ਪੰਜਾਬ ਵਿੱਚ ਹੋਣ ਜਾ ਰਹੀਆਂ ਨਗਰ ਕੌਂਸਲ ਚੋਣਾਂ ਦਾ ਮਾਹੌਲ ਪੂਰੀ ਤਰ੍ਹਾਂ ਗਰਮਾ ਗਿਆ ਹੈ ।ਆਲਮ ਇਹ ਹੈ ਕਿ ਫਿਰੋਜ਼ਪੁਰ ਇਸ ਸਿਆਸੀ ਜੰਗ ਦਾ ਕੇਂਦਰ ਬਣਦਾ ਨਜ਼ਰ ਆ ਰਿਹਾ ਹੈ। ਲੰਮੀਂ ਜਮਾਂ ਘਟਾੳ ਮਗਰੋਂ ਭਾਰਤੀ ਜਨਤਾ ਪਾਰਟੀ ਵੱਲੋਂ ਫਿਰੋਜ਼ਪੁਰ ਨਗਰ ਕੌਂਸਲ ਲਈ ਆਪਣੇ 27 ਉਮੀਦਵਾਰਾਂ ਦੀ ਪਹਿਲੀ ਅਧਿਕਾਰਤ ਸੂਚੀ ਜਾਰੀ ਕਰ ਦਿੱਤੀ ਹੈ। ਸੂਬਾ ਜਨਰਲ ਸਕੱਤਰ ਰਾਕੇਸ਼ ਰਾਠੌਰ ਵੱਲੋਂ ਜਾਰੀ ਕੀਤੀ ਇਸ ਸੂਚੀ ਤੋਂ ਬਾਅਦ ਫਿਰੋਜ਼ਪੁਰ ਦੀ ਸਿਆਸਤ ਵਿੱਚ ਹਲਚਲ ਤੇਜ਼ ਹੋ ਗਈ ਹੈ

ਪਰਮਿੰਦਰ ਸਿੰਘ ਥਿੰਦ, ਪੰਜਾਬੀ ਜਾਗਰਣ, ਫਿਰੋਜ਼ਪੁਰ: ਪੰਜਾਬ ਵਿੱਚ ਹੋਣ ਜਾ ਰਹੀਆਂ ਨਗਰ ਕੌਂਸਲ ਚੋਣਾਂ ਦਾ ਮਾਹੌਲ ਪੂਰੀ ਤਰ੍ਹਾਂ ਗਰਮਾ ਗਿਆ ਹੈ ।ਆਲਮ ਇਹ ਹੈ ਕਿ ਫਿਰੋਜ਼ਪੁਰ ਇਸ ਸਿਆਸੀ ਜੰਗ ਦਾ ਕੇਂਦਰ ਬਣਦਾ ਨਜ਼ਰ ਆ ਰਿਹਾ ਹੈ। ਲੰਮੀਂ ਜਮਾਂ ਘਟਾੳ ਮਗਰੋਂ ਭਾਰਤੀ ਜਨਤਾ ਪਾਰਟੀ ਵੱਲੋਂ ਫਿਰੋਜ਼ਪੁਰ ਨਗਰ ਕੌਂਸਲ ਲਈ ਆਪਣੇ 27 ਉਮੀਦਵਾਰਾਂ ਦੀ ਪਹਿਲੀ ਅਧਿਕਾਰਤ ਸੂਚੀ ਜਾਰੀ ਕਰ ਦਿੱਤੀ ਹੈ। ਸੂਬਾ ਜਨਰਲ ਸਕੱਤਰ ਰਾਕੇਸ਼ ਰਾਠੌਰ ਵੱਲੋਂ ਜਾਰੀ ਕੀਤੀ ਇਸ ਸੂਚੀ ਤੋਂ ਬਾਅਦ ਫਿਰੋਜ਼ਪੁਰ ਦੀ ਸਿਆਸਤ ਵਿੱਚ ਹਲਚਲ ਤੇਜ਼ ਹੋ ਗਈ ਹੈ।