ਸੁਨੀਲ ਜਾਖੜ ਦੇ ਕਾਰਜਕਾਲ ਦੌਰਾਨ ਭਾਜਪਾ ਦਾ ਵੋਟ ਪ੍ਰਤੀਸ਼ਤ ਵਧਿਆ : ਸਿਆਗ
ਸੁਨੀਲ ਜਾਖੜ ਦੇ ਕਾਰਜਕਾਲ ਦੌਰਾਨ ਭਾਜਪਾ ਦੇ ਵੋਟ ਪ੍ਰਤੀਸ਼ਤ ਵਿੱਚ ਹੋਇਆ ਅਭੂਤਪੂਰਵ ਵਾਧਾ : ਸਿਆਗ
Publish Date: Fri, 29 May 2026 06:33 PM (IST)
Updated Date: Fri, 29 May 2026 06:35 PM (IST)

ਰਿਤਿਸ਼ ਕੁੱਕੜ.ਪੰਜਾਬੀ ਜਾਗਰਣ,ਫਾਜ਼ਿਲਕਾ : ਸਰਪੰਚ ਯੂਨੀਅਨ ਬਲਾਕ ਬਲੂਆਣਾ (ਜ਼ਿਲ੍ਹਾ ਫਾਜ਼ਿਲਕਾ) ਦੇ ਸਾਬਕਾ ਪ੍ਰਧਾਨ ਸੁਸ਼ੀਲ ਸਿਆਗ ਢੀਂਗਾਵਾਲੀ ਨੇ ਪੰਜਾਬ ਭਾਜਪਾ ਦੇ ਨਿਵਰਤਮਾਨ ਪ੍ਰਧਾਨ ਸੁਨੀਲ ਜਾਖੜ ਦੇ ਤਿੰਨ ਸਾਲਾਂ ਦੇ ਕਾਰਜਕਾਲ ਨੂੰ ਪੰਜਾਬ ਭਾਜਪਾ ਲਈ ਸਫਲ ਅਤੇ ਸੁਵਰਨ ਯੁੱਗ ਕਰਾਰ ਦਿੰਦਿਆਂ ਕਿਹਾ ਕਿ ਇਸ ਦੌਰਾਨ ਪੰਜਾਬ ਵਿੱਚ ਭਾਜਪਾ ਦੇ ਵੋਟ ਪ੍ਰਤੀਸ਼ਤ, ਜਨਾਧਾਰ ਅਤੇ ਸੰਗਠਨਕ ਢਾਂਚੇ ਵਿੱਚ ਅਭੂਤਪੂਰਵ ਵਾਧਾ ਹੋਇਆ ਹੈ। ਸਿਆਗ ਨੇ ਕਿਹਾ ਕਿ ਲੋਕ ਸਭਾ ਚੋਣ 2024 ਵਿੱਚ ਭਾਜਪਾ ਨੂੰ 18.60 ਫੀਸਦੀ ਵੋਟ ਪ੍ਰਾਪਤ ਹੋਏ, ਜੋ ਪਿਛਲੀਆਂ ਚੋਣਾਂ ਨਾਲੋਂ ਕਰੀਬ 10 ਫੀਸਦੀ ਵੱਧ ਹਨ। ਉਨ੍ਹਾਂ ਕਿਹਾ ਕਿ ਜੇਕਰ ਲੋਕ ਸਭਾ ਚੋਣਾਂ ਦੇ ਅਧੀਨ ਵਿਧਾਨ ਸਭਾ ਹਲਕਿਆਂ ਦਾ ਵਿਸ਼ਲੇਸ਼ਣ ਕੀਤਾ ਜਾਵੇ ਤਾਂ ਭਾਜਪਾ ਨੇ ਪੰਜਾਬ ਦੇ 23 ਵਿਧਾਨ ਸਭਾ ਖੇਤਰਾਂ ਵਿੱਚ ਲੀਡ ਹਾਸਲ ਕਰਕੇ ਆਪਣੇ ਜਨਾਧਾਰ ਦਾ ਵਿਆਪਕ ਵਿਸਥਾਰ ਕੀਤਾ ਹੈ। ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ ਭਾਜਪਾ ਨੂੰ ਸ਼੍ਰੋਮਣੀ ਅਕਾਲੀ ਦਲ ਨਾਲ ਗਠਜੋੜ ਵਿੱਚ ਸਿਰਫ 23 ਸੀਟਾਂ ’ਤੇ ਹੀ ਚੋਣ ਲੜਨ ਦਾ ਮੌਕਾ ਮਿਲਦਾ ਸੀ, ਪਰ ਸੁਨੀਲ ਜਾਖੜ ਦੇ ਕਰਿਸ਼ਮਾਈ ਨੇਤ੍ਰਿਤਵ ਕਾਰਨ ਅੱਜ ਭਾਜਪਾ ਪੰਜਾਬ ਵਿੱਚ ਆਪਣੇ ਬਲਬੂਤੇ ’ਤੇ ਚੋਣ ਲੜਨ ਦੀ ਸਥਿਤੀ ਵਿੱਚ ਪਹੁੰਚ ਚੁੱਕੀ ਹੈ। ਸੁਸ਼ੀਲ ਸਿਆਗ ਨੇ ਕਿਹਾ ਕਿ ਜਾਖੜ ਦੇ ਕਾਰਜਕਾਲ ਦੌਰਾਨ 13 ਮਾਰਚ ਨੂੰ ਮੋਗਾ ਵਿੱਚ ਹੋਈ ਬਦਲਾਅ ਰੈਲੀ ਵਿੱਚ ਇਤਿਹਾਸਕ ਇਕੱਠ ਨੇ ਇਹ ਸੰਦੇਸ਼ ਦਿੱਤਾ ਕਿ ਹੁਣ ਭਾਜਪਾ ਪੰਜਾਬ ਵਿੱਚ ‘ਛੋਟੇ ਭਰਾ’ ਦੀ ਭੂਮਿਕਾ ਕਬੂਲ ਕਰਨ ਲਈ ਤਿਆਰ ਨਹੀਂ ਹੈ। ਉਨ੍ਹਾਂ ਕਿਹਾ ਕਿ ਭਾਜਪਾ ਹੁਣ ਕੇਵਲ ਸ਼ਹਿਰੀ ਖੇਤਰਾਂ ਤੱਕ ਸੀਮਿਤ ਪਾਰਟੀ ਨਹੀਂ ਰਹੀ, ਸਗੋਂ ਹਰ ਵਰਗ ਅਤੇ ਹਰ ਖੇਤਰ ਵਿੱਚ ਇਸਦੀ ਪਹੁੰਚ ਅਤੇ ਸਵੀਕਾਰਤਾ ਵਧੀ ਹੈ। ਉਨ੍ਹਾਂ ਦੱਸਿਆ ਕਿ ਮੋਗਾ ਰੈਲੀ ਵਿੱਚ ਲੱਖਾਂ ਲੋਕਾਂ ਦੀ ਸ਼ਮੂਲੀਅਤ ਨੂੰ ਦੇਖਦਿਆਂ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਲੋਕਾਂ ਨੂੰ ਸੰਬੋਧਨ ਕਰਦਿਆਂ ਪੰਜਾਬ ਵਿੱਚ ਭਾਜਪਾ ਨੂੰ ਆਪਣੇ ਬਲਬੂਤੇ ’ਤੇ ਸਰਕਾਰ ਬਣਾਉਣ ਦਾ ਮੌਕਾ ਦੇਣ ਦੀ ਅਪੀਲ ਕੀਤੀ ਸੀ। ਉਨ੍ਹਾਂ ਕਿਹਾ ਕਿ ਅਮਿਤ ਸ਼ਾਹ ਨੇ ਇਹ ਵੀ ਦਾਅਵਾ ਕੀਤਾ ਸੀ ਕਿ ਜਿਨ੍ਹਾਂ ਰਾਜਾਂ ਵਿੱਚ ਭਾਜਪਾ ਨੂੰ 18 ਤੋਂ 19 ਫੀਸਦੀ ਵੋਟ ਮਿਲ ਜਾਂਦੇ ਹਨ, ਉੱਥੇ ਪਾਰਟੀ ਦੀ ਸਰਕਾਰ ਬਣ ਜਾਂਦੀ ਹੈ। ਇਸ ਸੰਦਰਭ ਵਿੱਚ ਉਨ੍ਹਾਂ ਨੇ ਹਰਿਆਣਾ, ਅਸਾਮ, ਮਣੀਪੁਰ ਅਤੇ ਮਿਜ਼ੋਰਮ ਵਰਗੇ ਰਾਜਾਂ ਦੀਆਂ ਉਦਾਹਰਣਾਂ ਵੀ ਦਿੱਤੀਆਂ।