ਫਿਰੋਜ਼ਪੁਰ ਮੰਡਲ ਨੇ ਸੌਰ ਊਰਜਾ ਦੇ ਪਸਾਰੇ ਨਾਲ ਹਰਿਤ ਊਰਜਾ ਵੱਲ ਵਧਾਏ ਤੇਜ਼ ਕਦਮ
ਫਿਰੋਜ਼ਪੁਰ ਮੰਡਲ ਦੀ ਵੱਡੀ ਪ੍ਰਾਪਤੀ
Publish Date: Tue, 26 May 2026 03:41 PM (IST)
Updated Date: Tue, 26 May 2026 03:43 PM (IST)

ਪਰਮਿੰਦਰ ਸਿੰਘ ਥਿੰਦ, ਪੰਜਾਬੀ ਜਾਗਰਣ ਫਿਰੋਜ਼ਪੁਰ : ਭਾਰਤ ਸਰਕਾਰ ਦੀ ‘ਪ੍ਰਧਾਨ ਮੰਤਰੀ ਸੂਰਜ ਘਰ ਯੋਜਨਾ’ ਤਹਿਤ ਫਿਰੋਜ਼ਪੁਰ ਮੰਡਲ ਨੇ ਰੇਲਵੇ ਸਟੇਸ਼ਨਾਂ ’ਤੇ ਵੱਡੇ ਪੱਧਰ ’ਤੇ ਰੂਫਟਾਪ ਸੋਲਰ ਪਾਵਰ ਸਿਸਟਮ ਲਗਾ ਕੇ ਹਰਿਤ ਅਤੇ ਟਿਕਾਊ ਊਰਜਾ ਦੇ ਖੇਤਰ ਵਿਚ ਇਕ ਨਵੀਂ ਮਿਸਾਲ ਕਾਇਮ ਕੀਤੀ ਹੈ। ਫਿਰੋਜ਼ਪੁਰ ਮੰਡਲ ਦੇ ਅਧੀਨ ਆਉਂਦੇ ਰੇਲਵੇ ਸਟੇਸ਼ਨਾਂ ਨੂੰ ਵਾਤਾਵਰਣ ਪੱਖੀ ਬਣਾਉਣ ਲਈ ਸੌਰ ਊਰਜਾ ਦਾ ਲਗਾਤਾਰ ਵਿਸਥਾਰ ਕੀਤਾ ਜਾ ਰਿਹਾ ਹੈ। ਮੌਜ਼ੂਦਾ ਸਮੇਂ ਵਿਚ ਮੰਡਲ ਦੇ 22 ਰੇਲਵੇ ਸਟੇਸ਼ਨਾਂ ’ਤੇ ਰੂਫਟਾਪ ਸੋਲਰ ਪਾਵਰ ਸਿਸਟਮ ਸਫਲਤਾਪੂਰਵਕ ਕੰਮ ਕਰ ਰਹੇ ਹਨ, ਜਿਨ੍ਹਾਂ ਦੀ ਕੁੱਲ ਸਮਰੱਥਾ 846 ਕਿਲੋਵਾਟ ਹੈ। ਇਸ ਤੋਂ ਇਲਾਵਾ, ਹਾਲ ਹੀ ਵਿੱਚ 12 ਹੋਰ ਰੇਲਵੇ ਸਟੇਸ਼ਨਾਂ ’ਤੇ ਲਗਭਗ 400 ਕਿਲੋਵਾਟ ਸਮਰੱਥਾ ਦੇ ਨਵੇਂ ਸੋਲਰ ਪਲਾਂਟ ਸਥਾਪਿਤ ਕੀਤੇ ਗਏ ਹਨ। ਇਨ੍ਹਾਂ ਸੋਲਰ ਸਿਸਟਮਾਂ ਤੋਂ ਪੈਦਾ ਹੋਣ ਵਾਲੀ ਬਿਜਲੀ ਦੀ ਵਰਤੋਂ ਸਿੱਧੇ ਤੌਰ ’ਤੇ ਸਟੇਸ਼ਨਾਂ ਦੀਆਂ ਲੋੜਾਂ ਨੂੰ ਪੂਰਾ ਕਰਨ ਲਈ ਕੀਤੀ ਜਾ ਰਹੀ ਹੈ। ਇਸ ਨਾਲ ਰੇਲਵੇ ਦੀ ਰਵਾਇਤੀ ਬਿਜਲੀ ਗਰਿੱਡ ’ਤੇ ਨਿਰਭਰਤਾ ਕਾਫੀ ਘੱਟ ਗਈ ਹੈ ਅਤੇ ਬਿਜਲੀ ਦੇ ਖਰਚਿਆਂ ਵਿੱਚ ਵੀ ਭਾਰੀ ਕਟੌਤੀ ਦੇਖਣ ਨੂੰ ਮਿਲੀ ਹੈ। ਵਿੱਤੀ ਸਾਲ 2025–26 ਦੇ ਅੰਕੜਿਆਂ ਮੁਤਾਬਕ, ਇਸ ਸੋਲਰ ਬੁਨਿਆਦੀ ਢਾਂਚੇ ਤੋਂ ਲਗਭਗ 5,31,076 ਯੂਨਿਟ ਹਰਿਤ ਊਰਜਾ (ਗ੍ਰੀਨ ਐਨਰਜੀ) ਦਾ ਉਤਪਾਦਨ ਹੋਇਆ ਹੈ। ਇਸ ਕਾਰਨ ਰੇਲਵੇ ਨੂੰ ਬਿਜਲੀ ਦੇ ਬਿੱਲਾਂ ਵਿਚ ਲਗਭਗ 37.18 ਲੱਖ ਰੁਪਏ ਦੀ ਵੱਡੀ ਵਿੱਤੀ ਬਚਤ ਹੋਈ ਹੈ। ਇਹ ਸ਼ਾਨਦਾਰ ਪ੍ਰਾਪਤੀ ਸਾਬਤ ਕਰਦੀ ਹੈ ਕਿ ਰੇਲਵੇ ਸੰਚਾਲਨ ਵਿਚ ਨਵਿਆਉਣਯੋਗ ਊਰਜਾ ਦੀ ਵਰਤੋਂ ਆਰਥਿਕ ਅਤੇ ਵਾਤਾਵਰਣ ਦੋਵਾਂ ਪੱਖਾਂ ਤੋਂ ਬੇਹੱਦ ਲਾਹੇਵੰਦ ਹੈ। ਸੋਲਰ ਪਲਾਂਟਾਂ ਦੇ ਮੁੱਖ ਲਾਭ ਜਿਵੇਂ ਕਿ ਰਵਾਇਤੀ ਬਿਜਲੀ ਦੀ ਘੱਟ ਖਪਤ: ਕੋਲੇ ਜਾਂ ਹੋਰ ਸਾਧਨਾਂ ਤੋਂ ਬਣਨ ਵਾਲੀ ਬਿਜਲੀ ’ਤੇ ਨਿਰਭਰਤਾ ਘਟੀ ਹੈ। ਬਿਜਲੀ ਦੇ ਖਰਚਿਆਂ ਵਿੱਚ ਭਾਰੀ ਕਟੌਤੀ ਦਰਜ ਕੀਤੀ ਗਈ ਹੈ। ਰੇਲਵੇ ਸਟੇਸ਼ਨਾਂ ’ਤੇ ਬਿਜਲੀ ਦੀ ਸਪਲਾਈ ਵਧੇਰੇ ਭਰੋਸੇਯੋਗ ਅਤੇ ਨਿਰਵਿਘਨ ਹੋਈ ਹੈ। ਸਾਫ਼-ਸੁਥਰੀ ਅਤੇ ਨਵਿਆਉਣਯੋਗ ਊਰਜਾ ਦੇ ਪ੍ਰਸਾਰ ਨੂੰ ਹੁਲਾਰਾ ਮਿਲਿਆ ਹੈ। ਕਾਰਬਨ ਦੇ ਨਿਕਾਸ (ਇਮਿਸ਼ਨ) ਵਿੱਚ ਕਮੀ ਆਈ ਹੈ, ਜਿਸ ਨਾਲ ਵਾਤਾਵਰਣ ਸਾਫ਼ ਰੱਖਣ ਵਿੱਚ ਮਦਦ ਮਿਲ ਰਹੀ ਹੈ। ਆਪਣੀ ਲੰਬੇ ਸਮੇਂ ਦੀ ਟਿਕਾਊ ਵਿਕਾਸ ਯੋਜਨਾ ਦੇ ਹਿੱਸੇ ਵਜੋਂ ਫਿਰੋਜ਼ਪੁਰ ਮੰਡਲ ਨੇ ਵਿੱਤੀ ਸਾਲ 2026–27 ਲਈ ਇੱਕ ਨਵਾਂ ਟੀਚਾ ਮਿੱਥਿਆ ਹੈ। ਇਸ ਤਹਿਤ ਮੰਡਲ ਵਿਚ 1.15 ਮੈਗਾਵਾਟ ਵਾਧੂ ਸੌਰ ਊਰਜਾ ਸਮਰੱਥਾ ਸਥਾਪਿਤ ਕਰਨ ਦਾ ਟੀਚਾ ਰੱਖਿਆ ਗਿਆ ਹੈ।