ਮਿਊਂਸੀਪਲ ਤੇ ਨਗਰ ਪੰਚਾਇਤ ਚੋਣਾਂ ਨੂੰ ਲੈ ਕੇ ਭਾਜਪਾ ਨੇ ਕੀਤੀ ਚਰਚਾ
ਭਾਜਪਾ ਵੱਲੋਂ ਜ਼ਿਲਾ ਫਿਰੋਜ਼ਪੁਰ ਮਿਊਂਸੀਪਲ ਅਤੇ ਨਗਰ ਪੰਚਾਇਤ ਚੋਣਾਂ ਲਈ ਬੈਠਕ ਦਾ ਆਯੋਜਨ
Publish Date: Tue, 05 May 2026 04:57 PM (IST)
Updated Date: Tue, 05 May 2026 04:59 PM (IST)

ਪੰਜਾਬੀ ਜਾਗਰਣ ਰਿਪੋਰਟਰ, ਫਿਰੋਜ਼ਪੁਰ : ਪੰਜਾਬ ਵਿਚ ਆਉਣ ਵਾਲੀਆਂ ਨਗਰ ਕੌਂਸਲ, ਨਗਰ ਪੰਚਾਇਤ ਤੇ ਮਿਊਂਸੀਪਲ ਚੋਣਾਂ ਦੇ ਮੱਦੇਨਜ਼ਰ ਭਾਰਤੀ ਜਨਤਾ ਪਾਰਟੀ ਨੇ ਆਪਣੀਆਂ ਸਰਗਰਮੀਆਂ ਤੇਜ਼ ਕਰ ਦਿੱਤੀਆਂ ਹਨ। ਇਸੇ ਲੜੀ ਤਹਿਤ ਜ਼ਿਲ੍ਹਾ ਫਿਰੋਜ਼ਪੁਰ ਦੇ ਪ੍ਰਧਾਨ ਸਰਬਜੀਤ ਸਿੰਘ ਬਾਠ ਦੀ ਪ੍ਰਧਾਨਗੀ ਹੇਠ ਇੱਕ ਵਿਸ਼ੇਸ਼ ਬੈਠਕ ਕੀਤਾ ਗਈ। ਇਸ ਮੌਕੇ ਪੰਜਾਬ ਭਾਜਪਾ ਦੇ ਜਨਰਲ ਸਕੱਤਰ ਰਾਕੇਸ਼ ਰਾਠੌਰ ਅਤੇ ਸਾਬਕਾ ਰਾਜ ਸਭਾ ਮੈਂਬਰ ਤੇ ਸਾਬਕਾ ਪ੍ਰਧਾਨ ਸ਼ਵੇਤ ਮਲਿਕ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ। ਬੈਠਕ ਦੀ ਸ਼ੁਰੂਆਤ ਪੱਛਮੀ ਬੰਗਾਲ, ਅਸਾਮ ਅਤੇ ਪਾਂਡੀਚੇਰੀ ਵਿਚ ਪਾਰਟੀ ਦੀ ਸ਼ਾਨਦਾਰ ਕਾਰਗੁਜ਼ਾਰੀ ਅਤੇ ਜਿੱਤ ਦਾ ਜਸ਼ਨ ਮਨਾ ਕੇ ਕੀਤੀ ਗਈ। ਇਸ ਮੌਕੇ ਭਾਜਪਾ ਵਰਕਰਾਂ ਵੱਲੋਂ ਲੱਡੂ ਵੰਡੇ ਗਏ ਅਤੇ ਆਤਿਸ਼ਬਾਜ਼ੀ ਕਰਕੇ ਖੁਸ਼ੀ ਦਾ ਇਜ਼ਹਾਰ ਕੀਤਾ ਗਿਆ। ਸ਼ਵੇਤ ਮਲਿਕ ਅਤੇ ਰਾਕੇਸ਼ ਰਾਠੌਰ ਨੇ ਵਰਕਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਦੂਜੇ ਰਾਜਾਂ ਦੇ ਚੋਣ ਨਤੀਜਿਆਂ ਨੇ ਸਿੱਧ ਕਰ ਦਿੱਤਾ ਹੈ ਕਿ ਦੇਸ਼ ਦੇ ਲੋਕ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਆਂ ਲੋਕ-ਪੱਖੀ ਨੀਤੀਆਂ ’ਤੇ ਮੋਹਰ ਲਗਾ ਰਹੇ ਹਨ। ਉਨ੍ਹਾਂ ਸਮੂਹ ਅਹੁਦੇਦਾਰਾਂ ਨੂੰ ਹੁਣ ਤੋਂ ਹੀ ਪੰਜਾਬ ਦੀਆਂ ਸਥਾਨਕ ਚੋਣਾਂ ਲਈ ਦਿਨ-ਰਾਤ ਇੱਕ ਕਰਨ ਦਾ ਸੱਦਾ ਦਿੱਤਾ। ਜ਼ਿਲ੍ਹਾ ਪ੍ਰਧਾਨ ਸਰਬਜੀਤ ਸਿੰਘ ਬਾਠ ਅਤੇ ਐਡਵੋਕੇਟ ਅਸ਼ਵਨੀ ਕੁਮਾਰ ਢੀਂਗਰਾ ਨੇ ਸਾਂਝੇ ਤੌਰ ’ਤੇ ਦਾਅਵਾ ਕੀਤਾ ਕਿ ਪੰਜਾਬ ਦੇ ਲੋਕਾਂ ਨੇ ਰਵਾਇਤੀ ਪਾਰਟੀਆਂ ਦੀਆਂ ਨੀਤੀਆਂ ਨੂੰ ਦੇਖ ਲਿਆ ਹੈ ਅਤੇ ਹੁਣ ਉਹ ਬਦਲਾਅ ਚਾਹੁੰਦੇ ਹਨ। ਉਨ੍ਹਾਂ ਕਿਹਾ ਦੂਜੇ ਰਾਜਾਂ ਦੀ ਜਿੱਤ ਨੇ ਪੰਜਾਬ ਵਿਚ ਭਾਜਪਾ ਦੀ ਜਿੱਤ ਦਾ ਰਾਹ ਪੱਧਰਾ ਕਰ ਦਿੱਤਾ ਹੈ। ਆਉਣ ਵਾਲੀਆਂ ਮਿਊਂਸੀਪਲ ਚੋਣਾਂ ਅਤੇ 2027 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਭਾਜਪਾ ਪ੍ਰਚੰਡ ਬਹੁਮਤ ਨਾਲ ਜਿੱਤ ਦਰਜ ਕਰੇਗੀ। ਇਸ ਮੌਕੇ ਚੋਣ ਇੰਚਾਰਜ ਸੁਸ਼ੀਲ ਡੋਗਰਾ, ਰਾਜੀਵ ਢੀਂਗੜਾ, ਸਾਹਿਲ ਕਪੂਰ, ਭਗਵੰਤ ਪ੍ਰਭਾਕਰ, ਅਸ਼ੋਕ ਸਰੀਨ ਹਿੱਕੀ, ਮਨਜੀਤ ਸਿੰਘ ਰਾਏ, ਹਰਿੰਦਰ ਸਿੰਘ ਕੁੱਲ, ਅਸ਼ਵਨੀ ਗਰੋਵਰ, ਦਵਿੰਦਰ ਬਜਾਜ, ਸ਼ਮਸ਼ੇਰ ਸਿੰਘ ਕੱਕੜ, ਜਗਰਾਜ ਸਿੰਘ, ਏਕਤਾ ਮੁੰਜਾਲ, ਰਜਵੰਤ ਕੌਰ, ਹੀਰਾ ਪੁਗਲ, ਸਾਹਿਲ ਨਰੂਲਾ, ਦਵਿੰਦਰ ਜੰਗ, ਸੁਰਜੀਤ ਸਿੰਘ ਸਦਰਦੀਨ, ਸੰਦੀਪ ਸਚਦੇਵਾ ਅਤੇ ਸੁਸ਼ੀਲ ਗੁਪਤਾ ਸਮੇਤ ਕਈ ਦਿੱਗਜ ਆਗੂ ਹਾਜ਼ਰ ਸਨ।