ਕਿਸਾਨੀ ਖ਼ੁਦਕਸ਼ੀਆਂ ਰੋਕਣ ’ਚ ਮਾਨ ਸਰਕਾਰ ਅਸਫਲ : ਬੀਕੇਯੂ ਪੰਜਾਬ
ਕਿਸਾਨਾਂ ਦੀਆਂ ਖ਼ੁਦਕਸ਼ੀਆਂ ਰੋਕਣ ਵਿੱਚ ਭਗਵੰਤ ਮਾਨ ਸਰਕਾਰ ਪੂਰੀ ਤਰਾਂ ਹੋ ਚੁੱਕੀ ਹੈ ਫੇਲ੍ਹ: ਫੁਰਮਾਨ ਸਿੰਘ ਸੰਧੂ, ਸੂਬੇਦਾਰ ਭੁਲੇਰੀਆ ਬੀਕੇਯੂ ਪੰਜਾਬ
Publish Date: Wed, 25 Mar 2026 06:10 PM (IST)
Updated Date: Wed, 25 Mar 2026 06:14 PM (IST)

ਬਗੀਚਾ ਸਿੰਘ, ਪੰਜਾਬੀ ਜਾਗਰਣ ਮਮਦੋਟ : ਫੁਰਮਾਨ ਸਿੰਘ ਸੰਧੂ ਸੂਬਾ ਪ੍ਰਧਾਨ ਭਾਰਤੀ ਕਿਸਾਨ ਯੂਨੀਅਨ ਪੰਜਾਬ ਨੇ ਕਿਹਾ ਕਿ ਆਮ ਆਦਮੀ ਪਾਰਟੀ ਕਿਸਾਨਾਂ ਨੂੰ ਕੋਈ ਵੀ ਮੱਦਦ ਨਹੀਂ ਦੇ ਰਹੀ, ਜਿਸ ਤੋਂ ਬਾਅਦ ਕਿਸਾਨ ਨਿਰਾਸ਼ਾ ਵਿਚ ਖੁਦਕੁਸ਼ੀ ਕਰਨ ਲਈ ਮਜ਼ਬੂਰ ਹੋ ਰਹੇ ਹਨ। ਉਨ੍ਹਾਂ ਕਿਹਾ ਕਿ 22 ਫਸਲਾਂ ’ਤੇ ਘੱਟੋ-ਘੱਟ ਸਮਰਥਨ ਮੁੱਲ ਦੇਣ ਦਾ ਵਾਅਦਾ ਪੂਰਾ ਨਹੀਂ ਕੀਤਾ ਗਿਆ। ਸਰਕਾਰੀ ਐਲਾਨਾਂ ਤੋਂ ਬਾਅਦ ਵੀ ਦਾਲਾਂ ਦੀ ਖਰੀਦ ਨਹੀਂ ਹੋਈ। ਪਿਛਲੇ ਸਾਲ ਭਿਆਨਕ ਹੜ੍ਹਾਂ ਦੌਰਾਨ ਹੋਏ ਭਾਰੀ ਫਸਲਾਂ ਦੇ ਨੁਕਸਾਨ ਦਾ ਮੁਆਵਜ਼ਾ ਨਹੀਂ ਦਿੱਤਾ ਗਿਆ ਹੈ। ਫਰੀਦਕੋਟ ਜ਼ਿਲ੍ਹੇ ਦੇ ਦੋ ਭਰਾਵਾਂ ਜਸਵਿੰਦਰ ਅਤੇ ਜਸਕਰਨ ਵੱਲੋਂ ਕਰਜ਼ੇ ਹੇਠ ਦੱਬੇ ਹੋਣ ਤੋਂ ਬਾਅਦ ਰੇਲ ਗੱਡੀ ਮੂਹਰੇ ਦਿੱਤੀ ਜਾਨ ਬਹੁਤ ਹੀ ਦੁੱਖਦਾਈ ਘਟਨਾ ਹੋਈ ਹੈ। ਅੱਜ ਸਾਡੀ ਕਿਸਾਨ ਜਥੇਬੰਦੀ ਭਗਵੰਤ ਮਾਨ ਸਰਕਾਰ ਤੋਂ ਜਵਾਬ ਮੰਗ ਰਹੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਹੁਣ ਸਮੂਹਿਕ ਖੁਦਕੁਸ਼ੀਆਂ ਵਾਲਾ ਸੂਬਾ ਬਣਨ ਲੱਗਿਆ ਹੈ। ਮੁੱਖ ਮੰਤਰੀ ਨੇ ਵਾਅਦਾ ਕਰਨ ਦੇ ਬਾਵਜੂਦ ਨਾ ਲੋਕਾਂ ਦੀ ਮੂੰਗੀ ਖਰੀਦੀ, ਨਾ ਮੱਕੀ ਅਤੇ ਨਾ ਹੀ ਆਲੂਆਂ ਸਮੇਤ ਸਬਜ਼ੀਆਂ ਨੂੰ ਖਰੀਦਿਆ ਜਾ ਰਿਹਾ ਹੈ। ਹੜ੍ਹਾਂ ਦੌਰਾਨ 4 ਲੱਖ ਏਕੜ ਫ਼ਸਲ ਦੇ ਮੁਆਵਜ਼ਾ ਦਾ ਕੋਈ ਪੈਸਾ ਸਰਕਾਰ ਨੇ ਨਹੀਂ ਦਿੱਤਾ ਹੈ। ਵੱਡੇ ਵੱਡੇ ਪੋਸਟਰ ਲਾਉਣ ਨਾਲ ਕਿਸਾਨ ਖੁਸ਼ਹਾਲ ਨਹੀਂ ਹੋ ਸਕਦੇ। ਰੋਟੀ ਆਖਣ ਨਹੀਂ ਢਿੱਡ ਨਹੀਂ ਭਰਦਾ, ਜਦੋਂ ਤੱਕ ਰੋਟੀ ਢਿੱਡ ਵਿਚ ਨਹੀਂ ਪੈਂਦੀ। ਅੱਜ ਸਾਰੇ ਹੀ ਵਾਅਦੇ ਤੇ ਦਾਅਵੇ ਝੂਠੇ ਹੀ ਦਿਸ ਰਹੇ ਹਨ, ਕਣਕ ਤੇ ਝੋਨੇ ਤੋਂ ਬਾਹਰ ਨਿਕਲਣ ਵਾਸਤੇ ਕਿਸਾਨਾਂ ਨੇ ਸਬਜ਼ੀਆਂ ਵਲ ਕਿੱਤੇ ਨੂੰ ਮੋੜਿਆ ਸੀ। ਜਿਸ ਨੇ ਇੱਕੋ ਹੀ ਝਟਕੇ ਵਿਚ ਕਿਸਾਨਾਂ ਨੂੰ ਰੋਲ ਕੇ ਰੱਖ ਦਿੱਤਾ ਹੈ। ਕਰਜ਼ੇ ਥੱਲੇ ਦੱਬੇ ਕਿਸਾਨਾਂ ਨੂੰ ਕੋਈ ਰਾਹਤ ਜ਼ਰੂਰ ਮਿਲਣੀ ਚਾਹੀਦੀ ਹੈ, ਜਿਸ ਨਾਲ ਕਿਸਾਨ ਆਪਣੇ ਬੱਚਿਆਂ ਦਾ ਪਾਲਣ ਪੋਸ਼ਣ ਕਰ ਸਕੇ ਅਤੇ ਖੁਦਕਸ਼ੀਆਂ ਵੱਲ ਆਪਣੇ ਹੱਥ ਨਾ ਵਧਾਵੇ।