ਅਮਰੀਕਾ ਵੱਲੋਂ ਈਰਾਨ ਦੇ ਸਕੂਲ ’ਤੇ ਹਮਲੇ ਦੌਰਾਨ ਮਾਰੀਆਂ ਗਈਆਂ ਬੱਚੀਆਂ ਨਮਿਤ ਕੈਂਡਲ ਮਾਰਚ ਕੱਢਿਆ
ਅਮਰੀਕਾ ਵੱਲੋਂ ਈਰਾਨ ਦੇ ਸਕੂਲ ਤੇ ਕੀਤੇ ਗਏ ਹਮਲੇ ਦੌਰਾਨ ਮਾਰੀਆਂ ਗਈਆਂ ਬੱਚੀਆਂ ਨੂੰ ਸ਼ਰਧਾਂਜਲੀ ਦੇਣ ਲਈ ਕੈਂਡਲ ਮਾਰਚ ਕੱਢਿਆ
Publish Date: Wed, 11 Mar 2026 05:19 PM (IST)
Updated Date: Wed, 11 Mar 2026 05:21 PM (IST)

ਗੌਰਵ ਗੌੜ ਜੌਲੀ, ਪੰਜਾਬੀ ਜਾਗਰਣ ਜ਼ੀਰਾ : ਜ਼ੀਰਾ ਵਿਖੇ ਅਮਰੀਕਾ ਵੱਲੋਂ ਈਰਾਨ ਦੇ ਸਕੂਲ ਤੇ ਕੀਤੇ ਗਏ ਹਮਲੇ ਦੌਰਾਨ ਮਾਰੀਆਂ ਗਈਆਂ ਬੱਚੀਆਂ ਨੂੰ ਸ਼ਰਧਾਂਜਲੀ ਦੇਣ ਲਈ ਵੱਖ-ਵੱਖ ਕਿਸਾਨ, ਮੁਲਾਜ਼ਮ ਵਪਾਰਕ ਅਤੇ ਮਜਦੂਰ ਜਥੇਬੰਦੀਆਂ ਵੱਲੋਂ ਇੱਕ ਵਿਸ਼ਾਲ ਕੈਂਡਲ ਮਾਰਚ ਕੱਢਿਆ ਗਿਆ, ਇਹ ਕੈਂਡਲ ਮਾਰਚ ਘੰਟਾ ਘਰ ਮੁੱਖ ਚੌਂਕ ਜ਼ੀਰਾ ਤੋਂ ਸ਼ੁਰੂ ਹੋ ਕੇ ਸ਼ਹਿਰ ਦੇ ਬਾਜ਼ਾਰ ਵਿੱਚੋਂ ਹੁੰਦਾ ਹੋਇਆ ਮੁੱਖ ਚੌਂਕ ਵਿਖੇ ਸਮਾਪਤ ਹੋਇਆ। ਇਸ ਮੌਕੇ ਸੰਬੋਧਨ ਕਰਦਿਆਂ ਬੀਕੇਯੂ ਕ੍ਰਾਂਤੀਕਾਰੀ ਦੇ ਸੂਬਾ ਪ੍ਰਧਾਨ ਬਲਦੇਵ ਸਿੰਘ ਜ਼ੀਰਾ, ਬੀਕੇਯੂ ਕਾਦੀਆਂ ਦੇ ਐਗਜੈਕਟਿਵ ਮੈਂਬਰ ਪੰਜਾਬ ਦਰਸ਼ਨ ਸਿੰਘ ਮੀਹਾਂ ਸਿੰਘ ਵਾਲਾ,ਬਲਾਕ ਪ੍ਰਧਾਨ ਸੁਖਦੇਵ ਸਿੰਘ ਸਨ੍ਹੇਰ, ਸਾਹਿਤਕਾਰ ਗੁਰਚਰਨ ਸਿੰਘ ਨੂਰਪੁਰ,ਹਰਪ੍ਰੀਤ ਸਿੰਘ ਲੌਂਗੋਦੇਵਾ,ਪ੍ਰੀਤਮ ਸਿੰਘ ਮੀਹਾਂ ਸਿੰਘ ਵਾਲਾ, ਅਮਨਦੀਪ ਸਿੰਘ ਕੱਚਰਭੰਨ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਆਦਿ ਆਗੂਆਂ ਨੇ ਕਿਹਾ ਕਿ ਬੀਤੇ 28 ਫਰਵਰੀ ਨੂੰ ਬਿਨ੍ਹਾ ਕਿਸੇ ਠੋਸ ਕਾਰਨ ਦੇ ਅਮਰੀਕਾ ਤੇ ਇਜਰਾਇਲ ਵੱਲੋਂ ਈਰਾਨ ਤੇ ਬੇਹੱਦ ਬਰਬਰਤਾ ਪੂਰਨ ਹਮਲਾ ਕੀਤਾ ਗਿਆ,ਜਿਸ ਵਿੱਚ ਆਮ ਨਾਗਰਿਕਾਂ ਨੂੰ ਨਿਸ਼ਾਨਾ ਬਣਾਇਆ ਗਿਆ ਅਤੇ ਇਸ ਦੇ ਨਾਲ ਈਰਾਨ ਦੇ ਆਗੂ ਖਾਮਨੇਈ ਨੂੰ ਮਾਰ ਦਿੱਤਾ ਗਿਆ। ਇੱਥੇ ਹੀ ਬੱਸ ਨਹੀਂ ਇਜਰਾਇਲ ਤੇ ਅਮਰੀਕਾ ਵੱਲੋਂ ਮਿਜਾਇਲਾਂ ਚਲਾ ਕੇ ਇੱਕ ਪ੍ਰਾਇਮਰੀ ਸਕੂਲ ਜਿਸ ਵਿੱਚ ਜਿਆਦਾਤਰ ਬੱਚੀਆਂ ਪੜ੍ਹਦੀਆਂ ਸਨ ਅਤੇ ਇਨ੍ਹਾਂ ਦੀ ਉਮਰ ਅੱਠ ਤੋਂ 10 ਸਾਲ ਸੀ, 167 ਦੇ ਕਰੀਬ ਬੱਚੀਆਂ ਦਾ ਕਤਲ ਕਰ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਇਸ ਘਨੌਣੇ ਕਾਰੇ ਦੀ ਅਸੀਂ ਨਿਖੇਦੀ ਕਰਦੇ ਹਾਂ । ਆਗੂਆਂ ਨੇ ਕਿਹਾ ਕਿ ਇਸ ਸਮੇਂ ਪੂਰੀ ਦੁਨੀਆ ਦੇ ਅਮਨ ਪਸੰਦ ਲੋਕ ਸਮਝ ਰਹੇ ਹਨ ਕਿ ਇਸ ਵੇਲੇ ਦੁਨੀਆਂ ਨੂੰ ਖਤਰਾ ਅਮਰੀਕਾ ਤੇ ਇਜਰਾਇਲ ਵਰਗੀਆਂ ਗੁੰਡਾਗਰਦੀ ਕਰਨ ਵਾਲੀਆਂ ਤਾਕਤਾਂ ਤੋਂ ਹੈ ਨਾ ਕਿ ਕਿਸੇ ਐਟਮੀ ਹਥਿਆਰਾਂ ਵਾਲੇ ਅਮਨ ਪਸੰਦ ਮੁਲਕਾਂ ਤੋਂ, ਇਨ੍ਹਾਂ ਦੇਸ਼ਾਂ ਦੀ ਗੁੰਡਾਗਰਦੀ ਕਿਸੇ ਵੀ ਸੂਰਤ ਵਿੱਚ ਬਰਦਾਸ਼ਤ ਨਹੀਂ ਕੀਤੀ ਜਾਣੀ ਚਾਹੀਦੀ। ਉਨ੍ਹਾਂ ਕਿਹਾ ਕਿ ਅੱਜ ਦੇ ਦੌਰ ਵਿੱਚ ਜੇਕਰ ਕੋਈ ਇੱਕ ਮੁਲਕ ਦੂਜੇ ਮੁਲਕ ਤੇ ਬਿਨਾਂ ਕਾਰਨ ਤੇ ਹਮਲਾ ਕਰਦਾ ਹੈ ਤਾਂ ਪੂਰੀ ਦੁਨੀਆਂ ਦੇ ਲੋਕਾਂ ਨੂੰ ਇਸ ਦਾ ਵਿਰੋਧ ਕਰਨਾ ਚਾਹੀਦਾ ਹੈ। ਇਸ ਮੌਕੇ ਟਰੇਡ ਯੂਨੀਅਨ ਜ਼ੀਰਾ ਦੇ ਪ੍ਰਧਾਨ ਤਰਸੇਮ ਸਿੰਘ ਹਰਾਜ, ਬਲਰਾਜ ਸਿੰਘ ਫੇਰੋਕੇ, ਅੰਗਰੇਜ਼ ਸਿੰਘ ਅਟਵਾਲ, ਸਹਾਰਾ ਕਲੱਬ ਦੇ ਪ੍ਰਧਾਨ ਗੁਰਤੇਜ ਸਿੰਘ ਗਿੱਲ, ਪ੍ਰਕਿਰਤੀ ਕਲੱਬ ਦੇ ਪ੍ਰਧਾਨ ਜਰਨੈਲ ਸਿੰਘ ਭੁੱਲਰ, ਜਸਵੰਤ ਸਿੰਘ ਨਾਮਦੇਵ, ਗੁਰਭਾਗ ਸਿੰਘ ਮਰੂੜ, ਮਹਿੰਦਰ ਸਿੰਘ, ਆਤਮਾ ਸਿੰਘ, ਗੁਰਚਰਨ ਸਿੰਘ, ਤਰਸੇਮ ਸਿੰਘ ਰੂਪ, ਮਲਕੀਤ ਸਿੰਘ ਗਾਦੜੀਵਾਲਾ, ਬਲਦੇਵ ਰਾਜ ਗਾਦੜੀਵਾਲਾ ਆਦਿ ਆਗੂਆਂ ਤੋਂ ਇਲਾਵਾ ਜ਼ੀਰਾ ਸ਼ਹਿਰ ਅਤੇ ਇਲਾਕੇ ਦੇ ਲੋਕ ਵੱਡੀ ਗਿਣਤੀ ਵਿਚ ਸ਼ਾਮਲ ਹੋਏ।