ਜ਼ੀਰਾ ਨਗਰ ਕੌਂਸਲ ਚੋਣਾਂ ਲਈ ਭਾਜਪਾ ਨੇ ਕਸੀ ਕਮਰ
ਜ਼ੀਰਾ ਨਗਰ ਕੌਂਸਲ ਚੋਣਾਂ ਲਈ ਭਾਜਪਾ ਨੇ ਕਸੀ ਕਮਰ, ਇੰਚਾਰਜਾਂ ਦੀ ਨਿਯੁਕਤੀ ਨਾਲ ਸਿਆਸੀ ਸਰਗਰਮੀਆਂ ਤੇਜ਼
Publish Date: Sat, 09 May 2026 03:45 PM (IST)
Updated Date: Sat, 09 May 2026 03:47 PM (IST)

ਗੌਰਵ ਗੌੜ ਜੌਲੀ, ਪੰਜਾਬੀ ਜਾਗਰਣ ਜ਼ੀਰਾ : ਪੰਜਾਬ ਵਿਚ ਆਉਣ ਵਾਲੀਆਂ ਮਿਊਂਸੀਪਲ ਅਤੇ ਨਗਰ ਪੰਚਾਇਤ ਚੋਣਾਂ ਨੂੰ ਲੈ ਕੇ ਭਾਰਤੀ ਜਨਤਾ ਪਾਰਟੀ ਵੱਲੋਂ ਸੰਗਠਨਾਤਮਕ ਪੱਧਰ ’ਤੇ ਤਿਆਰੀਆਂ ਨੂੰ ਤੇਜ਼ ਕਰ ਦਿੱਤਾ ਗਿਆ ਹੈ। ਇਸੇ ਕੜੀ ਤਹਿਤ ਪੰਜਾਬ ਭਾਜਪਾ ਨੇ ਜ਼ਿਲ੍ਹਾ ਫਿਰੋਜ਼ਪੁਰ ਦੇ ਵੱਖ-ਵੱਖ ਖੇਤਰਾਂ ਲਈ ਚੋਣ ਇੰਚਾਰਜ਼ਾਂ ਦੀ ਨਿਯੁਕਤੀ ਕਰਦਿਆਂ ਜ਼ੀਰਾ ਲਈ ਵੀ ਖਾਸ ਟੀਮ ਦਾ ਐਲਾਨ ਕੀਤਾ ਹੈ। ਇਸ ਫੈਸਲੇ ਤੋਂ ਬਾਅਦ ਜ਼ੀਰਾ ਦੀ ਸਿਆਸਤ ਵਿਚ ਨਵੀਂ ਚਰਚਾ ਛਿੜ ਗਈ ਹੈ ਅਤੇ ਭਾਜਪਾ ਵਰਕਰਾਂ ਵਿਚ ਭਾਰੀ ਉਤਸ਼ਾਹ ਵੇਖਣ ਨੂੰ ਮਿਲ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਰਬਜੀਤ ਸਿੰਘ ਬਾਠ ਨੇ ਦੱਸਿਆ ਕਿ ਭਾਜਪਾ ਹਾਈਕਮਾਨ ਵੱਲੋਂ ਐਡਵੋਕੇਟ ਅਸ਼ਵਨੀ ਢੀਂਗੜਾ, ਸਾਹਿਲ ਕਪੂਰ ਅਤੇ ਸੰਦੀਪ ਸਚਦੇਵਾ ਨੂੰ ਜ਼ੀਰਾ ਮਿਊਂਸੀਪਲ ਚੋਣਾਂ ਲਈ ਇੰਚਾਰਜ ਨਿਯੁਕਤ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਹ ਟੀਮ ਚੋਣ ਲੜਨ ਦੇ ਇੱਛੁਕ ਵਰਕਰਾਂ ਅਤੇ ਆਗੂਆਂ ਨਾਲ ਮੁਲਾਕਾਤ ਕਰਕੇ ਉਨ੍ਹਾਂ ਦੀ ਯੋਗਤਾ, ਲੋਕ ਆਧਾਰ ਅਤੇ ਸੰਗਠਨ ਪ੍ਰਤੀ ਵਚਨਬੱਧਤਾ ਦਾ ਅੰਕਲਨ ਕਰੇਗੀ, ਜਿਸ ਤੋਂ ਬਾਅਦ ਆਪਣੀ ਰਿਪੋਰਟ ਪੰਜਾਬ ਭਾਜਪਾ ਨੂੰ ਭੇਜੀ ਜਾਵੇਗੀ। ਉਨ੍ਹਾਂ ਹੋਰ ਦੱਸਿਆ ਕਿ ਇਸ ਮੁਹਿੰਮ ਵਿੱਚ ਵਿਧਾਨ ਸਭਾ ਹਲਕੇ ਦੇ ਇੰਚਾਰਜ਼ਾਂ ਤੋਂ ਇਲਾਵਾ ਪ੍ਰਦੇਸ਼, ਜ਼ਿਲ੍ਹਾ, ਮੰਡਲ, ਮੋਰਚਿਆਂ ਅਤੇ ਸੈਲਾਂ ਦੇ ਅਹੁਦੇਦਾਰਾਂ ਅਤੇ ਸੀਨੀਅਰ ਕਾਰਕੁਨਾਂ ਦਾ ਵੀ ਪੂਰਾ ਸਹਿਯੋਗ ਰਹੇਗਾ। ਭਾਜਪਾ ਆਗੂਆਂ ਦਾ ਮੰਨਣਾ ਹੈ ਕਿ ਪੰਜਾਬ ਦੀ ਜਨਤਾ ਹੁਣ ਰਵਾਇਤੀ ਪਾਰਟੀਆਂ ਤੋਂ ਅਕੱਲ ਚੁੱਕ ਚੁੱਕੀ ਹੈ ਅਤੇ ਲੋਕ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਆਂ ਲੋਕ-ਹਿਤੈਸ਼ੀ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ ਭਾਜਪਾ ਵੱਲ ਆਕਰਸ਼ਿਤ ਹੋ ਰਹੇ ਹਨ। ਐਡਵੋਕੇਟ ਅਸ਼ਵਨੀ ਢੀਂਗਰਾ ਅਤੇ ਸਰਬਜੀਤ ਸਿੰਘ ਬਾਠ ਨੇ ਕਿਹਾ ਕਿ ਆਉਣ ਵਾਲੀਆਂ ਮਿਊਂਸੀਪਲ ਚੋਣਾਂ ਅਤੇ 2027 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਭਾਜਪਾ ਪੰਜਾਬ ਅੰਦਰ ਮਜ਼ਬੂਤ ਵਿਕਲਪ ਵਜੋਂ ਉਭਰੇਗੀ ਅਤੇ ਲੋਕ ਪਾਰਟੀ ਨੂੰ ਭਾਰੀ ਬਹੁਮਤ ਨਾਲ ਜਿਤਾਉਣਗੇ।