ਵਿਭਾਗ ਨੇ ਕਿਸਾਨਾਂ ਦੀ ਧੌਣ 'ਤੇ ਗੋਡਾ ਰੱਖ ਕੀਤੀ ਨਹਿਰਬੰਦੀ : ਸਿਆਗ
ਨਹਿਰੀ ਵਿਭਾਗ ਨੇ ਕਿਸਾਨਾਂ ਦੀ ਗਰਦਨ 'ਤੇ ਗੋਡਾ ਰੱਖ ਕੇ ਕੀਤੀ ਨਹਿਰਬੰਦੀ:ਸਿਆਗ
Publish Date: Wed, 27 May 2026 05:08 PM (IST)
Updated Date: Wed, 27 May 2026 05:10 PM (IST)

ਸਟਾਫ ਰਿਪੋਰਟਰ.ਪੰਜਾਬੀ ਜਾਗਰਣ, ਫਾਜ਼ਿਲਕਾ : ਪ੍ਰਗਤੀਸ਼ੀਲ ਕਿਸਾਨ ਅਤੇ ਸਵਦੇਸ਼ੀ ਜਾਗਰਣ ਮੰਚ ਜ਼ਿਲ੍ਹਾ ਫਾਜ਼ਿਲਕਾ ਦੇ ਸੰਯੋਜਕ ਸੁਸ਼ੀਲ ਸਿਆਗ ਢੀਂਗਾਂਵਾਲੀ ਨੇ ਨਹਿਰੀ ਉਪਮੰਡਲ ਅਤੇ ਜਲ ਸਰੋਤ ਵਿਭਾਗ ਅਬੋਹਰ ਵੱਲੋਂ ਅਬੋਹਰ-ਬਲੂਆਣਾ ਖੇਤਰ ਦੇ ਕਿਸਾਨਾਂ ਦੇ ਭਾਰੀ ਵਿਰੋਧ ਦੇ ਬਾਵਜੂਦ ਕੀਤੀ ਗਈ ਨਹਿਰਬੰਦੀ ਦੀ ਕੜੇ ਸ਼ਬਦਾਂ ਵਿੱਚ ਨਿੰਦਾ ਕੀਤੀ ਹੈ। ਉਨ੍ਹਾਂ ਕਿਹਾ ਕਿ ਨਹਿਰੀ ਵਿਭਾਗ ਨੇ ਕਿਸਾਨਾਂ ਦੀ ਗਰਦਨ ਤੇ ਗੋਡਾ ਰੱਖ ਕੇ ਨਹਿਰਾਂ ਬੰਦ ਕੀਤੀਆਂ ਹਨ ਅਤੇ ਆੰਦੋਲਨ ਕਰ ਰਹੇ ਕਿਸਾਨਾਂ ਨੂੰ ਪੁਲਿਸ ਥਾਣਿਆਂ ਵਿੱਚ ਬੰਦ ਕਰਵਾ ਕੇ ਉਨ੍ਹਾਂ ਦੀ ਆਵਾਜ਼ ਨੂੰ ਕੁਚਲਣ ਦੀ ਕੋਸ਼ਿਸ਼ ਕੀਤੀ ਗਈ ਹੈ, ਜੋ ਬਹੁਤ ਹੀ ਨਿੰਦਣਯੋਗ ਹੈ। ਸਿਆਗ ਨੇ ਦੱਸਿਆ ਕਿ ਬਾਗਬਾਨੀ ਵਿਭਾਗ ਨੇ ਵੀ ਸਿੰਚਾਈ ਵਿਭਾਗ ਨੂੰ ਪੱਤਰ ਲਿਖ ਕੇ ਅਪੀਲ ਕੀਤੀ ਸੀ ਕਿ ਇਸ ਸਮੇਂ ਕਿੰਨੂ ਦੇ ਬਾਗਾਂ ਨੂੰ ਪਾਣੀ ਦੀ ਸਖ਼ਤ ਲੋੜ ਹੈ ਅਤੇ ਨਹਿਰਬੰਦੀ ਨਾਲ ਕਿਸਾਨਾਂ ਦੇ ਬਾਗਾਂ ਨੂੰ ਕਰੋੜਾਂ ਰੁਪਏ ਦਾ ਨੁਕਸਾਨ ਹੋ ਸਕਦਾ ਹੈ, ਪਰੰਤੂ ਨਹਿਰੀ ਵਿਭਾਗ ਨੇ ਕਿਸੇ ਦੀ ਇੱਕ ਨਾ ਸੁਣੀ ਅਤੇ ਨਹਿਰਬੰਦੀ ਕਰ ਦਿੱਤੀ। ਉਨ੍ਹਾਂ ਦੋਸ਼ ਲਾਇਆ ਕਿ ਸਫਾਈ ਦੇ ਨਾਮ ਤੇ ਕੀਤੀ ਜਾ ਰਹੀ ਨਹਿਰਬੰਦੀ ਲੋਕਾਂ ਦੀਆਂ ਅੱਖਾਂ ਵਿੱਚ ਧੂੜ ਪਾਉਣ ਦੇ ਬਰਾਬਰ ਹੈ। ਅਸਲ ਵਿੱਚ ਰਾਜਨੀਤਿਕ ਦਬਾਅ ਹੇਠ ਇਸ ਖੇਤਰ ਦੇ ਹਿੱਸੇ ਦਾ ਪਾਣੀ ਕੱਟ ਕੇ ਕਿਸੇ ਹੋਰ ਇਲਾਕੇ ਨੂੰ ਦਿੱਤਾ ਜਾ ਰਿਹਾ ਹੈ। ਜ਼ਿਕਰਯੋਗ ਹੈ ਕਿ ਬੀਤੇ ਦਿਨ ਕਿਸਾਨ ਯੂਨੀਅਨਾਂ ਅਤੇ ਖੇਤਰ ਦੇ ਬਾਗਬਾਨੀ ਕਰਨ ਵਾਲੇ ਲਗਭਗ ਸਾਰੇ ਪਿੰਡਾਂ ਦੇ ਕਿਸਾਨ ਵੱਡੀ ਗਿਣਤੀ ਵਿੱਚ ਨਹਿਰ ਕਾਲੋਨੀ ਵਿਖੇ ਇਕੱਠੇ ਹੋਏ ਅਤੇ ਨਹਿਰਬੰਦੀ ਰੋਕਣ ਲਈ ਐਕਸੀਅਨ ਅਬੋਹਰ ਦਾ ਘੇਰਾਓ ਕੀਤਾ ਸੀ। ਕਿਸਾਨਾਂ ਨੇ ਦੋਸ਼ ਲਾਇਆ ਕਿ ਮਾਰਚ ਜਾਂ ਅਪ੍ਰੈਲ ਮਹੀਨੇ ਵਿੱਚ ਸਫਾਈ ਲਈ ਨਹਿਰਬੰਦੀ ਕਰਨ ਦੀ ਬਜਾਏ ਇੱਕ ਸਾਜ਼ਿਸ਼ ਤਹਿਤ ਕਿੰਨੂ ਦੇ ਬਾਗਾਂ ਨੂੰ ਨੁਕਸਾਨ ਪਹੁੰਚਾਉਣ ਲਈ ਨੌਤਪਾ ਅਤੇ 46 ਡਿਗਰੀ ਤਾਪਮਾਨ ਵਾਲੇ ਭਿਆਨਕ ਗਰਮੀ ਦੇ ਮੌਸਮ ਦੌਰਾਨ ਨਹਿਰਾਂ ਬੰਦ ਕੀਤੀਆਂ ਗਈਆਂ ਹਨ, ਜਿਸ ਨਾਲ ਬਾਗ ਸੁੱਕਣ ਦੇ ਕਗਾਰ ਤੇ ਪਹੁੰਚ ਗਏ ਹਨ। ਸਿਆਗ ਨੇ ਕਿਹਾ ਕਿ ਅਬੋਹਰ-ਬਲੂਆਣਾ ਖੇਤਰ ਦੇ ਕਿਸਾਨਾਂ ਨੇ ਖੇਤੀ ਵਿਭਿੰਨਤਾ ਅਪਣਾ ਕੇ ਵੱਡੇ ਪੱਧਰ ਤੇ ਬਾਗਬਾਨੀ ਕੀਤੀ ਸੀ, ਪਰ ਜਦੋਂ ਤੋਂ ਆਮ ਆਦਮੀ ਪਾਰਟੀ ਦੀ ਸਰਕਾਰ ਸੱਤਾ ਵਿੱਚ ਆਈ ਹੈ, ਇਸ ਖੇਤਰ ਵਿੱਚ ਕਰੀਬ 20 ਹਜ਼ਾਰ ਏਕੜ ਕਿੰਨੂ ਦੇ ਬਾਗ ਤਬਾਹ ਹੋ ਚੁੱਕੇ ਹਨ, ਜੋ ਕਿਸਾਨਾਂ ਲਈ ਅਪੂਰਣੀਯ ਨੁਕਸਾਨ ਹੈ।