ਅਚਾਨਕ ਅੱਗ ਲੱਗਣ ਕਾਰਨ ਗੱਡੀ ਸੜੀ, ਵਾਲ-ਵਾਲ ਬਚੇ ਸਵਾਰ
ਅਚਾਨਕ ਅੱਗ ਲੱਗਣ ਕਾਰਨ ਗੱਡੀ ਸੜ ਕੇ ਸਵਾਹ, ਸਵਾਰ ਵਾਲ-ਵਾਲ ਬਚੇ
Publish Date: Tue, 21 Apr 2026 07:17 PM (IST)
Updated Date: Tue, 21 Apr 2026 07:19 PM (IST)
ਗੌਰਵ ਗੌੜ ਜੌਲੀ, ਪੰਜਾਬੀ ਜਾਗਰਣ, ਜ਼ੀਰਾ: ਜ਼ੀਰਾ ਨੇੜਲੇ ਪਿੰਡ ਸੇਖਵਾਂ ਨਜ਼ਦੀਕ ਇਕ ਗੱਡੀ ਨੂੰ ਅਚਾਨਕ ਅੱਗ ਲੱਗਣ ਕਾਰਨ ਗੱਡੀ ਪੂਰੀ ਤਰ੍ਹਾਂ ਸੜ ਕੇ ਸਵਾਹ ਹੋਣ ਦੀ ਖਬਰ ਮਿਲੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਗੱਡੀ ਚਾਲਕ ਗੁਰਵਿੰਦਰ ਸਿੰਘ ਪੁੱਤਰ ਬਲਦੇਵ ਸਿੰਘ ਵਾਸੀ ਫਿਰੋਜ਼ਪੁਰ ਨੇ ਦੱਸਿਆ ਕਿ ਉਹ ਆਪਣੀ ਗੱਡੀ ਟਾਟਾ ਹਰੀਅਰ ਪੀਬੀ 05-ਏ ਆਰ 0505 ਰਾਹੀਂ ਫਿਰੋਜ਼ਪੁਰ ਤੋਂ ਜ਼ੀਰਾ ਵਾਇਆ ਤਲਵੰਡੀ ਭਾਈ ਆ ਰਿਹਾ ਸੀ, ਜਦ ਉਹ ਪਿੰਡ ਸੇਖਵਾਂ ਨਜ਼ਦੀਕ ਪਹੁੰਚਿਆ ਤਾਂ ਗੱਡੀ ਦੇ ਬੋਰਨਟ ਵਿੱਚੋਂ ਧੂਆਂ ਨਿਕਲਣ ਲੱਗ ਪਿਆ, ਉਸ ਨੇ ਆਪਣੀ ਗੱਡੀ ਨੂੰ ਰੋਕ ਕੇ ਚੈੱਕ ਕੀਤਾ ਤਾਂ ਥੋੜ੍ਹੀ ਦੇਰ ਵਿਚ ਹੀ ਗੱਡੀ ਨੂੰ ਅੱਗ ਲੱਗ ਗਈ, ਜਿਸ ਮਗਰੋਂ ਉਸ ਨੇ ਅੱਗ ਨੂੰ ਬੁਝਾਉਣ ਪਾਣੀ ਪਾਉਣਾ ਸ਼ੁਰੂ ਕਰ ਦਿੱਤਾ। ਇਸ ਮੌਕੇ ਆਸ-ਪਾਸ ਦੇ ਲੋਕ ਇਕੱਤਰ ਹੋ ਗਏ, ਜਿਨ੍ਹਾਂ ਵੱਲੋਂ ਜ਼ੀਰਾ ਫਾਇਰ ਬ੍ਰਿਗੇਡ ਨੂੰ ਸੂਚਿਤ ਕੀਤਾ ਗਿਆ। ਫਾਇਰ ਬ੍ਰਿਗੇਡ ਵੱਲੋਂ ਘਟਨਾ ਸਥਾਨ ’ਤੇ ਪਹੁੰਚ ਕੇ ਅੱਗ ਤੇ ਕਾਬੂ ਪਾਇਆ ਗਿਆ, ਪਰ ਉਦੋਂ ਤੱਕ ਗੱਡੀ ਸੜ ਕੇ ਸੁਆਹ ਹੋ ਚੁੱਕੀ ਸੀ।