ਜੈਮਲਵਾਲਾ ਦੇ ਨੇੜੇ ਸਾਲਾਂ ਤੋਂ ਬਿਨ੍ਹਾ ਰੇਲਿੰਗ ਦਾ ਪੁਲ, ਪ੍ਰਸ਼ਾਸਨ ਬੇਪਰਵਾਹ
ਜੈਮਲਵਾਲਾ ਦੇ ਨੇੜੇ ਸਾਲਾਂ ਤੋਂ ਬਿਨ੍ਹਾ ਰੇਲਿੰਗ ਦਾ ਪੁਲ, ਪ੍ਰਸ਼ਾਸਨ ਬੇਪਰਵਾਹ
Publish Date: Mon, 16 Mar 2026 05:28 PM (IST)
Updated Date: Mon, 16 Mar 2026 05:31 PM (IST)

ਪਿੱਪਲ ਸਿੰਘ ਭੁੱਲਰ, ਪੰਜਾਬੀ ਜਾਗਰਣ ਮੱਲਾਂਵਾਲ : ਮੱਲਾਂਵਾਲਾ ਦੇ ਨਜ਼ਦੀਕੀ ਪਿੰਡ ਜੈਮਲਵਾਲਾ ਵਿਚ ਨਹਿਰ ਉੱਤੇ ਬਣਿਆ ਪੁਲ ਪਿਛਲੇ ਕਈ ਸਾਲਾਂ ਤੋਂ ਬਿਨਾ ਰੇਲਿੰਗ ਦੇ ਖੜ੍ਹਾ ਹੈ। ਜੈਮਲਵਾਲਾ, ਰੁਕਨੇਵਾਲਾ, ਕਮਾਲਾ ਬੋਦਲਾ ਅਤੇ ਆਲੇ ਦੁਆਲੇ ਦੇ ਪਿੰਡਾਂ ਦੇ ਲੋਕ ਇਸੇ ਪੁਲ ਰਾਹੀਂ ਹਰ ਰੋਜ਼ ਆਉਣਾ-ਜਾਣਾ ਕਰਦੇ ਹਨ। ਸਵੇਰੇ ਅਤੇ ਸ਼ਾਮ ਦੇ ਸਮੇਂ ਸਕੂਲ ਬੱਸਾਂ, ਦੋ ਪਹੀਆ ਵਾਹਨ, ਕਾਰਾਂ ਅਤੇ ਟਰੈਕਟਰ-ਟਰਾਲੀਆਂ ਦੀ ਆਵਾਜਾਈ ਜ਼ਿਆਦਾ ਰਹਿੰਦੀ ਹੈ। ਪੁਲ ਉੱਤੇ ਰੇਲਿੰਗ ਨਾ ਹੋਣ ਕਾਰਨ ਜਰਾ ਜਿਹੀ ਲਾਪਰਵਾਹੀ ਵੀ ਕਿਸੇ ਵੱਡੇ ਹਾਦਸੇ ਦਾ ਕਾਰਨ ਬਣ ਸਕਦੀ ਹੈ। ਇੱਥੇ ਨਾ ਤਾਂ ਕਿਸੇ ਤਰ੍ਹਾਂ ਦਾ ਚੇਤਾਵਨੀ ਬੋਰਡ ਲਗਾਇਆ ਗਿਆ ਹੈ ਅਤੇ ਨਾ ਹੀ ਰਿਫਲੈਕਟਰ ਜਾਂ ਹੋਰ ਸੁਰੱਖਿਆ ਸੰਕੇਤ ਮੌਜੂਦ ਹਨ। ਇਸ ਕਰਕੇ ਵਾਹਨ ਚਾਲਕ ਅੰਦਾਜ਼ੇ ਨਾਲ ਹੀ ਪੁਲ ਪਾਰ ਕਰਨ ਲਈ ਮਜਬੂਰ ਹਨ। ਕਮਾਲਾ ਮਿੱਡੂ ਵਾਸੀ ਬਲਜਿੰਦਰ ਸਿੰਘ ਗਿੱਲ ਨੇ ਦੱਸਿਆ ਕਿ ਇਸ ਸਮੱਸਿਆ ਬਾਰੇ ਕਈ ਵਾਰ ਪ੍ਰਸ਼ਾਸਨ ਅਤੇ ਵਿਭਾਗੀ ਅਧਿਕਾਰੀਆਂ ਨੂੰ ਜਾਣੂ ਕਰਵਾਇਆ ਗਿਆ ਹੈ, ਪਰ ਹਰ ਵਾਰ ਸਿਰਫ਼ ਭਰੋਸਾ ਹੀ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਸਕੂਲੀ ਬੱਚਿਆਂ ਦੀਆਂ ਬੱਸਾਂ ਵੀ ਇਸੇ ਪੁਲ ਤੋਂ ਲੰਘਦੀਆਂ ਹਨ, ਜਿਸ ਕਰਕੇ ਮਾਪਿਆਂ ਵਿਚ ਹਮੇਸ਼ਾ ਚਿੰਤਾ ਬਣੀ ਰਹਿੰਦੀ ਹੈ। ਉੱਥੇ ਹੀ ਪਿੰਡ ਬੱਗੂ ਵਾਲਾ ਵਾਸੀ ਰਣਜੀਤ ਸਿੰਘ ਨੇ ਦੱਸਿਆ ਕਿ ਪੁਲ ਉੱਤੇ ਪਹਿਲਾਂ ਵੀ ਛੋਟੇ-ਮੋਟੇ ਹਾਦਸੇ ਹੋ ਚੁੱਕੇ ਹਨ, ਪਰ ਉਨ੍ਹਾਂ ਨੂੰ ਗੰਭੀਰਤਾ ਨਾਲ ਨਹੀਂ ਲਿਆ ਗਿਆ। ਉਨ੍ਹਾਂ ਕਿਹਾ ਕਿ ਜੇ ਸਮੇਂ ਸਿਰ ਰੇਲਿੰਗ ਲਗਾ ਦਿੱਤੀ ਜਾਂਦੀ ਤਾਂ ਇਨ੍ਹਾਂ ਘਟਨਾਵਾਂ ਨੂੰ ਰੋਕਿਆ ਜਾ ਸਕਦਾ ਸੀ। ਪਿੰਡ ਵਾਸੀਆਂ ਨੇ ਦੋਸ਼ ਲਗਾਇਆ ਹੈ ਕਿ ਪ੍ਰਸ਼ਾਸਨ ਕਿਸੇ ਵੱਡੇ ਹਾਦਸੇ ਦੀ ਉਡੀਕ ਕਰ ਰਿਹਾ ਹੈ। ਲੋਕਾਂ ਨੇ ਮੰਗ ਕੀਤੀ ਹੈ ਕਿ ਨਹਿਰ ਉੱਤੇ ਬਣੇ ਇਸ ਪੁਲ ਉੱਤੇ ਤੁਰੰਤ ਰੇਲਿੰਗ ਲਗਾਈ ਜਾਵੇ, ਚੇਤਾਵਨੀ ਬੋਰਡ ਲਗਾਏ ਜਾਣ ਅਤੇ ਪੁਲ ਦੀ ਮੁਰੰਮਤ ਕਰਵਾਈ ਜਾਵੇ। ਜੇ ਜਲਦੀ ਕਦਮ ਨਾ ਚੁੱਕੇ ਗਏ ਤਾਂ ਭਵਿੱਖ ਵਿੱਚ ਕਿਸੇ ਵੱਡੀ ਦੁਰਘਟਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਜਦੋਂ ਇਸ ਬਾਰੇ ਪੀਡਬਲਯੂਡੀ ਦੇ ਜੇਈ ਗੌਰਵ ਬਾਂਸਲ ਤੋ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਇਸ ਪੁਲ ਨੂੰ ਬਣਾਉਣ ਦੀ ਪ੍ਰਪੋਜ਼ਲ ਉਨ੍ਹਾਂ ਵੱਲੋਂ ਲਗਭਗ ਛੇ ਮਹੀਨੇ ਪਹਿਲਾ ਹੀ ਉੱਚ ਅਧਿਕਾਰੀਆ ਨੂੰ ਭੇਜੀ ਜਾ ਚੁੱਕੀ ਹੈ, ਪਰ ਉਸ ਪ੍ਰਪੋਜਲ ਦਾ ਕੀ ਬਣਿਆ ਇਸ ਬਾਰੇ ਉਨ੍ਹਾਂ ਨੂੰ ਕੋਈ ਜਾਣਕਾਰੀ ਨਹੀਂ ਹੈ।