ਲਿਸਟ ਜਾਰੀ ਹੁੰਦਿਆਂ ਹੀ ਸਾਬਕਾ ਨਗਰ ਕੌਂਸਲ ਪ੍ਰਧਾਨ ਅਸ਼ਵਨੀ ਗਰੋਵਰ ਸਮੇਤ ਤਿੰਨ ਸਾਬਕਾ ਕੌਂਸਲਰਾਂ ਨੇ ‘ਅਜਾਦ’ ਉਮੀਦਵਾਰ ਵਜੋਂ ਚੋਣ ਲੜਣ ਦਾ ਐਲਾਣ ਕਰ ਦਿੱਤਾ ਹੈ। ਉਧਰ ਆਪਣੀ ਬਗਾਵਤ ਨੂੰ ਜਾਇਜ਼ ਠਹਿਰਾਉਂਦਿਆਂ ਅਸ਼ਵਨੀ ਗਰੋਵਰ ਨੇ ਸੋਸ਼ਲ ਮੀਡੀਆ ’ਤੇ ਪੋਸਟ ਕਰਦਿਆਂ ਲਿੱਖਿਆ ਹੈ ਕਿ ,‘‘ ਕੁੱਛ ਤੋਂ ਮਜਬੂਰੀਆਂ ਰਹੀ ਹੋਂਗੀ,ਵਰਨਾ ਯੂੰ ਹੀ ਕੋਈ ਬੇਵਫਾ ਨਹੀਂ ਹੋਤਾ’।
ਭਾਜਪਾ ਨੇ ਇਸ ਵਾਰ ਜਾਤੀ ਅਤੇ ਸਮਾਜਿਕ ਸਮੀਕਰਨਾਂ ਨੂੰ ਧਿਆਨ ਵਿੱਚ ਰੱਖਦਿਆਂ ਜਨਰਲ, ਐਸ.ਸੀ., ਓ.ਬੀ.ਸੀ. ਅਤੇ ਮਹਿਲਾ ਵਰਗ ਨੂੰ ਵੱਡੀ ਪ੍ਰਤੀਨਿਧਤਾ ਦਿੱਤੀ ਹੈ। ਪਾਰਟੀ ਨੇ ਕਈ ਪੁਰਾਣੇ ਵਰਕਰਾਂ ਅਤੇ ਜ਼ਮੀਨੀ ਪੱਧਰ ’ਤੇ ਕੰਮ ਕਰਨ ਵਾਲੇ ਚਿਹਰਿਆਂ ’ਤੇ ਭਰੋਸਾ ਜਤਾਇਆ ਹੈ। ਪਰ ਸੂਚੀ ਜਾਰੀ ਹੋਣ ਨਾਲ ਹੀ ਭਾਜਪਾ ਨੂੰ ਵੱਡਾ ਸਿਆਸੀ ਝੱਟਕਾ ਵੀ ਲੱਗਿਆ ਹੈ। ਸਾਬਕਾ ਨਗਰ ਕੌਂਸਲ ਪ੍ਰਧਾਨ ਅਸ਼ਵਨੀ ਗਰੋਵਰ, ਮੁਨੀਸ਼ ਧਵਨ ਅਤੇ ਰਾਜੇਸ਼ ਨਿੰਦੀ ਨੇ ਪਾਰਟੀ ਖ਼ਿਲਾਫ਼ ਖੁੱਲ੍ਹੀ ਬਗਾਵਤ ਦਾ ਐਲਾਨ ਕਰ ਦਿੱਤਾ ਹੈ। ਤਿੰਨਾਂ ਆਗੂਆਂ ਨੇ ਦਾਅਵਾ ਕੀਤਾ ਹੈ ਕਿ ਉਹ ਪਾਰਟੀ ਫੈਸਲੇ ਨਾਲ ਨਾਰਾਜ਼ ਹਨ ਅਤੇ ਹੁਣ ਆਜ਼ਾਦ ਉਮੀਦਵਾਰ ਵਜੋਂ ਚੋਣ ਮੈਦਾਨ ਵਿੱਚ ਉਤਰਣਗੇ।
