ਟੈਕਨੀਕਲ ਸਰਵਿਸ ਯੂਨੀਅਨ ਵੱਲੋਂ ਹੜਤਾਲ ’ਚ 23 ਮਈ ਤੱਕ ਢਿੱਲ
ਬਿਜਲੀ ਮੁਲਾਜ਼ਮਾਂ ਦੀਆਂ ਗਲਤ ਬਦਲੀਆਂ ਦਾ ਮਾਮਲਾ
Publish Date: Thu, 21 May 2026 05:08 PM (IST)
Updated Date: Fri, 22 May 2026 04:07 AM (IST)

ਬਿਜਲੀ ਮੁਲਾਜ਼ਮਾਂ ਦੀਆਂ ਗਲਤ ਬਦਲੀਆਂ ਦਾ ਮਾਮਲਾ --ਐਕਸੀਅਨ ਨਾਲ ਮੀਟਿੰਗ ਤੋਂ ਬਾਅਦ ‘ਵਰਕ ਟੂ ਰੂਲ’ ਤਹਿਤ ਕੰਮ ਸ਼ੁਰੂ -ਮਸਲਾ ਹੱਲ ਨਾ ਹੋਣ ’ਤੇ ਪੂਰੀ ਫਿਰੋਜ਼ਪੁਰ ਡਿਵੀਜ਼ਨ ’ਚ ਮੁਕੰਮਲ ਚੱਕਾ ਜਾਮ ਦੀ ਚੇਤਾਵਨੀ ਪੰਜਾਬੀ ਜਾਗਰਣ ਰਿਪੋਰਟਰ, ਫਿਰੋਜ਼ਪੁਰ: ਫਿਰੋਜ਼ਪੁਰ ਵਿਚ ਸਿਟੀ ਸਬ ਡਿਵੀਜ਼ਨ ਦੇ ਐੱਸਡੀਓ ਵੱਲੋਂ ਬਿਜਲੀ ਕਰਮਚਾਰੀਆਂ ਦੀਆਂ ਕੀਤੀਆਂ ਕਥਿਤ ਗਲਤ ਬਦਲੀਆਂ ਅਤੇ ਦਫ਼ਤਰੋਂ ਗੈਰ-ਹਾਜ਼ਰ ਹੋਣ ਖ਼ਿਲਾਫ਼ ਭੜਕੀ ਟੈਕਨੀਕਲ ਸਰਵਿਸ ਯੂਨੀਅਨ ਦੀ ਹੜਤਾਲ ਵਿਚ ਐਕਸੀਅਨ ਨਾਲ ਹੋਈ ਮੀਟਿੰਗ ਤੋਂ ਬਾਅਦ 23 ਮਈ ਤੱਕ ਆਰਜ਼ੀ ਢਿੱਲ ਦਿੱਤੀ ਗਈ ਹੈ। ਟੈਕਨੀਕਲ ਸਰਵਿਸ ਯੂਨੀਅਨ ਦੇ ਡਿਵੀਜ਼ਨ ਮੀਤ ਪ੍ਰਧਾਨ ਰਮਨਦੀਪ ਸਿੰਘ, ਡਿਵੀਜ਼ਨ ਸਕੱਤਰ ਗੁਰਦੇਵ ਸਿੰਘ, ਫਿਰੋਜ਼ਪੁਰ ਕੈਂਟ ਨੰਬਰ-2 ਦੇ ਪ੍ਰਧਾਨ ਮਨਜੀਤ ਸਿੰਘ ਨੇ ਦੱਸਿਆ ਕਿ ਸਿਟੀ ਸਬ ਡਿਵੀਜ਼ਨ ਦੇ ਐੱਸਡੀਓ ਮਨਦੀਪ ਸਿੰਘ ਭੂਈ ਵੱਲੋਂ ਕਥਿਤ ਤੌਰ ’ਤੇ ਮੁਲਾਜ਼ਮਾਂ ਦੀਆਂ ਗਲਤ ਬਦਲੀਆਂ ਕਰਨ ਅਤੇ ਖੁਦ ਛੁੱਟੀ ਲੈ ਕੇ ਦਫ਼ਤਰ ਤੋਂ ਗੈਰ-ਹਾਜ਼ਰ ਹੋਣ ਕਾਰਨ ਪਾਵਰਕਾਮ ਕਰਮਚਾਰੀਆਂ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਸੀ। ਅਧਿਕਾਰੀ ਦੇ ਇਸ ਅੜੀਅਲ ਵਤੀਰੇ ਖ਼ਿਲਾਫ਼ ਟੈਕਨੀਕਲ ਸਰਵਿਸ ਯੂਨੀਅਨ ਦੇ ਸਾਰੇ ਮੁਲਾਜ਼ਮਾਂ ਨੇ ਇਕੱਠੇ ਹੋ ਕੇ ਉਸੇ ਦਿਨ ਤੋਂ ’ਟੂਲ/ਪੈਨ ਡਾਊਨ’ ਹੜਤਾਲ ਕਰ ਦਿੱਤੀ ਸੀ ਅਤੇ ਫੀਲਡ ਵਿਚ ਕੰਮ ਪੂਰੀ ਤਰ੍ਹਾਂ ਠੱਪ ਕਰ ਦਿੱਤਾ ਸੀ। ਅੱਤ ਦੀ ਗਰਮੀ ਦੇ ਇਸ ਮੌਸਮ ਵਿੱਚ ਬਿਜਲੀ ਦੀਆਂ ਸ਼ਿਕਾਇਤਾਂ ਅਤੇ ਫੀਡਰਾਂ ਵਿੱਚ ਵਾਰ-ਵਾਰ ਆ ਰਹੇ ਤਕਨੀਕੀ ਨੁਕਸਾਂ (ਫਾਲਟ) ਕਾਰਨ ਆਮ ਜਨਤਾ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਭਿਆਨਕ ਗਰਮੀ ਦੇ ਮੱਦੇਨਜ਼ਰ, ਜਥੇਬੰਦੀ ਨੇ ਲੋਕ ਹਿੱਤ ਵਿੱਚ ਵੱਡਾ ਫੈਸਲਾ ਲੈਂਦਿਆਂ 23 ਮਈ 2026 ਤੱਕ ਹੜਤਾਲ ਵਿੱਚ ਢਿੱਲ ਦੇਣ ਦਾ ਐਲਾਨ ਕੀਤਾ ਹੈ। ਇਸ ਦੌਰਾਨ ਮੁਲਾਜ਼ਮਾਂ ਵੱਲੋਂ ‘ਵਰਕ ਟੂ ਰੂਲ’ (ਨਿਯਮਾਂ ਅਨੁਸਾਰ ਕੰਮ) ਲਾਗੂ ਕਰਕੇ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਫੀਲਡ ਵਿਚ ਕੰਮ ਕੀਤਾ ਜਾਵੇਗਾ। ਜਥੇਬੰਦੀ ਨੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਐੱਸਡੀਓ ਮਨਦੀਪ ਸਿੰਘ ਭੂਈ 23 ਮਈ ਨੂੰ ਡਿਊਟੀ ’ਤੇ ਪਰਤ ਕੇ ਮੁਲਾਜ਼ਮਾਂ ਦੀਆਂ ਤਾਇਨਾਤੀਆਂ ਸਹੀ ਜਗ੍ਹਾ ’ਤੇ ਕਰਕੇ ਇਸ ਮਸਲੇ ਦਾ ਪੱਕਾ ਹੱਲ ਨਹੀਂ ਕਰਦੇ ਤਾਂ 24 ਮਈ 2026 ਤੋਂ ਸਮੁੱਚੀ ਫਿਰੋਜ਼ਪੁਰ ਡਿਵੀਜ਼ਨ ਅੰਦਰ ਤਿੱਖਾ ਸੰਘਰਸ਼ ਵਿੱਢਿਆ ਜਾਵੇਗਾ। ਇਸ ਤਹਿਤ ਪੂਰਨ ਤੌਰ ’ਤੇ ‘ਟੂਲ/ਪੈਨ ਡਾਊਨ’ ਲਾਗੂ ਕਰਕੇ ਕੰਮ ਬੰਦ ਕਰ ਦਿੱਤਾ ਜਾਵੇਗਾ, ਜਿਸ ਨਾਲ ਫਿਰੋਜ਼ਪੁਰ ਸ਼ਹਿਰ, ਫਿਰੋਜ਼ਪੁਰ ਕੈਂਟ, ਸ਼ੇਰ ਖਾਂ, ਫਿਰੋਜ਼ਸ਼ਾਹ ਅਤੇ ਮੁੱਦਕੀ ਸਬ ਡਿਵੀਜ਼ਨਾਂ ਦੇ ਅਧੀਨ ਆਉਂਦੇ ਸਾਰੇ ਇਲਾਕੇ ਬੁਰੀ ਤਰ੍ਹਾਂ ਪ੍ਰਭਾਵਿਤ ਹੋਣਗੇ। ਯੂਨੀਅਨ ਨੇ ਆਖਿਆ ਕਿ ਇਸ ਹੜਤਾਲ ਦੌਰਾਨ ਹੋਣ ਵਾਲੇ ਹਰ ਤਰ੍ਹਾਂ ਦੇ ਨੁਕਸਾਨ ਦੀ ਸਿੱਧੀ ਜ਼ਿੰਮੇਵਾਰੀ ਐੱਸਡੀਓ ਮਨਦੀਪ ਸਿੰਘ ਭੂਈ ਅਤੇ ਐਕਸੀਅਨ ਫਿਰੋਜ਼ਪੁਰ ਸ਼ਹਿਰੀ ਦੀ ਹੋਵੇਗੀ। ਇਸ ਮੌਕੇ ਡਿਵੀਜ਼ਨ ਮੀਤ ਪ੍ਰਧਾਨ ਰਮਨਦੀਪ ਸਿੰਘ, ਡਿਵੀਜ਼ਨ ਸਕੱਤਰ ਗੁਰਦੇਵ ਸਿੰਘ, ਫਿਰੋਜ਼ਪੁਰ ਕੈਂਟ ਨੰਬਰ-2 ਦੇ ਪ੍ਰਧਾਨ ਮਨਜੀਤ ਸਿੰਘ, ਸਬ ਡਿਵੀਜ਼ਨ ਫਿਰੋਜ਼ਪੁਰ ਸਿਟੀ ਦੇ ਪ੍ਰਧਾਨ ਰਾਜੇਸ਼ ਕੁਮਾਰ, ਬਲਵੀਰ ਸਿੰਘ, ਤਰਸੇਮ ਕੁਮਾਰ, ਚਮਕੌਰ ਸਿੰਘ, ਰਣਬੀਰ ਸਿੰਘ, ਰਾਜੇਸ਼ ਕੁਮਾਰ ਵਧਾਵਨ ਸਮੇਤ ਸਬ ਡਿਵੀਜ਼ਨ ਫਿਰੋਜ਼ਪੁਰ ਸਿਟੀ ਦੇ ਵੱਡੀ ਗਿਣਤੀ ਵਿੱਚ ਕਰਮਚਾਰੀ ਹਾਜ਼ਰ ਸਨ।