ਫ਼ਿਰੋਜ਼ਪੁਰ ਵਿਖੇ ਸੰਤ ਨਿਰੰਕਾਰੀ ਮਿਸ਼ਨ ਦੇ ਕੈਂਪ ’ਚ 69 ਯੂਨਿਟ ਖ਼ੂਨਦਾਨ
ਸੰਤ ਨਿਰੰਕਾਰੀ ਮਿਸ਼ਨ ਫ਼ਿਰੋਜ਼ਪੁਰ ਵੱਲੋਂ ਲਗਾਇਆ ਗਿਆ ਖੂਨਦਾਨ ਕੈਂਪ
Publish Date: Sat, 06 Sep 2025 05:46 PM (IST)
Updated Date: Sat, 06 Sep 2025 05:46 PM (IST)

ਪਰਮਿੰਦਰ ਸਿੰਘ ਥਿੰਦ, ਪੰਜਾਬੀ ਜਾਗਰਣ ਫਿਰੋਜ਼ਪੁਰ : ਸੰਤ ਨਿਰੰਕਾਰੀ ਮਿਸ਼ਨ ਵੱਲੋਂ ਸੰਤ ਨਿਰੰਕਾਰੀ ਸਤਿਸੰਗ ਭਵਨ ਫ਼ਿਰੋਜ਼ਪੁਰ ਸ਼ਹਿਰ ਵਿਖੇ ਇਕ ਵਿਸ਼ਾਲ ਖੂਨਦਾਨ ਕੈਂਪ ਲਗਾਇਆ ਗਿਆ। ਮਿਸ਼ਨ ਦੇ ਸ਼ਰਧਾਲੂਆਂ ਨੇ ਪੂਰੇ ਸਮਰਪਣ ਭਾਵਨਾ ਤੇ ਸਵੈ-ਇੱਛਾ ਨਾਲ 69 ਯੂਨਿਟ ਖੂਨਦਾਨ ਕਰਕੇ ਮਨੁੱਖਤਾ ਦੀ ਭਲਾਈ ਵਿਚ ਯੋਗਦਾਨ ਪਾਇਆ। ਇਸ ਖੂਨਦਾਨ ਕੈਂਪ ਦਾ ਉਦਘਾਟਨ ਸੰਤ ਨਿਰੰਕਾਰੀ ਮਿਸ਼ਨ ਫ਼ਿਰੋਜ਼ਪੁਰ ਜੋਨ ਦੇ ਜੋਨਲ ਇੰਚਾਰਜ਼ ਐੱਨਐੱਸ ਗਿੱਲ ਨੇ ਕੀਤਾ। ਉਨ੍ਹਾਂ ਦੱਸਿਆ ਕਿ ਸੰਤ ਨਿਰੰਕਾਰੀ ਮਿਸ਼ਨ ਸਮਾਜ ਕਲਿਆਣ ਦੇ ਸੇਵਾ ਕਾਰਜਾਂ ਵਿੱਚ ਵੱਧ ਚੜ੍ਹ ਕੇ ਹਿੱਸਾ ਪਾਉਂਦਾ ਆ ਰਿਹਾ ਹੈ। ਸਤਿਗੁਰੂ ਦੇ ਆਦੇਸ਼ ਅਨੁਸਾਰ ਨਿਰੰਕਾਰੀ ਭਵਨ ਵਿਚ ਹਰ ਸਾਲ ਖੂਨਦਾਨ ਕੈਂਪ ਲਗਾਇਆ ਜਾਂਦਾ ਹੈ ਤੇ ਇਸੇ ਲੜੀ ਤਹਿਤ ਅੱਜ ਫ਼ਿਰੋਜ਼ਪੁਰ ਸ਼ਹਿਰ ਸਥਿਤ ਨਿਰੰਕਾਰੀ ਭਵਨ ਵਿਚ ਖੂਨਦਾਨ ਕੈਂਪ ਲਗਾਇਆ ਗਿਆ। ਇਹ ਕੈਂਪ ਸਵੇਰੇ 9.30 ਤੋਂ ਦੁਪਹਿਰ 2 ਵਜੇ ਤੱਕ ਜਾਰੀ ਰਿਹਾ। ਉਨ੍ਹਾਂ ਦੱਸਿਆ ਕੇ ਨਿਰੰਕਾਰੀ ਮਿਸ਼ਨ ਵੱਲੋਂ 1986 ਤੋਂ ਲੈ ਕੇ 2024 ਤੱਕ ਲੱਗਭਗ 8641 ਖੂਨਦਾਨ ਕੈਂਪ ਲਗਾਏ ਜਾ ਚੁੱਕੇ ਹਨ ਅਤੇ ਇਨ੍ਹਾਂ ਕੈਂਪਾਂ ਵਿਚ ਲਗਭਗ 14 ਲੱਖ 5 ਹਜਾਰ ਯੂਨਿਟ ਖੂਨਦਾਨ ਕੀਤਾ ਜਾ ਚੁੱਕਿਆ ਹੈ। ਇਸ ਖੂਨਦਾਨ ਕੈਂਪ ਵਿਚ ਸਿਵਲ ਹਸਪਤਾਲ ਫ਼ਿਰੋਜ਼ਪੁਰ ਤੋਂ ਡਾਕਟਰ ਦਿਸ਼ਵਿਨ ਦੀ ਅਗਵਾਈ ਵਿਚ ਉਨ੍ਹਾਂ ਦੀ ਟੀਮ ਨੇ 69 ਯੂਨਿਟ ਖੂਨ ਇਕੱਠਾ ਕੀਤਾ। ਇੰਚਾਰਜ ਗੁਰਮੀਤ ਸਿੰਘ ਨੇ ਦੱਸਿਆ ਕੇ ਨਿਰੰਕਾਰੀ ਮਿਸ਼ਨ ਕੁਦਰਤੀ ਆਫ਼ਤਾਂ ਸਮੇਂ ਮੋਹਰੀ ਰੋਲ ਅਦਾ ਕਰਦਾ ਹੈ। ਹੁਣ ਵੀ ਕਈ ਦਿਨਾਂ ਤੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਵਿਚ ਮਿੱਟੀ ਦੀ ਸੇਵਾ ਅਤੇ ਹੋਰ ਸੇਵਾਵਾਂ ਲਗਾਤਾਰ ਕੀਤੀਆਂ ਜਾ ਰਹੀਆਂ ਹਨ। ਇਸ ਦੇ ਨਾਲ਼ ਹੀ ਅੱਜ ਖੂਨਦਾਨ ਕੈਂਪ ਦਾ ਵੀ ਆਯੋਜਨ ਕੀਤਾ ਗਿਆ। ਉਨ੍ਹਾਂ ਦੱਸਿਆ ਕੇ ਬਾਬਾ ਹਰਦੇਵ ਸਿੰਘ ਜੀ ਨੇ ਖੂਨਦਾਨ ਨੂੰ ਮਿਸ਼ਨ ਦੀ ਅਧਿਆਤਮਿਕ ਸੇਵਾ ਦਾ ਇਕ ਅਨਿੱਖੜਵਾਂ ਅੰਗ ਬਣਾਇਆ। ਖੂਨ ਨਾੜੀਆਂ ਵਿੱਚ ਵਹਿਣਾ ਚਾਹੀਦਾ ਹੈ, ਨਾਲੀਆਂ ਵਿੱਚ ਨਹੀਂ ਦਾ ਅਮਰ ਸੰਦੇਸ਼ ਦਿੱਤਾ।