ਲੈਂਡ ਮਾਰਗੇਜ ਬੈਂਕ ਅੱਗੇ ਬੀਕੇਯੂ ਏਕਤਾ ਸਿੱਧੂਪੁਰ ਦਾ ਪੱਕਾ ਮੋਰਚਾ ਜਾਰੀ

ਪੰਜਾਬੀ ਜਾਗਰਣ ਟੀਮ, ਫਿਰੋਜ਼ਪੁਰ : ਭਾਰਤੀ ਕਿਸਾਨ ਯੂਨੀਅਨ (ਬੀਕੇਯੂ) ਏਕਤਾ ਸਿੱਧੂਪੁਰ ਵੱਲੋਂ ਲੈਂਡ ਮਾਰਗੇਜ ਬੈਂਕ ਦੇ ਅੜੀਅਲ ਵਤੀਰੇ ਖਿਲਾਫ਼ 11 ਮਈ ਤੋਂ ਸ਼ੁਰੂ ਕੀਤਾ ਗਿਆ ਪੱਕਾ ਮੋਰਚਾ ਲਗਾਤਾਰ ਜਾਰੀ ਹੈ। ਇਸੇ ਕੜੀ ਤਹਿਤ ਅੱਜ ਜ਼ਿਲ੍ਹਾ ਕਮੇਟੀ ਆਗੂ ਰਣਜੀਤ ਸਿੰਘ ਦੀ ਅਗਵਾਈ ਹੇਠ ਬੈਂਕ ਦੇ ਸਾਹਮਣੇ ਕਿਸਾਨਾਂ ਦਾ ਇਕ ਇਕੱਠ ਕੀਤਾ ਗਿਆ। ਸੂਬਾ ਪ੍ਰਧਾਨ ਜਗਜੀਤ ਸਿੰਘ ਡੱਲੇਵਾਲ ਦੇ ਦਿਸ਼ਾ-ਨਿਰਦੇਸ਼ਾਂ ’ਤੇ ਕਰਵਾਏ ਗਏ ਇਸ ਰੋਸ ਪ੍ਰਦਰਸ਼ਨ ਵਿਚ ਵਿਸ਼ੇਸ਼ ਤੌਰ ’ਤੇ ਪਹੁੰਚੇ ਫਰੀਦਕੋਟ ਦੇ ਜ਼ਿਲ੍ਹਾ ਜਨਰਲ ਸਕੱਤਰ ਇੰਦਰਜੀਤ ਸਿੰਘ ਘਣੀਆਂ ਅਤੇ ਮੋਗਾ ਦੇ ਜ਼ਿਲ੍ਹਾ ਪ੍ਰਧਾਨ ਲਵਜੀਤ ਸਿੰਘ ਦੱਦਾਹੂਰ ਨੇ ਸ਼ਮੂਲੀਅਤ ਕੀਤੀ। ਕਿਸਾਨ ਆਗੂਆਂ ਨੇ ਬੈਂਕ ਅਧਿਕਾਰੀਆਂ ’ਤੇ ਕਿਸਾਨਾਂ ਨੂੰ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਕਰਨ ਅਤੇ ਨਜਾਇਜ਼ ਕੁਰਕੀਆਂ ਦੇ ਨੋਟਿਸ ਜਾਰੀ ਕਰਨ ਦੇ ਗੰਭੀਰ ਦੋਸ਼ ਲਗਾਉਂਦਿਆਂ ਪੰਜਾਬ ਸਰਕਾਰ ਵਿਰੁੱਧ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਸਟੇਜ ਤੋਂ ਇਕੱਠ ਨੂੰ ਸੰਬੋਧਨ ਕਰਦਿਆਂ ਬੁਲਾਰਿਆਂ ਨੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਕਿਸਾਨਾਂ ਨੂੰ ਰਾਹਤ ਦੇਣ ਦੇ ਦਾਅਵਿਆਂ ਦੇ ਬਾਵਜੂਦ, ਵਿਕਾਸ ਖੇਤੀਬਾੜੀ ਬੈਂਕ ਦੇ ਉੱਚ ਅਧਿਕਾਰੀ ਲਗਾਤਾਰ ਕਿਸਾਨਾਂ ਨੂੰ ਪ੍ਰੇਸ਼ਾਨ ਕਰ ਰਹੇ ਹਨ। ਉਨ੍ਹਾਂ ਹੈਰਾਨੀ ਪ੍ਰਗਟਾਈ ਕਿ ਜਿਨ੍ਹਾਂ ਕਿਸਾਨਾਂ ਨੇ ਆਪਣਾ ਪੂਰਾ ਕਰਜ਼ਾ ਉਤਾਰ ਦਿੱਤਾ ਹੈ ਅਤੇ ਬੈਂਕ ਵੱਲੋਂ ਉਨ੍ਹਾਂ ਨੂੰ ‘ਕਲੀਅਰੈਂਸ ਸਰਟੀਫਿਕੇਟ’ ਵੀ ਜਾਰੀ ਕੀਤੇ ਜਾ ਚੁੱਕੇ ਹਨ, ਉਨ੍ਹਾਂ ਨੂੰ ਵੀ ਦੁਬਾਰਾ ਕਰਜ਼ਾ ਭਰਨ ਲਈ ਨੋਟਿਸ ਭੇਜੇ ਜਾ ਰਹੇ ਹਨ। ਆਗੂਆਂ ਨੇ ਕਿਹਾ ਕਿ ਜਿੱਥੇ ਬਾਕੀ ਸਾਰੇ ਬੈਂਕ ਕਿਸਾਨਾਂ ਨੂੰ ਰਾਹਤ ਦੇਣ ਲਈ ‘ਵਨ ਟਾਈਮ ਸੈਟਲਮੈਂਟ’ (ਓਟੀਐੱਸ) ਵਰਗੀਆਂ ਸਕੀਮਾਂ ਲਿਆ ਰਹੇ ਹਨ, ਉੱਥੇ ਹੀ ਲੈਂਡ ਮਾਰਗੇਜ ਬੈਂਕ ਕਿਸਾਨਾਂ ਨਾਲ ਕੋਈ ਸਮਝੌਤਾ ਕਰਨ ਲਈ ਤਿਆਰ ਨਹੀਂ ਹੈ। ਇਹ ਬੈਂਕ ਗਰੀਬ ਕਿਸਾਨਾਂ ਤੋਂ ਤਿੰਨ ਗੁਣਾ ਤੱਕ ਵੱਧ ਪੈਸੇ ਵਸੂਲ ਕਰ ਰਿਹਾ ਹੈ। ਬੈਂਕ ਦੀ ਇਸੇ ਨਾਜਾਇਜ਼ ਲੁੱਟ ਅਤੇ ਮਾਨਸਿਕ ਪ੍ਰੇਸ਼ਾਨੀ ਤੋਂ ਤੰਗ ਆ ਕੇ ਫਰੀਦਕੋਟ ਦੇ ਪਿੰਡ ‘ਹਰੀ ਨੌਂ’ ਦੇ ਇਕ ਕਿਸਾਨ ਵੱਲੋਂ ਖੁਦਕੁਸ਼ੀ ਕਰਨ ਵਰਗਾ ਖੌਫ਼ਨਾਕ ਕਦਮ ਚੁੱਕਿਆ ਗਿਆ। ਇਸ ਬੈਂਕ ਦੀ ਲੁੱਟ ਕਾਰਨ ਕਈ ਕਿਸਾਨ ਆਪਣੀਆਂ ਜ਼ਮੀਨਾਂ ਵੇਚਣ ਲਈ ਮਜ਼ਬੂਰ ਹੋ ਚੁੱਕੇ ਹਨ। ਕਿਸਾਨ ਜਥੇਬੰਦੀ ਨੇ ਚੇਤਾਵਨੀ ਦਿੱਤੀ ਕਿ ਜਿੰਨਾ ਚਿਰ ਕਿਸਾਨਾਂ ਦੇ ਬੈਂਕ ਕੋਲ ਪਏ ਖਾਲੀ ਚੈੱਕ ਵਾਪਸ ਨਹੀਂ ਕੀਤੇ ਜਾਂਦੇ, ਅਦਾਲਤਾਂ ਵਿਚ ਚੱਲ ਰਹੇ ਝੂਠੇ ਕੇਸ ਰੱਦ ਨਹੀਂ ਹੁੰਦੇ ਅਤੇ ‘ਵਨ ਟਾਈਮ ਸੈਟਲਮੈਂਟ’ ਸਕੀਮ ਲਾਗੂ ਨਹੀਂ ਹੁੰਦੀ, ਉਨ੍ਹਾਂ ਚਿਰ ਇਹ ਪੱਕਾ ਮੋਰਚਾ ਖ਼ਤਮ ਨਹੀਂ ਹੋਵੇਗਾ। ਆਉਣ ਵਾਲੇ ਦਿਨਾਂ ਵਿਚ ਪੰਜਾਬ ਕਮੇਟੀ ਦੀ ਮੀਟਿੰਗ ਕਰਕੇ 10 ਜ਼ਿਲ੍ਹਿਆਂ ਅੰਦਰ ਚੱਲ ਰਹੇ ਇਸ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ, ਜਿਸ ਦੀ ਪੂਰੀ ਜ਼ਿੰਮੇਵਾਰੀ ਪੰਜਾਬ ਸਰਕਾਰ ਦੀ ਹੋਵੇਗੀ। ਇਸ ਮੌਕੇ ਇਕਬਾਲ ਸਿੰਘ ਸੱਪਾਂਵਾਲੀ ਜ਼ਿਲ੍ਹਾ ਪ੍ਰਧਾਨ ਪੂਰਬੀ, ਸਾਬ ਸਿੰਘ ਬਲਾਕ ਪ੍ਰਧਾਨ ਮਮਦੋਟ, ਜੱਸਾ ਸਿੰਘ ਮਾਛੀਵਾੜਾ ਬਲਾਕ ਪ੍ਰਧਾਨ ਸ਼ਹਿਰੀ, ਜਸਕਰਨ ਸਿੰਘ ਯੂਥ ਆਗੂ ਗੁਰੂਹਰਸਹਾਏ, ਜੱਜ ਸਿੰਘ ਹਾਮਦ ਸਲਾਹਕਾਰ ਮਮਦੋਟ, ਕਾਰਜ ਸਿੰਘ ਜਨਰਲ ਸਕੱਤਰ ਮਮਦੋਟ, ਮਿਹਰਬਾਨ ਸਿੰਘ ਸੀਨੀਅਰ ਆਗੂ ਸਮੇਤ ਵੱਡੀ ਗਿਣਤੀ ਵਿਚ ਸਮੂਹ ਇਕਾਈ ਪ੍ਰਧਾਨ ਅਤੇ ਮੈਂਬਰ ਹਾਜ਼ਰ ਸਨ।