2 ਲੱਖ ਮੱਛੀਆਂ ਦਾ ਪੂੰਗ ਬਿਆਸ ਦਰਿਆ ’ਚ ਛੱਡਿਆ
ਬਿਆਸ ਕੰਜ਼ਰਵੇਸ਼ਨ ਰਿਜ਼ਰਵ ਵਿਚ ਵਾਤਾਵਰਣ ਸੰਤੁਲਨ ਲਈ ਵੱਡਾ ਕਦਮ
Publish Date: Tue, 24 Mar 2026 04:02 PM (IST)
Updated Date: Tue, 24 Mar 2026 04:04 PM (IST)

ਹਰਚਰਨ ਸਿੰਘ ਸਾਮਾ, ਪੰਜਾਬੀ ਜਾਗਰਣ ਫਿਰੋਜ਼ਪੁਰ : ਬਿਆਸ ਕੰਜ਼ਰਵੇਸ਼ਨ ਰਿਜ਼ਰਵ ਦੀ ਕੁਦਰਤੀ ਜੈਵਿਕ ਵਿਭਿੰਨਤਾ ਨੂੰ ਸੁਰਜੀਤ ਕਰਨ ਅਤੇ ਦਰਿਆਈ ਵਾਤਾਵਰਣ ਨੂੰ ਸੰਤੁਲਿਤ ਬਣਾਏ ਰੱਖਣ ਲਈ ਜੰਗਲੀ ਜੀਵ ਰੇਂਜ ਹਰੀਕੇ, ਜੰਗਲੀ ਜੀਵ ਮੰਡਲ ਫਿਰੋਜ਼ਪੁਰ ਵੱਲੋਂ ਇਕ ਸ਼ਲਾਘਾਯੋਗ ਉਪਰਾਲਾ ਕੀਤਾ ਗਿਆ ਹੈ। ਵਣ ਮੰਡਲ ਅਫ਼ਸਰ ਜੰਗਲੀ ਜੀਵ ਮੰਡਲ ਫਿਰੋਜ਼ਪੁਰ ਹਰਪ੍ਰੀਤ ਕੌਰ ਆਈਐੱਫਟੈੱਸ ਦੇ ਦਿਸ਼ਾ-ਨਿਰਦੇਸ਼ਾਂ ਹੇਠ ਜੰਗਲੀ ਜੀਵ ਰੇਂਜ ਹਰੀਕੇ ਵੱਲੋਂ ਪਿੰਡ ਕੰਬੋਅ ਢਾਏ ਵਾਲਾ ਵਿਖੇ ਬਿਆਸ ਦਰਿਆ ਵਿਚ ਲਗਭਗ 2 ਲੱਖ ਮੱਛੀਆਂ ਦੇ ਪੁੰਗ (ਫਿਸ਼ ਸੀਡ) ਛੱਡੇ ਗਏ। ਇਸ ਮੁਹਿੰਮ ਦੀ ਅਗਵਾਈ ਵਣ ਰੇਂਜ ਅਫ਼ਸਰ ਜੰਗਲੀ ਜੀਵ ਰੇਂਜ ਹਰੀਕੇ ਕਮਲਜੀਤ ਸਿੰਘ ਵੱਲੋਂ ਕੀਤੀ ਗਈ। ਇਸ ਮੌਕੇ ਜਾਣਕਾਰੀ ਦਿੰਦਿਆਂ ਰੇਂਜ ਅਫ਼ਸਰ ਨੇ ਦੱਸਿਆ ਕਿ ਦਰਿਆ ਵਿਚ ਮੁੱਖ ਤੌਰ ’ਤੇ ਰੋਹੂ, ਕਤਲਾ ਅਤੇ ਮੁਰਾਖ ਪ੍ਰਜਾਤੀਆਂ ਦੇ ਪੁੰਗ ਛੱਡੇ ਗਏ ਹਨ। ਉਨ੍ਹਾਂ ਕਿਹਾ ਕਿ ਇਹ ਮੱਛੀਆਂ ਦਰਿਆਈ ਪ੍ਰਣਾਲੀ ਵਿਚ ‘ਕਲੀਨਿੰਗ ਏਜੰਟ’ ਵਜੋਂ ਕੰਮ ਕਰਦੀਆਂ ਹਨ ਅਤੇ ਪਾਣੀ ਵਿਚ ਮੌਜ਼ੂਦ ਵਾਧੂ ਜੈਵਿਕ ਪਦਾਰਥਾਂ ਨੂੰ ਖਾ ਕੇ ਪਾਣੀ ਦੀ ਕੁਦਰਤੀ ਸਫ਼ਾਈ ਨੂੰ ਬਰਕਰਾਰ ਰੱਖਦੀਆਂ ਹਨ। ਵਿਭਾਗ ਦੇ ਅਧਿਕਾਰੀਆਂ ਅਨੁਸਾਰ ਇਸ ਕਦਮ ਦਾ ਮੂਲ ਉਦੇਸ਼ ਸਿਰਫ਼ ਮੱਛੀਆਂ ਦੀ ਗਿਣਤੀ ਵਧਾਉਣਾ ਹੀ ਨਹੀਂ, ਸਗੋਂ ਪੂਰੇ ਦਰਿਆਈ ਈਕੋਸਿਸਟਮ ਨੂੰ ਮਜ਼ਬੂਤ ਕਰਨਾ ਹੈ। ਮੱਛੀਆਂ ਦੀ ਵਾਧੂ ਉਪਲਬੱਧਤਾ ਨਾਲ ਦਰਿਆ ਵਿਚ ਰਹਿਣ ਵਾਲੇ ਹੋਰ ਜਲ ਜੀਵਾਂ ਅਤੇ ਦੂਰ-ਦੁਰਾਡੇ ਤੋਂ ਆਉਣ ਵਾਲੇ ਪ੍ਰਵਾਸੀ ਪੰਛੀਆਂ ਲਈ ਭੋਜਨ ਦੀ ਲੜੀ ਮਜ਼ਬੂਤ ਹੋਵੇਗੀ। ਇਸ ਮੌਕੇ ’ਤੇ ਫੀਲਡ ਸਟਾਫ਼ ਵਿਚ ਰਾਜਵਿੰਦਰ ਕੌਰ ਵਣ ਗਾਰਡ, ਹਰਮਿੰਦਰ ਸਿੰਘ ਵਣ ਗਾਰਡ, ਲਖਵੀਰ ਸਿੰਘ ਬੇਲਦਾਰ ਸਮੇਤ ਹੋਰ ਕਰਮਚਾਰੀ ਵੀ ਹਾਜ਼ਰ ਰਹੇ। ਜੰਗਲੀ ਜੀਵ ਰੇਂਜ ਹਰੀਕੇ ਵੱਲੋਂ ਇਲਾਕਾ ਨਿਵਾਸੀਆਂ ਨੂੰ ਅਪੀਲ ਕੀਤੀ ਗਈ ਕਿ ਉਹ ਦਰਿਆਈ ਜੀਵਾਂ ਦੀ ਸੁਰੱਖਿਆ ਵਿੱਚ ਪ੍ਰਸ਼ਾਸਨ ਦਾ ਪੂਰਾ ਸਹਿਯੋਗ ਦੇਣ ਅਤੇ ਕੁਦਰਤੀ ਸੰਸਾਧਨਾਂ ਦੀ ਰੱਖਿਆ ਵਿਚ ਆਪਣਾ ਯੋਗਦਾਨ ਪਾਉਣ।