ਇਸ ਬਗਾਵਤ ਨੇ ਭਾਜਪਾ ਦੀ ਅੰਦਰੂਨੀ ਏਕਤਾ ’ਤੇ ਸਵਾਲ ਖੜ੍ਹੇ ਕਰ ਦਿੱਤੇ ਹਨ। ਸਿਆਸੀ ਮਾਹਿਰਾਂ ਦੇ ਅਨੁਸਾਰ, ਟਿਕਟ ਵੰਡ ਦੌਰਾਨ ਨਾਰਾਜ਼ਗੀ ਦਾ ਇਹ ਧਮਾਕਾ ਚੋਣ ਨਤੀਜਿਆਂ ’ਤੇ ਸਿੱਧਾ ਅਸਰ ਪਾ ਸਕਦਾ ਹੈ। ਦੂਜੇ ਪਾਸੇ, ਭਾਜਪਾ ਨੇ ਮਹਿਲਾ ਸਸ਼ਕਤੀਕਰਨ ਨੂੰ ਵੱਡਾ ਚੋਣ ਹਥਿਆਰ ਬਣਾਉਂਦਿਆਂ ਕਈ ਵਾਰਡਾਂ ਵਿੱਚ ਮਹਿਲਾ ਉਮੀਦਵਾਰ ਮੈਦਾਨ ਵਿੱਚ ਉਤਾਰੇ ਹਨ।
ਸਰਹੱਦੀ ਜ਼ਿਲ੍ਹਾ ਹੋਣ ਕਰਕੇ ਫਿਰੋਜ਼ਪੁਰ ਦੀ ਸਿਆਸਤ ਹਮੇਸ਼ਾ ਪੰਜਾਬ ਦੀ ਮੁੱਖ ਰਾਜਨੀਤੀ ਨੂੰ ਪ੍ਰਭਾਵਿਤ ਕਰਦੀ ਰਹੀ ਹੈ। ਭਾਜਪਾ ਵੱਲੋਂ ਸਮੇਂ ਤੋਂ ਪਹਿਲਾਂ ਉਮੀਦਵਾਰਾਂ ਦੇ ਐਲਾਨ ਨੇ ‘ਆਪ’ ਅਤੇ ਕਾਂਗਰਸ ’ਤੇ ਵੀ ਦਬਾਅ ਵਧਾ ਦਿੱਤਾ ਹੈ, ਕਿਉਂਕਿ ਦੋਵੇਂ ਪਾਰਟੀਆਂ ਅਜੇ ਤੱਕ ਆਪਣੀਆਂ ਪੂਰੀਆਂ ਸੂਚੀਆਂ ਜਾਰੀ ਨਹੀਂ ਕਰ ਸਕੀਆਂ। ਹੁਣ ਸਾਰਿਆਂ ਦੀਆਂ ਨਜ਼ਰਾਂ ਇਸ ਗੱਲ ’ਤੇ ਟਿਕ ਗਈਆਂ ਹਨ ਕਿ ਬਗਾਵਤ ਦੀ ਇਹ ਚਿੰਗਾਰੀ ਭਾਜਪਾ ਲਈ ਨੁਕਸਾਨ ਸਾਬਤ ਹੁੰਦੀ ਹੈ ਜਾਂ ਫਿਰ ਪਾਰਟੀ ਆਪਣੀ ਸੰਗਠਨਾਤਮਕ ਤਾਕਤ ਨਾਲ ਚੋਣ ਜੰਗ ਜਿੱਤਣ ਵਿੱਚ ਕਾਮਯਾਬ ਰਹੇਗੀ।