ਗੁਰਪਿੰਦਰ ਸਿੰਘ ਗਿੱਲ ਨੇ ਜਲਾਲਾਬਾਦ ਦਾ ਨਾਂ ਕੀਤਾ ਰੋਸ਼ਨ
ਆਰਮੀ ਪਬਲਿਕ ਸਕੂਲ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰ ਗੁਰਪਿੰਦਰ ਸਿੰਘ ਗਿੱਲ ਨੇ ਜਲਾਲਾਬਾਦ ਦਾ ਨਾਮ ਰੌਸ਼ਨ ਕੀਤਾ
Publish Date: Sat, 25 Apr 2026 03:58 PM (IST)
Updated Date: Sat, 25 Apr 2026 04:01 PM (IST)

ਹੈਪੀ ਕਾਠਪਾਲ, ਪੰਜਾਬੀ ਜਾਗਰਣ, ਜਲਾਲਾਬਾਦ : ਸਥਾਨਕ ਵਾਸੀ ਅਤੇ ਸ਼ੌਰਿਆ ਚੱਕਰ ਸਨਮਾਨਿਤ ਕੈਪਟਨ ਗੁਰਚਰਨ ਸਿੰਘ ਦੇ ਪੁੱਤਰ ਗੁਰਪਿੰਦਰ ਸਿੰਘ ਗਿੱਲ ਨੇ ਆਪਣੀ ਕੜੀ ਮਿਹਨਤ, ਲਗਨ ਅਤੇ ਅਨੁਸ਼ਾਸਨ ਦੇ ਬਲਬੂਤੇ ਵੱਡੀ ਉਪਲਬਧੀ ਹਾਸਲ ਕਰਦਿਆਂ ਇਲਾਕੇ ਦਾ ਨਾਂ ਰੋਸ਼ਨ ਕੀਤਾ ਹੈ। ਗੁਰਪਿੰਦਰ ਸਿੰਘ ਨੇ ਬਾਰ੍ਹਵੀਂ ਜਮਾਤ ਦੀਆਂ ਪ੍ਰੀਖਿਆਵਾਂ ਵਿੱਚ ਆਰਮੀ ਪਬਲਿਕ ਸਕੂਲ ਬਿਆਸ ਵਿੱਚ ਸ਼ਾਨਦਾਰ ਨਤੀਜੇ ਹਾਸਲ ਕਰਕੇ ਪਹਿਲਾ ਸਥਾਨ ਪ੍ਰਾਪਤ ਕੀਤਾ। ਗੁਰਪਿੰਦਰ ਸਿੰਘ ਦੀ ਇਸ ਸਫਲਤਾ ਨਾਲ ਪਰਿਵਾਰ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ ਹੈ। ਇਸ ਮੌਕੇ ਸਕੂਲ ਦੇ ਚੇਅਰਮੈਨ ਬ੍ਰਿਗੇਡੀਅਰ ਸਤਿਆਜੀਤ ਪੁਜਾਰੀ ਵੱਲੋਂ ਗੁਰਪਿੰਦਰ ਸਿੰਘ ਅਤੇ ਉਨ੍ਹਾਂ ਦੇ ਮਾਤਾ-ਪਿਤਾ ਨੂੰ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ। ਸਕੂਲ ਪ੍ਰਬੰਧਨ ਨੇ ਕਿਹਾ ਕਿ ਗੁਰਪਿੰਦਰ ਸਿੰਘ ਨੇ ਆਪਣੀ ਲਗਾਤਾਰ ਮਿਹਨਤ ਅਤੇ ਪੜ੍ਹਾਈ ਪ੍ਰਤੀ ਸਮਰਪਣ ਨਾਲ ਇਹ ਮੁਕਾਮ ਹਾਸਲ ਕੀਤਾ ਹੈ ਅਤੇ ਉਹ ਹੋਰ ਵਿਦਿਆਰਥੀਆਂ ਲਈ ਪ੍ਰੇਰਨਾ ਸਰੋਤ ਬਣੇ ਹਨ। ਕੈਪਟਨ ਗੁਰਚਰਨ ਸਿੰਘ ਨੇ ਆਪਣੇ ਪੁੱਤਰ ਦੀ ਇਸ ਉਪਲਬਧੀ ’ਤੇ ਖੁਸ਼ੀ ਜ਼ਾਹਰ ਕਰਦਿਆਂ ਕਿਹਾ ਕਿ ਬੱਚਿਆਂ ਨੂੰ ਹਮੇਸ਼ਾ ਆਪਣੇ ਟੀਚੇ ਪ੍ਰਤੀ ਇਮਾਨਦਾਰੀ ਅਤੇ ਮਿਹਨਤ ਨਾਲ ਜੁੜੇ ਰਹਿਣਾ ਚਾਹੀਦਾ ਹੈ, ਕਿਉਂਕਿ ਸਫਲਤਾ ਮਿਹਨਤ ਕਰਨ ਵਾਲਿਆਂ ਦੇ ਕਦਮ ਚੁੰਮਦੀ ਹੈ। ਇਲਾਕੇ ਦੀਆਂ ਸਮਾਜਿਕ ਸੰਸਥਾਵਾਂ, ਦੋਸਤਾਂ, ਰਿਸ਼ਤੇਦਾਰਾਂ ਅਤੇ ਸ਼ੁਭਚਿੰਤਕਾਂ ਵੱਲੋਂ ਵੀ ਗੁਰਪਿੰਦਰ ਸਿੰਘ ਗਿੱਲ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਵਧਾਈਆਂ ਦਿੱਤੀਆਂ ਜਾ ਰਹੀਆਂ ਹਨ।