ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਵੱਲੋਂ ਧਰਨੇ 29 ਨੂੰ
ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਵੱਲੋਂ ਪੰਜਾਬ ਭਰ ਵਿੱਚ ਬਿਜਲੀ ਬੋਰਡ ਦੇ ਦਫ਼ਤਰਾਂ ਅੱਗੇ 29 ਨੂੰ ਦਿੱਤੇ ਜਾਣਗੇ ਧਰਨੇ
Publish Date: Mon, 27 Apr 2026 05:40 PM (IST)
Updated Date: Mon, 27 Apr 2026 05:43 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜ਼ੀਰਾ : ਜ਼ੀਰਾ ਵਿਖੇ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਦੇ ਸੂਬਾ ਪ੍ਰਧਾਨ ਬਲਦੇਵ ਸਿੰਘ ਜ਼ੀਰਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਇਸ ਸਮੇਂ ਸੂਬੇ ਵਿੱਚ ਬਿਜਲੀ ਕੱਟਾਂ ਨੇ ਲੋਕਾਂ ਦਾ ਜਿਊਣਾ ਦੁੱਭਰ ਕੀਤਾ ਹੋਇਆ ਹੈ। ਸੂਬਾ ਪ੍ਰਧਾਨ ਨੇ ਮੁੱਖ ਮੰਤਰੀ ਪੰਜਾਬ ਤੇ ਵਰ੍ਹਦਿਆਂ ਕਿਹਾ ਕਿ ਮੁੱਖ ਮੰਤਰੀ ਸੋਸ਼ਲ ਮੀਡੀਆ ਤੇ ਧੂੰਆਂ ਧਾਰ ਪ੍ਰਚਾਰ ਕਰਕੇ ਲੋਕਾਂ ਦੀਆਂ ਮੁਸਕਲਾਂ ਨੂੰ ਘੱਟੇ ਮਿੱਟੀ ਵਿੱਚ ਰੋਲਣ ਦਾ ਅਸਫਲ ਯਤਨ ਕਰਦੇ ਰਹਿੰਦੇ ਹਨ। ਬਿਜਲੀ ਬਾਰੇ ਹੀ ਉਨ੍ਹਾਂ ਦਾ ਬਿਆਨ ਸੀ ਕਿ ਪੰਜਾਬ ਕੋਲ ਏਨੀ ਬਿਜਲੀ ਹੈ ਕਿ ਅਸੀਂ ਵੇਚ ਵੀ ਸਕਦੇ ਹਾਂ, ਜਦਕਿ ਸੱਚਾਈ ਕੁਝ ਹੋਰ ਹੈ।ਉਨ੍ਹਾਂ ਕਿਹਾ ਕਿ ਅੰਕੜਿਆਂ ਤੇ ਨਿਗ੍ਹਾ ਮਾਰੀਏ ਤਾਂ 4700 ਮੈਗਾਵਾਟ ਬਿਜਲੀ ਜਰਨੇਟ ਹੋ ਰਹੀ ਸੀ, ਜਦੋਂ ਕਿ ਪੰਜਾਬ ਦੀ ਲੋੜ ਲੱਗਭਗ 12000 ਮੈਗਾਵਾਟ ਦੀ ਹੈ। ਤਕਰੀਬਨ 7000 ਮੈਗਾਵਾਟ ਬਿਜਲੀ ਘੱਟ ਜਰਨੇਟ ਹੋਣਾ ਪੰਜਾਬ ਦੇ ਬਿਜਲੀ ਸੰਕਟ ਦਾ ਕਾਰਨ ਹੈ।ਇਸ ਵਾਰ ਗਰਮੀਂ ਆਮ ਦੇ ਮੁਕਾਬਲੇ ਜ਼ਿਆਦਾ ਪੈਣ ਦੀ ਗੱਲ ਮਾਹਰਾ ਵੱਲੋਂ ਕਹੀ ਜਾ ਰਹੀ ਹੈ, ਜਿਸ ਕਾਰਨ ਹਲਾਤ ਹੋਰ ਵੀ ਖਰਾਬ ਹੋਣ ਦੀ ਸੰਭਾਵਨਾ ਹੈ। ਲੋਕਾਂ ਦਾ ਲੰਮੇ ਬਿਜਲੀ ਕੱਟਾਂ ਕਾਰਨ ਜਿਉਣਾ ਦੁੱਭਰ ਹੋ ਗਿਆ ਹੈ। ਜਥੇਬੰਦੀ ਨੇ ਫੈਸਲਾ ਕੀਤਾ ਹੈ ਕਿ ਨਿਰਵਿਘਨ ਬਿਜਲੀ ਸਪਲਾਈ ਲਈ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਵੱਲੋਂ 29 ਅਪ੍ਰੈਲ ਨੂੰ ਸਵੇਰੇ 11 ਵਜੇ ਤੋਂ ਲੈਕੇ 2 ਵਜੇ ਤੱਕ ਬਿਜਲੀ ਐਕਸੀਅਨ ਦਫ਼ਤਰਾਂ ਅੱਗੇ ਧਰਨੇ ਦਿੱਤੇ ਜਾਣਗੇ। ਸੂਬਾ ਪ੍ਰਧਾਨ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਵੱਧ ਤੋਂ ਵੱਧ ਗਿਣਤੀ ਵਿਚ ਧਰਨਿਆਂ ’ਚ ਸ਼ਾਮਲ ਹੋਣ ।