ਕਰਜ਼ਾ ਰਾਸ਼ੀ ਵਧਾਉਣ ਤੇ ਜਬਰੀ ਖਾਦਾਂ ਥੋਪਣ ਵਿਰੁੱਧ ਖੋਲ੍ਹਿਆ ਮੋਰਚਾ
ਬੀਕੇਯੂ ਕਾਦੀਆਂ ਵੱਲੋਂ ਸਹਿਕਾਰੀ ਬੈਂਕ ਦੇ ਡੀਐੱਮ ਨੂੰ ਮੰਗ ਪੱਤਰ
Publish Date: Mon, 11 May 2026 05:13 PM (IST)
Updated Date: Mon, 11 May 2026 05:15 PM (IST)

ਹਰਚਰਨ ਸਿੰਘ ਸਾਮਾ, ਪੰਜਾਬੀ ਜਾਗਰਣ ਫਿਰੋਜ਼ਪੁਰ : ਭਾਰਤੀ ਕਿਸਾਨ ਯੂਨੀਅਨ ਰਜਿ. ਪੰਜਾਬ ਕਾਦੀਆਂ ਵੱਲੋਂ ਅੱਜ ਸੂਬਾ ਪ੍ਰਧਾਨ ਹਰਮੀਤ ਸਿੰਘ ਕਾਦੀਆਂ ਦੇ ਦਿਸ਼ਾ-ਨਿਰਦੇਸ਼ਾਂ ਹੇਠ ਜ਼ਿਲ੍ਹਾ ਫਿਰੋਜ਼ਪੁਰ ਇਕਾਈ ਵੱਲੋਂ ਡੀਐੱਮ ਕੋਅਪਰੇਟਿਵ ਬੈਂਕ ਫਿਰੋਜ਼ਪੁਰ ਨੂੰ ਇਕ ਅਹਿਮ ਮੰਗ ਪੱਤਰ ਸੌਂਪਿਆ ਗਿਆ। ਜ਼ਿਲ੍ਹਾ ਪ੍ਰਧਾਨ ਸੁਰਿੰਦਰ ਸਿੰਘ ਖਹਿਰਾ ਦੀ ਅਗਵਾਈ ਵਿਚ ਇਕੱਠੇ ਹੋਏ ਕਿਸਾਨਾਂ ਨੇ ਬੈਂਕ ਪ੍ਰਸ਼ਾਸਨ ਅਤੇ ਸਰਕਾਰ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਕਿਸਾਨੀ ਮੰਗਾਂ ਵੱਲ ਤੁਰੰਤ ਧਿਆਨ ਨਾ ਦਿੱਤਾ ਗਿਆ ਤਾਂ ਜਥੇਬੰਦੀ ਤਿੱਖੇ ਸੰਘਰਸ਼ ਲਈ ਮਜਬੂਰ ਹੋਵੇਗੀ। ਇਸ ਮੌਕੇ ਕਿਸਾਨ ਆਗੂਆਂ ਨੇ ਸਹਿਕਾਰੀ ਸੁਸਾਇਟੀਆਂ ਵਿਚ ਕਿਸਾਨਾਂ ਨੂੰ ਆ ਰਹੀਆਂ ਦਰਪੇਸ਼ ਮੁਸ਼ਕਲਾਂ ਅਤੇ ਬੈਂਕਿੰਗ ਨੀਤੀਆਂ ਵਿੱਚ ਹਾਲ ਹੀ ਵਿਚ ਕੀਤੇ ਗਏ ਬਦਲਾਅ ’ਤੇ ਡੂੰਘੀ ਚਿੰਤਾ ਪ੍ਰਗਟਾਈ। ਜ਼ਿਲ੍ਹਾ ਪ੍ਰਧਾਨ ਸੁਰਿੰਦਰ ਸਿੰਘ ਖਹਿਰਾ ਅਤੇ ਜ਼ਿਲ੍ਹਾ ਪ੍ਰੈਸ ਸਕੱਤਰ ਪ੍ਰੀਤਮ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਅੱਜ ਦਾ ਇਹ ਇਕੱਠ ਮੁੱਖ ਤੌਰ ’ਤੇ ਤਿੰਨ ਅਹਿਮ ਨੁਕਤਿਆਂ ’ਤੇ ਕੇਂਦਰਿਤ ਸੀ। ਆਗੂਆਂ ਨੇ ਦੱਸਿਆ ਕਿ ਪਿਛਲੇ ਮਹੀਨੇ ਬੈਂਕ ਵੱਲੋਂ ਮਹਿੰਗਾਈ ਨੂੰ ਮੁੱਖ ਰੱਖਦਿਆਂ ਸਹਿਕਾਰੀ ਸੁਸਾਇਟੀਆਂ ਨਾਲ ਜੁੜੇ ਕਿਸਾਨਾਂ ਲਈ ਪ੍ਰਤੀ ਏਕੜ ‘ਹੱਦ ਕਰਜ਼ੇ’ ਦੀ ਰਾਸ਼ੀ ਵਿਚ ਵਾਧਾ ਕੀਤਾ ਗਿਆ ਸੀ। ਇਹ ਕਿਸਾਨਾਂ ਲਈ ਇੱਕ ਵੱਡੀ ਰਾਹਤ ਸੀ, ਪਰ ਬਿਨਾਂ ਕਿਸੇ ਠੋਸ ਕਾਰਨ ਦੇ ਇਸ ਵਾਧੇ ਨੂੰ ਵਾਪਸ ਲੈ ਲਿਆ ਗਿਆ। ਜਥੇਬੰਦੀ ਅਨੁਸਾਰ ਇਹ ਫੈਸਲਾ ਬੇਹੱਦ ਮੰਦਭਾਗਾ ਹੈ। ਉਨ੍ਹਾਂ ਮੰਗ ਕੀਤੀ ਕਿ ਵਧਾਈ ਗਈ ਰਾਸ਼ੀ ਨੂੰ ਤੁਰੰਤ ਮੁੜ ਬਹਾਲ ਕੀਤਾ ਜਾਵੇ ਤਾਂ ਜੋ ਕਿਸਾਨਾਂ ਦਾ ਬੈਂਕਾਂ ਨਾਲ ਲੈਣ-ਦੇਣ ਸੁਚਾਰੂ ਰੂਪ ਵਿੱਚ ਚੱਲ ਸਕੇ। ਕਿਸਾਨਾਂ ਨੇ ਦੋਸ਼ ਲਾਇਆ ਕਿ ਜਦੋਂ ਵੀ ਉਹ ਸਹਿਕਾਰੀ ਸੁਸਾਇਟੀਆਂ ਤੋਂ ਖਾਦ ਲੈਣ ਜਾਂਦੇ ਹਨ, ਤਾਂ ਉਨ੍ਹਾਂ ਨੂੰ ਜਬਰੀ ਨੈਨੋ ਯੂਰੀਆ ਜਾਂ ਹੋਰ ਬੇਲੋੜਾ ਸਾਮਾਨ ਲੈਣ ਲਈ ਮਜਬੂਰ ਕੀਤਾ ਜਾਂਦਾ ਹੈ। ਆਗੂਆਂ ਨੇ ਸਪੱਸ਼ਟ ਕੀਤਾ ਕਿ ਕਿਸਾਨਾਂ ’ਤੇ ਅਜਿਹਾ ਕੋਈ ਵੀ ਵਾਧੂ ਖਰਚਾ ਥੋਪਣਾ ਤੁਰੰਤ ਬੰਦ ਕੀਤਾ ਜਾਵੇ, ਕਿਉਂਕਿ ਇਹ ਕਿਸਾਨਾਂ ਦੀ ਆਰਥਿਕ ਲੁੱਟ ਹੈ। ਪ੍ਰਾਇਮਰੀ ਖੇਤੀਬਾੜੀ ਵਿਕਾਸ ਬੈਂਕਾਂ ਨਾਲ ਜੁੜੇ ਉਹ ਕਿਸਾਨ ਜੋ ਲੰਮੇ ਸਮੇਂ ਤੋਂ ਕਿਸੇ ਕਾਰਨ ਡਿਫਾਲਟਰ ਚੱਲ ਰਹੇ ਹਨ, ਉਨ੍ਹਾਂ ਲਈ ਕਮਰਸੀਅਲ ਬੈਂਕਾਂ ਦੀ ਤਰਜ਼ ’ਤੇ ‘ਵਨ ਟਾਈਮ ਸੈਟਲਮੈਂਟ’ ਦੀ ਸੁਵਿਧਾ ਮੰਗੀ ਗਈ ਹੈ। ਜਥੇਬੰਦੀ ਦਾ ਕਹਿਣਾ ਹੈ ਕਿ ਇਸ ਨਾਲ ਕਿਸਾਨਾਂ ਨੂੰ ਵਿਆਜ ਦੀ ਪੰਡ ਤੋਂ ਰਾਹਤ ਮਿਲੇਗੀ ਅਤੇ ਉਹ ਮੁੱਖ ਧਾਰਾ ਵਿਚ ਵਾਪਸ ਆ ਸਕਣਗੇ। ਅੰਤ ਵਿਚ ਕਿਸਾਨ ਆਗੂਆਂ ਨੇ ਉਮੀਦ ਜਤਾਈ ਕਿ ਡੀਐਮ ਸਾਹਿਬ ਇਨ੍ਹਾਂ ਮੰਗਾਂ ਨੂੰ ਗੰਭੀਰਤਾ ਨਾਲ ਲੈਂਦਿਆਂ ਇੰਨ-ਬਿੰਨ ਲਾਗੂ ਕਰਵਾਉਣਗੇ ਤਾਂ ਜੋ ਖੇਤੀਬਾੜੀ ਖੇਤਰ ਨੂੰ ਆਰਥਿਕ ਸੰਕਟ ਵਿੱਚੋਂ ਕੱਢਿਆ ਜਾ ਸਕੇ। ਇਸ ਮੌਕੇ ਬਲਜਿੰਦਰ ਸਿੰਘ ਬੱਬੀ ਮੀਤ ਪ੍ਰਧਾਨ ਪੰਜਾਬ, ਰਜਿੰਦਰ ਪਾਲ ਸਿੰਘ, ਗੁਰਿੰਦਰ ਸਿੰਘ ਖਹਿਰਾ ਜ਼ਿਲ੍ਹਾ ਪ੍ਰਧਾਨ, ਦਰਸ਼ਨ ਸਿੰਘ ਸੁਲਹਾਣੀ, ਗੁਰਮੇਲ ਸਿੰਘ ਬਲਾਕ ਪ੍ਰਧਾਨ ਫਿਰੋਜ਼ਪੁਰ, ਪ੍ਰੀਤਮ ਸਿੰਘ ਸੀਨੀਅਰ ਮੀਤ ਪ੍ਰਧਾਨ ਫਿਰੋਜ਼ਪੁਰ, ਬਲਜੀਤ ਸਿੰਘ ਬਲਾਕ ਪ੍ਰਧਾਨ ਘੱਲਖੁਰਦ, ਸੁਖਦੇਵ ਸਿੰਘ ਬਲਾਕ ਪ੍ਰਧਾਨ ਜ਼ੀਰਾ ਤੋਂ ਇਲਾਵਾ ਵੱਡੀ ਗਿਣਤੀ ਵਿਚ ਕਿਸਾਨ ਅਤੇ ਜਥੇਬੰਦੀ ਦੇ ਅਹੁਦੇਦਾਰ ਹਾਜ਼ਰ ਸਨ।