿਧੀਆਂ ਸੁਸਤ ਪੈ ਗਈਆਂ ਹਨ ਅਤੇ ਛੋਟੇ ਕਾਰੋਬਾਰੀ ਸਭ ਤੋਂ ਵੱਧ ਮੰਦਹਾਲੀ ਦਾ ਸਾਹਮਣਾ ਕਰ ਰਹੇ ਹਨ। ਆਗੂਆਂ ਨੇ ਕਿਹਾ ਕਿ ਪਹਿਲਾਂ ਹੀ ਡੀਜ਼ਲ ਅਤੇ ਪੈਟਰੋਲ ਦੀਆਂ ਵਧ ਰਹੀਆਂ ਕੀਮਤਾਂ ਨੇ ਲੋਕਾਂ ਦੀ ਕਮਰ ਤੋੜ ਦਿੱਤੀ ਸੀ, ਉੱਪਰੋਂ ਹੁਣ ਬੈਂਕਾਂ ਵਿੱਚ ਪੈਸੇ ਨਾ ਮਿਲਣ ਕਾਰਨ ਹਾਲਾਤ ਹੋਰ ਵੀ ਚਿੰਤਾਜਨਕ ਬਣ ਗਏ ਹਨ। ਖਾਸ ਕਰਕੇ ਝੋਨੇ ਦੀ ਬਿਜਾਈ ਦੇ ਮੌਸਮ ਦੌਰਾਨ ਕਿਸਾਨ ਭਾਈਚਾਰਾ ਸਭ ਤੋਂ ਵੱਡੀ ਮਾਰ ਝੱਲ ਰਿਹਾ ਹੈ। ਸੁਸਾਇਟੀਆਂ ਅਤੇ ਬੈਂਕਾਂ ਤੋਂ ਸਮੇਂ ਸਿਰ ਰਕਮ ਨਾ ਮਿਲਣ ਕਾਰਨ ਖੇਤੀਬਾੜੀ ਦੇ ਕੰਮ ਪ੍ਰਭਾਵਿਤ ਹੋ ਰਹੇ ਹਨ ਅਤੇ ਕਿਸਾਨ ਆਰਥਿਕ ਦਬਾਅ ਹੇਠ ਆ ਰਹੇ ਹਨ। ਭਾਰਤੀ ਕਿਸਾਨ ਯੂਨੀਅਨ ਦੇ ਆਗੂਆਂ ਨੇ ਸਰਕਾਰ ਅਤੇ ਬੈਂਕ ਪ੍ਰਸ਼ਾਸਨ ਨੂੰ ਚੇਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਜਲਦ ਨਕਦੀ ਦੀ ਸਪਲਾਈ ਸੁਚਾਰੂ ਨਾ ਕੀਤੀ ਗਈ ਅਤੇ ਲੋਕਾਂ ਨੂੰ ਇਸ ਮੁਸ਼ਕਲ ਤੋਂ ਰਾਹਤ ਨਾ ਮਿਲੀ ਤਾਂ ਯੂਨੀਅਨ ਵੱਲੋਂ ਤਿੱਖਾ ਸੰਘਰਸ਼ ਸ਼ੁਰੂ ਕੀਤਾ ਜਾਵੇਗਾ।